ਵਿਸ਼ਵ ਰੰਗਮੰਚ ਦਿਵਸ ‘ਤੇ ਭਾਸ਼ਾ ਵਿਭਾਗ ਫ਼ਿਰੋਜ਼ਪੁਰ ਦੇ ਮੰਚ ਤੋਂ ਹੋਕਾ-ਤੂੰ ਜਗਾ ਦੇ ਮੋਮਬੱਤੀਆਂ…
ਵਿਸ਼ਵ ਰੰਗਮੰਚ ਦਿਵਸ ‘ਤੇ ਭਾਸ਼ਾ ਵਿਭਾਗ ਫ਼ਿਰੋਜ਼ਪੁਰ ਦੇ ਮੰਚ ਤੋਂ ਹੋਕਾ-ਤੂੰ ਜਗਾ ਦੇ ਮੋਮਬੱਤੀਆਂ…
ਹਰੀਸ਼ ਮੌਂਗਾ
ਫ਼ਿਰੋਜ਼ਪੁਰ, 27 ਮਾਰਚ, 2022:
ਰੰਗਮੰਚ ਹਮੇਸ਼ਾ ਤੋਂ ਹੀ ਰਾਜਸੀ ਚੇਤਨਾ ਅਤੇ ਸਮਾਜਿਕ ਦੁਸ਼ਵਾਰੀਆਂ ਵਿਰੁੱਧ ਚੇਤੰਨ ਕਰਨ ਦੀ ਜ਼ਿੰਮੇਵਾਰੀ ਨਿਭਾਉਂਦਾ ਰਿਹਾ ਹੈ. ਇਸੇ ਜ਼ਿੰਮਵਾਰੀ ਨੂੰ ਗੰਭੀਰਤਾ ਨਾਲ਼ ਲੈਂਦਿਆਂ ਭਾਸ਼ਾ ਵਿਭਾਗ ਫ਼ਿਰੋਜ਼ਪੁਰ ਵੱਲੋੰ ਦਾਸ ਐੰਡ ਬਰਾਊਨ ਵਰਲਡ ਸਕੂਲ ਅਤੇ ਮਯੰਕ ਫਾਊੰਡੇਸ਼ਨ ਦੇ ਸਹਿਯੋਗ ਨਾਲ਼ ਵਿਸ਼ਵ ਰੰਗਮੰਚ ਦਿਵਸ ‘ਤੇ ‘ਜੀਵਨ ਇੱਕ ਰੰਗਮੰਚ ਹੈ ‘ ਸੰਬੰਧੀ ਸਮਾਗਮ ਕਰਵਾਏ ਗਏ. ਪਹਿਲਾਂ ਸਮਾਗਮ ਦਾਸ ਐਂਡ ਬਰਾਊਨ ਵਰਲਡ ਸਕੂਲ ਫ਼ਿਰੋਜ਼ਪੁਰ ਵਿਖੇ ਹੋਇਆ ਜਿਸ ਵਿੱਚ ਡਾ. ਸੋਮਪਾਲ ਹੀਰਾ ਦਾ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਸਿਰਜਨਾ ਆਰਟ ਗਰੁੱਪ ਰਾਏਕੋਟ ਵੱਲੋੰ ਪੇਸ਼ ਕੀਤਾ ਗਿਆ.
ਇਹ ਨਾਟਕ ਮਾਤ-ਭਾਸ਼ਾ ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਸਾਡੀ ਬਣਦੀ ਭੂਮਿਕਾ ਨਿਭਾਉਣ ਲਈ ਮਨਾਂ ਨੂੰ ਝੰਜੋੜ ਗਿਆ ਅਤੇ ਇਸ ਮੌਕੇ ਤੇ ਰੂ ਬ ਰੂ ਦੌਰਾਨ ਨਾਟਕਕਾਰ ਡਾ. ਸੋਮਪਾਲ ਹੀਰਾ ਨੇ ਆਪਣੇ ਕਲਾ ਜਗਤ ਦੇ ਅਨੁਭਵ ਸਾਂਝੇ ਕੀਤੇ. ਦੂਜੇ ਸਮਾਗਮ ਵਿੱਚ ਸ਼ਾਮ ਨੂੰ ਮਿਊੰਸਪਲ ਪਾਰਕ ਫ਼ਿਰੋਜ਼ਪੁਰ ਵਿਖੇ ਇੱਕ ਨੁੱਕੜ ਨਾਟਕ ‘ਬੰਬੀਹਾ ਬੋਲੇ’ ਰੰਗ ਹਰਜਿੰਦਰ ਦੀ ਨਿਰਦੇਸ਼ਣਾ ਵਿੱਚ ਨਟਰਾਜ ਰੰਗਮੰਚ ਕੋਟਕਪੂਰਾ ਵੱਲੋਂ ਪੇਸ਼ ਕੀਤਾ ਗਿਆ ਜਿਸ ਵਿੱਚ ਨਸ਼ਿਆਂ ਅਤੇ ਲੱਚਰ ਗਾਇਕੀ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ.
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਐਡਵੋਕੇਟ ਸ਼੍ਰੀ ਰਜਨੀਸ਼ ਕੁਮਾਰ ਦਹੀਆ ਅਤੇ ਹਲਕਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵਿਸ਼ੇਸ਼ ਤੌਰ ‘ਤੇ ਪਹੁੰਚੇ. ਸ਼੍ਰੀ ਦਹੀਆ ਜੀ ਨੇ ਜਿੱਥੇ ਭਰੋਸੇ ਅਤੇ ਵਿਸ਼ਵਾਸ਼ ਦੀ ਤਾਕਤ ਨੂੰ ਦ੍ਰਿੜਾਇਆ ਓਥੇ ਰਣਬੀਰ ਭੁੱਲਰ ਜੀ ਨੇ ਸਮਾਗਮ ਤੋੰ ਬਾਅਦ ਭਾਵੁਕ ਹੁੰਦਿਆਂ ਕਿਹਾ ਕਿ ਮੈੰ ਅੱਜ ਤੋੰ ਬਾਅਦ ਸਮਾਗਮ ਵਿੱਚ ਤੋਹਫ਼ੇ ਵਜੋਂ ਕਿਤਾਬ ਭੇੰਟ ਕਰਿਆ ਕਰਾਂਗਾ ਅਤੇ ਭਾਸ਼ਾ ਵਿਭਾਗ ਪ੍ਰਤੀ ਪੰਜਾਬ ਸਰਕਾਰ ਆਪਣੀ ਬਣਦੀ ਜ਼ਿੰਮੇਵਾਰੀ ਜ਼ਰੂਰ ਨਿਭਾਏਗੀ. ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਨਿਰਮਲ ਜੌੜਾ ਨੇ ਸਮਾਗਮ ਦੀ ਪ੍ਰਸੰਗਿਕਤਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਜੀਵਨ ਦੀ ਹਰ ਘਟਨਾ ਰੰਗਮੰਚ ਹੈ ਜਿਸ ਤੋੰ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਸਾਨੂੰ ਹਮੇਸ਼ਾ ਹੌਂਸਲੇ ਨਾਲ਼ ਜਿਉਣਾ ਚਾਹੀਦਾ ਹੈ.
ਉਹਨਾਂ ਨੇ ਭਾਸ਼ਾ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਖੂਬਸੂਰਤ ਗੱਲ ਹੈ ਕਿ ਭਾਸ਼ਾ ਵਿਭਾਗ ਨੇ ਮਿਹਨਤੀ ਅਧਿਆਪਕਾਂ ਨੂੰ ਇੱਕ ਸੰਜੀਦਾ ਕਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ ਜਿਸ ਲਈ ਭਾਸ਼ਾ ਵਿਭਾਗ ਵਧਾਈ ਦਾ ਹੱਕਦਾਰ ਹੈ. ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਭਾਸ਼ਾ ਵਿਭਾਗ ਦੇ ਜ਼ਿੰਮੇ ਇੱਕ ਬਹੁਤ ਹੀ ਸੰਜੀਦਾ ਕਾਰਜ ਹੈ ਅਤੇ ਇਹ ਕਾਰਜ ਤਾਂ ਹੀ ਸਹੀ ਰੂਪ ਵਿੱਚ ਹੋ ਸਕਦੇ ਹਨ ਜੇ ਪੰਜਾਬ ਸਰਕਾਰ ਇਸ ਵਿਭਾਗ ਪ੍ਰਤੀ ਸੰਜੀਦਗੀ ਨਾਲ਼ ਸੋਚੇ. ਇਸ ਮੌਕੇ ‘ਤੇ ਕਲਾ ਜਗਤ ਦੀਆਂ ਉੱਘੀਆਂ ਹਸਤੀਆਂ ਡਾ. ਸੋਮਪਾਲ ਹੀਰਾ, ਸ਼੍ਰੀ ਚਮਨ ਅਰੋੜਾ ਅਤੇ ਡਾ. ਕੁਲਬੀਰ ਮਲਿਕ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ. ਇਸ ਮੌਕੇ ‘ਤੇ ਸ਼੍ਰੀ ਅਨਿਰੁੱਧ ਗੁਪਤਾ ਸੀ. ਈ. ਓ. ਡੀ. ਸੀ. ਐਮ. ਗਰੁੱਪ ਆਫ ਸਕੂਲਜ਼ ਨੇ ਭਾਸ਼ਾ ਵਿਭਾਗ ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਬਹੁਤ ਤਾਰੀਫ਼ ਕੀਤੀ | ਉਹਨਾਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ
ਭਾਸ਼ਾ ਵਿਭਾਗ ਪੰਜਾਬ,ਪਟਿਆਲਾ ਤੋੰ ਸਹਾਇਕ ਡਾਇਰੈਕਟਰ ਸ਼੍ਰੀਮਤੀ ਕੰਵਲਜੀਤ ਕੌਰ, ਪ੍ਰਿੰਸੀਪਲ ਡਾ. ਸੰਗੀਤਾ,ਦਾਸ ਐੰਡ ਬਰਾਉਨ ਵਰਲਡ ਸਕੂਲ ਦੇ ਪ੍ਰਿੰਸੀਪਲ ਪ੍ਰੀਤ ਕਿਰਨ, ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ , ਵਾਈਸ ਪ੍ਰਿੰਸੀਪਲ ਡਾਕਟਰ ਸੇਲਿਨ, ਵੀ.ਪੀ .ਅਨੂਪ ਸ਼ਰਮਾ ਅਤੇ ਹੋਰ ਸਟਾਫ ਮੈੰਬਰ ਵਿਸ਼ੇਸ਼ ਤੋਰ ‘ਤੇ ਹਾਜ਼ਰ ਸਨ.ਮਯੰਕ ਫਾਊੰਡੇਸ਼ਨ ਦੇ ਸੰਸਥਾਪਕ ਸ਼੍ਰੀ ਦੀਪਕ ਸ਼ਰਮਾ ਜੀ ਨੇ ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਅਤੇ ਦਾਸ ਐੰਡ ਬਰਾਉੂਨ ਵਰਲਡ ਸਕੂਲ ਦਾ ਵਿਸ਼ੇਸ਼ ਤੋਰ ‘ਤੇ ਧੰਨਵਾਦ ਕੀਤਾ.
ਸਮਾਗਮ ਦੇ ਪ੍ਰਬੰਧਕ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਵਿਸ਼ਵ ਰੰਗਮੰਚ ਦਿਵਸ ਦੇ ਇਤਿਹਾਸ ਬਾਰੇ ਅਤੇ ਭਾਸ਼ਾ ਵਿਭਾਗ ਦੀ ਭਾਸ਼ਾ ਪ੍ਰਤੀ ਸੰਵੇਦਨਾ ਬਾਰੇ ਸੰਖੇਪ ਰੂਪ ਵਿੱਚ ਜਾਣਕਾਰੀ ਦਿੱਤੀ. ਭਾਸ਼ਾ ਵਿਭਾਗ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵੀ ਦਰਸ਼ਕਾਂ ਲਈ ਲਾਹੇਵੰਦ ਰਹੀ.
ਖੋਜ ਅਫ਼ਸਰ ਦਲਜੀਤ ਸਿੰਘ ਅਤੇ ਜੂ.ਸਹਾ. ਸ. ਨਵਦੀਪ ਸਿੰਘ ਤੋੰ ਇਲਾਵਾ ਕਲਾ,ਸਾਹਿਤ ਅਤੇ ਸਿੱਖਿਆ ਵਿਭਾਗ ਤੋੰ ਸ਼੍ਰੀ ਹਰੀਸ਼ ਮੌੰਗਾ,ਸ਼੍ਰੀ ਹਰਮੀਤ ਵਿਦਿਆਰਥੀ, ਮਲਕੀਤ ਹਰਾਜ,ਗਾਮਾ ਸਿੱਧੂ,ਕੁਲਬੀਰ ਸਿੰਘ, ਅਨਿਲ ਆਦਮ,ਹੀਰਾ ਸਿੰਘ ਤੂਤ,ਅਵਤਾਰ ਪੁਰੀ,ਸੁਰਿੰਦਰ ਕੰਬੋਜ, ਮਹਿੰਦਰਪਾਲ ਸਿੰਘ,ਦੀਪ ਜ਼ੀਰਵੀ ,ਰਜਨੀ ਜੱਗਾ,ਪਲਵਿੰਦਰ ਕੌਰ, ਚਰਨਜੀਤ ਸਿੰਘ ਤੋੰ ਇਲਾਵਾ ਸ਼ਹਿਰ ਦੀ ਹੋਰ ਬਹੁਤ ਸਾਰੀਆਂ ਅਦਬੀ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ.