ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਅਤੇ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਅਤੇ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ
ਫਿਰੋਜ਼ਪੁਰ, 29.10.2021: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਸ਼ਹਿਰ ਪਿ੍ੰਸੀਪਲ ਡਾ: ਰਮਨੀਤਾ ਸ਼ਾਰਦਾ ਜੀ ਦੀ ਯੋਗ ਪ੍ਰਧਾਨਗੀ ਹੇਠ ਲਗਾਤਾਰ ਤਰੱਕੀ ਕਰ ਰਿਹਾ ਹੈ | ਵਿਜੀਲੈਂਸ ਬਿਊਰੋ ਪੰਜਾਬ ਵੱਲੋਂ 26 ਅਕਤੂਬਰ 2021 ਤੋਂ 1 ਨਵੰਬਰ 2021 ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਦੇਵ ਸਮਾਜ ਕਾਲਜ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਸ੍ਰੀ ਗੌਤਮ ਸਿੰਗਲ, ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਜ਼, ਸ਼੍ਰੀ ਵਿਨੋਦ ਕੁਮਾਰ ਡੀ.ਐਸ.ਪੀ ਵਿਜੀਲੈਂਸ ਅਫਸਰ, ਮੈਡਮ ਏਕਤਾ ਉੱਪਲ ਸੀ.ਜੀ.ਐਮ ਹਾਜ਼ਰ ਸਨ। ਮੁੱਖ ਮਹਿਮਾਨ ਸ੍ਰੀ ਗੌਤਮ ਸਿੰਗਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਗੁਰੂ ਕੀ ਬਾਣੀ ਨਾਲ ਕੀਤੀ ਅਤੇ ਇੱਕ ਪੇਸ਼ਕਾਰੀ ਰਾਹੀਂ ਵਿਦਿਆਰਥਣਾਂ ਨੂੰ ਇਸ ਮਿਸ਼ਨ ਬਾਰੇ ਜਾਗਰੂਕ ਕੀਤਾ। ਜਿਸ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਵਿਜੀਲੈਂਸ ਬਿਊਰੋ ਦੇ ਇਤਿਹਾਸ, ਇਸ ਦੀਆਂ ਸ਼ਕਤੀਆਂ, ਇਸ ਦੇ ਕੰਮ ਕੀ ਹਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸਰਕਾਰੀ ਕਰਮਚਾਰੀ ਕੰਮ ਕਰਨ ਦੇ ਬਦਲੇ ਉਸ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਨਾਲ ਦਿੱਤੇ ਟੋਲ ਫਰੀ ਨੰਬਰ ‘ਤੇ ਸੰਪਰਕ ਕਰਕੇ ਤੁਰੰਤ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਕਿਉਂਕਿ ਰਿਸ਼ਵਤ ਲੈਣਾ ਅਤੇ ਦੇਣਾ ਕਾਨੂੰਨੀ ਜੁਰਮ ਹੈ। ਸ਼ਿਕਾਇਤ ਦਰਜ ਹੋਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ।
ਇਸ ਦੌਰਾਨ ਆਡੀਟੋਰੀਅਮ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਸਹੁੰ ਚੁਕਾਈ ਗਈ। ਇਸ ਤਹਿਤ ਵਿਦਿਆਰਥਣਾਂ ਨਾਲ ਸਵਾਲ-ਜਵਾਬ ਦਾ ਸੈਸ਼ਨ ਵੀ ਕਰਵਾਇਆ ਗਿਆ, ਉਨ੍ਹਾਂ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਾਲਜ ਵਿੱਚ ਲਗਾਏ ਜਾਣ ਵਾਲੇ ਬੈਨਰ ਨੂੰ ਭੇਂਟ ਕੀਤਾ ਜਿਸ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਹਦਾਇਤ ਕੀਤੀ ਗਈ।
ਮੈਡਮ ਏਕਤਾ ਉੱਪਲ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਿਜੀਲੈਂਸ ਬਿਊਰੋ ਨੂੰ ਸਹਿਯੋਗ ਦਿੰਦੇ ਹੋਏ ਕਿਹਾ ਕਿ ਅੱਜ ਸੁਚੇਤ ਰਹਿਣ ਦਾ ਸਮਾਂ ਹੈ। ਡਾ: ਰਮਨੀਤਾ ਸ਼ਾਰਦਾ ਜੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਇੱਕ ਅਜਿਹਾ ਦੀਮਕ ਹੈ ਜਿਸ ਨੇ ਸਾਡੇ ਸਮਾਜ ਨੂੰ ਖੋਖਲਾ ਕਰ ਦਿੱਤਾ ਹੈ, ਪਰ ਨਾਲ ਹੀ ਉਨ੍ਹਾਂ ਆਸ ਪ੍ਰਗਟਾਈ ਕਿ ਕਦੇ ਅਜਿਹੀ ਸਵੇਰ ਆਵੇਗੀ ਜਦੋਂ ਭ੍ਰਿਸ਼ਟਾਚਾਰ ਦਾ ਨਾਸ਼ ਹੋ ਜਾਵੇਗਾ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਸ਼ਿਵ ਸੇਠੀ ਨੇ ਨਿਭਾਈ। ਇਸ ਪ੍ਰੋਗਰਾਮ ਵਿੱਚ ਪੁਲਿਸ ਮੁਲਾਜ਼ਮ, ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਸ਼੍ਰੀ ਨਿਰਮਲ ਸਿੰਘ ਢਿੱਲੋ, ਚੇਅਰਮੈਨ, ਨੇ ਸਮਾਗਮ ਦੇ ਸਫ਼ਲ ਸਮਾਪਨ ਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।