ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਵੱਲੋਂ ਇੱਕ ਅਹਿਮ ਕੇਸ ਤੇ ਫੈਂਸਲਾ
ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਵੱਲੋਂ ਇੱਕ ਅਹਿਮ ਕੇਸ ਤੇ ਫੈਂਸਲਾ
ਫਿਰੋਜ਼ਪੁਰ (20.09.2021) ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਸ਼੍ਰੀ ਕਿਸ਼ੋਰ ਕੁਮਾਰ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਦੀ ਅਦਾਲਤ ਵਿੱਚ ਇੱਕ ਬਹੁਤ ਹੀ ਸੰਜੀਦਾ ਕੇਸ ਸਾਹਮਣੇ ਆਇਆ ਜਿਸ ਵਿੱਚ ਪਿੰਡ ਪੀਰ ਮੁਹੰਮਦ ਥਾਣਾ ਮਖੂ ਵਿਖੇ ਰਹਿ ਰਹੇ ਇੱਕ ਗੁਰਦੇਵ ਸਿੰਘ ਨਾਂਅ ਦੇ ਘਰ ਉਸ ਵਕਤ ਸੋਗ ਦੀ ਲਹਿਰ ਫੈਲ ਗਈ ਜਿਸ ਵਕਤ ਉਸ ਦੇ ਆਪਣੇ ਬੇਟੇ ਗੁਰਚਰਨ ਸਿੰਘ ਉਰਫ ਚੰਨੀ ਨੇ ਆਪਣੇ ਸਕੇ ਪਿਤਾ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ।
ਜਿਕਰਯੋਗ ਹੈ ਕਿ ਗੁਰਚਰਨ ਸਿੰਘ ਚੰਨੀ ਜ਼ੋ ਕਿ ਰਿਟਾਇਰਡ ਫੌਜੀ ਹੈ ਅਤੇ ਹੁਣ ਆਪਣੇ ਘਰ ਪਿੰਡ ਪੀਰ ਮੁਹੰਮਦ ਵਿਖੇ ਰਹਿ ਰਿਹਾ ਹੈ । ਇਸ ਦੇ ਨਾਲ ਇਸ ਦੇ ਦੋ ਸਕੇ ਭਰਾ ਹਨ ਜਿਨ੍ਹਾਂ ਦੇ ਨਾਂਅ ਕ੍ਰਮਵਾਰ ਬਖਸ਼ੀਸ਼ ਸਿੰਘ ਅਤੇ ਸੁਰਮੇਲ ਸਿੰਘ ਹਨ । ਬਖਸ਼ੀਸ਼ ਸਿੰਘ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਇਲਾਵਾ ਗੁਰਚਰਨ ਸਿੰਘ ਨਸ਼ੇੜੀ ਹੈ ਅਤੇ ਆਪਣੇ ਮ੍ਰਿਤਕ ਭਰਾ ਦੀ ਪਤਨੀ ਲਖਵਿੰਦਰ ਕੌਰ ਵੀ ਉਸ ਦੇ ਨਾਲ ਰਹਿ ਰਹੀ ਹੈ । ਇਸ ਮਾਮਲੇ ਦੀ ਛਾਣਬੀਨ ਕਰਨ ਤੇ ਪਾਇਆ ਗਿਆ ਹੈ ਕਿ ਗੁਰਚਰਨ ਸਿੰਘ ਚੰਨੀ ਨਸ਼ੇੜੀ ਹੋਣ ਕਰਕੇ ਆਪਣੇ ਪਿਤਾ ਤੋਂ ਨਸ਼ੇ ਲਈ ਪੈਸੇ ਮੰਗਦਾ ਰਹਿੰਦਾ ਸੀ ਅਤੇ ਉਸ ਦਾ ਪਿਤਾ ਮ੍ਰਿਤਕ ਗੁਰਦੇਵ ਸਿੰਘ ਉਸ ਨੂੰ ਵਾਰ ਵਾਰ ਸਮਝਾਉਂਦਾ ਸੀ ਕਿ ਨਸ਼ੇ ਕਾਰਨ ਅਤੇ ਵੱਡੇ ਭਰਾ ਬਖਸ਼ੀਸ਼ ਸਿੰਘ ਦੀ ਪਤਨੀ ਉਸ ਦੇ ਨਾਲ ਰਹਿਣ ਕਾਰਨ ਉਨ੍ਹਾਂ ਦੇ ਪਰਿਵਾਰ ਦੀ ਪਿੰਡ ਵਿੱਚ ਬਹੁਤ ਬੇਇਜ਼ਤੀ ਹੋ ਰਹੀ ਹੈ ।
ਇਸ ਤੋਂ ਖਫਾ ਹੋ ਕੇ ਇੱਕ ਦਿਨ ਜਦ ਦੋਸ਼ੀ ਨੇ ਆਪਣੇ ਪਿਤਾ ਗੁਰਦੇਵ ਸਿੰਘ ਤੋਂ ਨਸ਼ੇ ਕਰਨ ਲਈ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਦੇ ਇਨਕਾਰ ਕਰਨ ਤੇ ਦੋਸ਼ੀ ਗੁਰਚਰਨ ਸਿੰਘ ਚੰਨੀ ਨੇ ਆਪਣੇ ਪਿਤਾ ਨੂੰ ਕੁਹਾੜੀ ਮਾਰ ਮਾਰ ਕੇ ਵੱਢ ਦਿੱਤਾ ।
ਇਸ ਤੋਂ ਬਾਅਦ ਦੋਸ਼ੀ ਦੇ ਭਰਾ ਸੁਰਮੇਲ ਸਿੰਘ ਅਤੇ ਉਸ ਦੀ ਮਾਤਾ ਛਿੰਦਰ ਕੌਰ ਨੇ ਗੁਰਚਰਨ ਸਿੰਘ ਚੰੰਨੀ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ ਅਤੇ ਹੁਣ ਮਿਤੀ 10.08.2021 ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਕਿਸ਼ੋਰ ਕੁਮਾਰ ਨੇ ਇਸ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ।