Ferozepur News
ਟਾਪੂਨੁਮਾ ਸਰਹੱਦੀ ਪਿੰਡ ਕਾਲੂਵਾਲਾ ਵਿੱਚ ਖੁੱਲ੍ਹਿਆ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ
ਆਜ਼ਾਦੀ ਦੇ 73 ਸਾਲ ਬਾਅਦ ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰਨ ਤੋਂ ਮਿਲੀ ਰਾਹਤ
ਟਾਪੂਨੁਮਾ ਸਰਹੱਦੀ ਪਿੰਡ ਕਾਲੂਵਾਲਾ ਵਿੱਚ ਖੁੱਲ੍ਹਿਆ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ।
ਆਜ਼ਾਦੀ ਦੇ 73 ਸਾਲ ਬਾਅਦ ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰਨ ਤੋਂ ਮਿਲੀ ਰਾਹਤ ।
ਫਿਰੋਜ਼ਪੁਰ( ) ਹਿੰਦ ਪਾਕਿ ਸਰਹੱਦ ਉਪਰ ਜ਼ੀਰੋ ਲਾਈਨ ਤੇ ਨਜ਼ਦੀਕ ਸਥਿਤ ਟਾਪੂਨੁਮਾ ਪਿੰਡ ਕਾਲੂ ਵਾਲਾ ਜੋ ਕਿ ਤਿੰਨ ਪਾਸੇ ਤੋਂ ਸਤਲੁਜ ਦਰਿਆ ਦੇ ਤੇਜ਼ ਵਗਦੇ ਪਾਣੀ ਨਾਲ ਘਿਰਿਆ ਹੈ ਅਤੇ ਚੌਥੇ ਪਾਸੇ ਅੰਤਰਰਾਸ਼ਟਰੀ ਸਰਹੱਦ ਹੈ ,ਆਪਣੀ ਵਿਲੱਖਣ ਭੁਗੋਲਿਕ ਸਥਿਤੀ ਲਈ ਪ੍ਰਸਿੱਧ ਇਸ ਪਿੰਡ ਨੂੰ, ਉਸ ਸਮੇ ਬਹੁਤ ਵੱਡੀ ਸੋਗਾਤ ਮਿਲੀ, ਜਦੋ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਆਈ. ਏ. ਐਸ. ਦੀ ਪਹਿਲਕਦਮੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਦਿਲ ਖਿੱਚਵੀਂ ਇਮਾਰਤ ਦਾ ਨਿਰਮਾਣ ਕਰਕੇ ਪ੍ਰੀ ਪ੍ਰਾਇਮਰੀ ਤੋਂ 5ਵੀਂ ਜਮਾਤ ਤੱਕ ਦੀਆਂ ਜਮਾਤਾਂ ਸ਼ੁਰੂ ਕਰ ਦਿੱਤੀਆਂ।
02 ਅਧਿਆਪਕਾਂ ਦੀ ਨਿਯੁਕਤੀ ਵੀ ਇਸ ਸਕੂਲ ਵਿੱਚ ਕਰ ਦਿੱਤੀ ਗਈ ਅਤੇ 30 ਤੋਂ ਵੱਧ ਬੱਚੇ ਵੀ ਇਸ ਸਕੂਲ ਵਿੱਚ ਆਉਣ ਲੱਗੇ ਹਨ ।
ਬੇਹੱਦ ਮੁਸ਼ਕਲ ਹਾਲਾਤਾਂ ਵਿਚ ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਨਜ਼ਦੀਕ ਲੱਗਦੇ ਪਿੰਡਾਂ ਵਿਚ ਸਕੂਲ ਪਹੁੰਚਦੇ, ਇਨ੍ਹਾਂ ਬੱਚਿਆਂ ਲਈ ਪਿੰਡ ਵਿਚ ਸਕੂਲ ਖੁੱਲ੍ਹਣਾ ਜਿੱਥੇ ਇੱਕ ਬਹੁਤ ਵੱਡੀ ਰਾਹਤ ਬਣਿਆ ਹੈ ,ਉੱਥੇ ਸੁਪਨਾ ਪੂਰਾ ਹੋਣ ਬਰਾਬਰ ਹੈ । ਦਸੰਬਰ 2019 ਵਿੱਚ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਸਰਹੱਦੀ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਅਚਨਚੇਤ ਨਿਰੀਖਣ ਲਈ ਪਹੁੰਚੇ ਤਾਂ ਸਕੂਲ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਨੇ ਇਨ੍ਹਾਂ ਬੱਚਿਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਸੀ । ਉਸ ਸਮੇਂ ਬੱਚਿਆਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਉਪਰੰਤ ਭਾਵੁਕ ਹੋਏ ਸਕੱਤਰ ਸਾਹਿਬ ਖ਼ੁਦ ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਕਾਲੂਵਾਲਾ ਪਹੁੰਚੇ ਸਨ। ਜਿਸ ਦੇ ਕੁੱਝ ਦਿਨ ਬਾਅਦ ਹੀ 15 ਲੱਖ ਰੁਪਏ ਦੀ ਗਰਾਂਟ ਗੱਟੀ ਰਾਜੋ ਕੇ ਸਕੂਲ ਨੂੰ ਜਾਰੀ ਕਰਕੇ ਕਾਲੂਵਾਲਾ ਵਿਖੇ ਸਕੂਲ ਬਣਾਉਣ ਦੇ ਨਿਰਦੇਸ਼ ਪ੍ਰਿੰਸੀਪਲ ਨੂੰ ਦਿੱਤੇ।
ਡਾ ਸਤਿੰਦਰ ਸਿੰਘ ਵੱਲੋਂ ਸਕੂਲ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਮੁਸ਼ਕਿਲ ਹਾਲਾਤਾਂ ਵਿੱਚ ਵੀ ਸਿਰਫ਼ 15 ਲੱਖ ਰੁਪਏ ਦੀ ਗਰਾਂਟ ਨਾਲ ਸਕੂਲ ਦੇ ਵਿੱਚ 02ਜਮਾਤਾਂ ਦੇ ਕਮਰੇ , 01 ਦਫ਼ਤਰ , 02ਬਾਥਰੂਮ, ਅਤਿ ਅਧੁਨਿਕ ਰੰਗਦਾਰ ਫਰਨੀਚਰ,ਪੀਣ ਵਾਲੇ ਪਾਣੀ ਦਾ ਪ੍ਰਬੰਧ ,ਚਾਰਦੀਵਾਰੀ ਅਤੇ ਸੁਚੱਜੇ ਬਾਲਾ ਵਰਕ ਰਾਹੀ ਸਕੂਲ ਨੂੰ ਦਿਲ ਖਿਚਵੀ ਦਿੱਖ ਪ੍ਰਦਾਨ ਕੀਤੀ । ਜਿਸ ਨੂੰ ਦੇਖਣ ਉਪਰੰਤ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਨੇ ਮੂਸ਼ਕਲ ਹਲਾਤਾਂ ਵਿੱਚ ਘੱਟ ਖਰਚ ਵਿੱਚ ਕੀਤੇ ਵਿਲੱਖਣ ਕੰਮ ਦੀ ਭਰਪੂਰ ਪ੍ਰਸੰਸਾ ਕੀਤੀ ।
ਇਸ ਸਕੂਲ ਨਿਰਮਾਣ ਵਿੱਚ ਗੱਟੀ ਰਾਜੋ ਕੇ ਸਕੂਲ ਦੇ ਕੰਪਿਊਟਰ ਅਧਿਆਪਕ ਪ੍ਰਿਤਪਾਲ ਸਿੰਘ, ਪਰਮਿੰਦਰ ਸਿੰਘ ਸੋਢੀ ,ਸੰਦੀਪ ਕੁਮਾਰ ਅਤੇ ਰਜੇਸ਼ ਕੁਮਾਰ ਨੇ ਸ਼ਲਾਘਾਯੋਗ ਭੁਮਿਕਾ ਨਿਭਾਈ ।
ਪਿੰਡ ਦੇ ਨੰਬਰਦਾਰ ਮੰਗਲ ਸਿੰਘ , ਜਗਦੀਸ਼ ਕੁਮਾਰ ਅਤੇ ਮਲਕੀਤ ਸਿੰਘ ਨੇ ਪਿੰਡ ਵਿਚ ਸਕੂਲ ਖੁੱਲ੍ਹਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਭਾਵਕ ਹੁੰਦਿਆਂ ਕਿਹਾ ਕਿ ਸਾਡੇ ਬੱਚੇ ਹੁਣ ਬੇੜੀ ਰਾਹੀ ਸਕੂਲ ਜਾਨ ਦੀ ਥਾ ਪਿੰਡ ਵਿੱਚ ਹੀ ਪੜ੍ਹਨਗੇ , ਜੋ ਕਿ ਮਾਪਿਆਂ ਲਈ ਵੀ ਬਹੁਤ ਵੱਡੀ ਰਾਹਤ ਹੋਵੇਗੀ ।
ਕੁਝ ਦਿਨ ਪਹਿਲਾਂ ਸਕੂਲ ਵਿਚ ਕਲਾਸਾਂ ਸ਼ੁਰੂ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱਖਿਆ )ਸ੍ਰੀ ਰਾਜੀਵ ਛਾਬੜਾ ,ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ,ਅਸ਼ੋਕ ਬਹਿਲ ਸਕੱਤਰ ਰੈਡ ਕਰਾਸ,ਡਾ. ਸਤਿੰਦਰ ਸਿੰਘ ਪ੍ਰਿੰਸੀਪਲ ,ਰਨਜੀਤ ਸਿੰਘ ਬੀ. ਪੀ. ਈ. ਓ.,ਪਾਰਸ ਕੁਮਾਰ ਜਿਲ੍ਹਾ ਮੈਟਰ, ਗਨੇਸ਼ ਕੁਮਾਰ ਮੁੱਖ ਅਧਿਆਪਕ ,ਗੁਰਜਿੰਦਰ ਸਿੰਘ , ਵਿਸ਼ੇਸ਼ ਤੋਰ ਤੇ ਪਹੁੰਚੇ ਸਨ ।