ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਹਰਮੀਤ ਵਿਦਿਆਰਥੀ ਦੇ ਕਾਵਿ-ਸੰਗ੍ਰਿਹ ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ’ ਉੱਤੇ ਗੋਸ਼ਟੀ ਪ੍ਰੋਗਰਾਮ ਦਾ ਆਯੋਜਨ
ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਹਰਮੀਤ ਵਿਦਿਆਰਥੀ ਦੇ ਕਾਵਿ-ਸੰਗ੍ਰਿਹ ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ’ ਉੱਤੇ ਗੋਸ਼ਟੀ ਪ੍ਰੋਗਰਾਮ ਦਾ ਆਯੋਜਨ
ਫਿਰੋਜ਼ਪੁਰ 19 ਜੁਲਾਈ ( ਹਰੀਸ਼ ਮੋਂਗਾ ) ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਦੀ ਅਗਵਾਈ ਵਿੱਚ ਸ਼੍ਰੀ ਹਰਮੀਤ ਵਿਦਿਆਰਥੀ ਦੇ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਿਹ ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ’ ਉੱਤੇ ਗੋਸ਼ਟੀ ਡੀ.ਡੀ.ਬੀ.ਡੀ.ਏ.ਵੀ. ਸੈਨਟਰੀ ਪਬਲਿਕ ਸਕੂਲ, ਫ਼ਿਰੋਜ਼ਪੁਰ ਛਾਉਣੀ ਵਿਖੇ ਕਰਵਾਈ ਗਈ।
ਸਮਾਗਮ ਦੀ ਸੁਰੂਆਤ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਹੋਈ। ਇਸ ਤੋਂ ਬਾਅਦ ਜ਼ਿਲ੍ਹਾ ਭਾਸ਼ਾ ਅਫਸਰ ਫ਼ਿਰੋਜਪੁਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਨੂੰ ‘ਜੀ ਆਇਆਂ’ ਆਖਦਿਆਂ ਹੋਇਆਂ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਦਾ ਇਹ ਵੀ ਇੱਕ ਸਰੋਕਾਰ ਹੈ ਕਿ ਸਾਹਿਤਕਾਰਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਵਿਚਾਰ ਚਰਚਾ ਅਤੇ ਸਮਾਗਮ ਕਰਵਾਏ ਜਾਣ। ਇਸੇ ਉਦੇਸ਼ ਤਹਿਤ ਅੱਜ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਸ਼ਾਇਰ ਅਨਿਲ ਆਦਮ ਨੇ ਆਏ ਹੋਏ ਮਹਿਮਾਨਾਂ ਦੀ ਜਾਣ-ਪਛਾਣ ਕਰਵਾਉਂਦਿਆ ਸ਼੍ਰੀ ਹਰਮੀਤ ਵਿਦਿਆਰਥੀ ਦੇ ਵਿਅਕਤੀਤਵ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਬੁਲਾਰੇ ਦੇ ਤੌਰ `ਤੇ ਸ਼ਾਮਿਲ ਹੋਏ ਸੁਖਜਿੰਦਰ ਨੇ ਆਪਣੇ ਖੋਜ-ਪੱਤਰ ਵਿੱਚ ਸ਼੍ਰੀ ਹਰਮੀਤ ਵਿਦਿਆਰਥੀ ਦੇ ਸਮੁੱਚੇ ਕਾਵਿ-ਜਗਤ ਨੂੰ ਇਤਿਹਾਸਕ ਪਰਿਪੇਖ ਵਿੱਚ ਸਮਝਦਿਆਂ ਹੋਇਆਂ ਇੱਕ ਸੂਤਰ-ਬੱਧ ਰੂਪ ਵਿੱਚ ਉਸਦੇ ਵੱਖ-ਵੱਖ ਕਾਵਿ-ਸੰਗ੍ਰਿਹਾਂ ਦੇ ਮਹੱਤਵਪੂਰਨ ਪੱਖਾਂ ਅਤੇ ਸਮਾਜਿਕ ਵਰਤਾਰੇ ਦੇ ਉਸ ਉੱਤੇ ਪਏ ਅਸਰ ਨੂੰ ਬਹੁਤ ਹੀ ਬਾਰੀਕੀ ਨਾਲ ਬਿਆਨ ਕੀਤਾ। ਦੂਸਰੇ ਬੁਲਾਰੇ ਸ਼੍ਰੀ ਮਨਜੀਤ ਪੁਰੀ, ਜ਼ਿਲ੍ਹਾ ਭਾਸ਼ਾ ਅਫਸਰ, ਫ਼ਰੀਦਕੋਟ ਨੇ ਆਪਣੇ ਖੋਜ-ਪੱਤਰ ਵਿੱਚ ਸ਼੍ਰੀ ਹਰਮੀਤ ਵਿਦਿਆਰਥੀ ਦੇ ਇਸ ਕਾਵਿ-ਸੰਗ੍ਰਿਹ ਦੀਆਂ ਸਮੁੱਚੀਆਂ ਕਵਿਤਾਵਾਂ ਦੇ ਵੱਖ-ਵੱਖ ਪਛਾਣ ਚਿੰਨਾਂ ਨੂੰ ਤਲਾਸ਼ਦਿਆਂ ਇਹ ਕਿਹਾ ਕਿ ਹਰਮੀਤ ਵਿਦਿਆਰਥੀ ਦੀ ਬਹੁਤੀ ਕਵਿਤਾ ਸੰਵਾਦ ਦੀ ਪ੍ਰਕਿਰਤੀ ਵਾਲੀ ਹੈ ਜਿਸ ਵਿੱਚ ਉਹ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਬਾਬਾ ਫ਼ਰੀਦ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਪਾਸ਼ ਆਦਿ ਨਾਲ ਸੰਵਾਦ ਰਚਾਉਂਦਾ ਹੋਇਆ ਚਿੰਤਾਂ ਵੀ ਪ੍ਰਗਟ ਕਰਦਾ ਹੈ ਅਤੇ ਆਸ ਦਾ ਪੱਲਾ ਵੀ ਨਹੀਂ ਛੱਡਦਾ।
ਸ਼ਾਇਰ ਮੁਸੱਫਰ ਫ਼ਿਰੋਜ਼ਪੁਰੀ ਨੇ ਹਰਮੀਤ ਵਿਦਿਆਰਥੀ ਦੇ ਜੀਵਨ ਅਤੇ ਰਚਨਾ ਬਾਰੇ ਸੰਖੇਪ ਗੱਲਬਾਤ ਕੀਤੀ। ਪ੍ਰੋ: ਗੁਰਤੇਜ ਕੋਹਰਵਾਲਾ ਅਤੇ ਪ੍ਰੋ. ਜਸਪਾਲ ਘਈ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਦੋਵੇਂ ਬੁਲਾਰਿਆਂ ਨੇ ਬਹੁਤ ਹੀ ਮਿਹਨਤ ਨਾਲ ਆਪਣੇ ਖੋਜ-ਪੱਤਰ ਪੇਸ਼ ਕੀਤੇ, ਜਿੱਥੇ ਇਹ ਦੋਵੇਂ ਖੋਜ-ਪੱਤਰ ਅਲੱਗ-ਅਲੱਗ ਦ੍ਰਿਸ਼ਟੀਕੋਣਾਂ ਤੋਂ ਸ਼੍ਰੀ ਹਰਮੀਤ ਵਿਦਿਆਰਥੀ ਦੇ ਕਾਵਿ-ਜਗਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਉਥੇ ਹੀ ਇਹ ਦੋਵੇਂ ਖੋਜ-ਪੱਤਰ ਆਪਸ ਵਿੱਚ ਇਕ ਦੂਜੇ ਨਾਲ ਅੰਤਰ-ਸਬੰਧਤ ਵੀ ਹਨ।
ਮੁੱਖ ਮਹਿਮਾਨ ਵਜੋਂ ਪਹੁੰਚੇ ਪੰਡਿਤ ਸਤੀਸ਼ ਕੁਮਾਰ ਨੇ ਕਿਹਾ ਕਿ ਮੇਰੇ ਲਈ ਇਹ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਮੈਨੂੰ ਅਜਿਹੇ ਸਾਹਿਤਕਾਰਾਂ ਵਿੱਚ ਬੈਠ ਕੇ ਰੂਹ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਸੁਣਨ ਨੂੰ ਮਿਲੀਆਂ। ਸਮਾਗਮ ਦੇ ਅੰਤ ਦੇ ਡੀ.ਡੀ.ਬੀ.ਡੀ.ਏ.ਵੀ. ਸੈਨਟਰੀ ਪਬਲਿਕ ਸਕੂਲ, ਫ਼ਿਰੋਜਪੁਰ ਛਾਉਣੀ ਦੇ ਪ੍ਰਿੰਸੀਪਲ ਸ਼੍ਰੀਮਤੀ ਨਿਸ਼ਾ ਦਿਓੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਅਨੁਭਵ ਸੀ ਕਿ ਮੈਂ ਕਿਸੇ ਸਾਹਿਤਕ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਰਹੀ ਹਾਂ ਅਤੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਇਸ ਸਕੂਲ ਨੂੰ ਅਜਿਹੇ ਸਮਾਗਮ ਕਰਵਾਉਣ ਦਾ ਮੌਕਾ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜਪੁਰ ਵੱਲੋਂ ਦਿੱਤਾ ਗਿਆ ਹੈ। ਮੰਚ ਸੰਚਾਲਨ ਸ਼ਾਇਰ ਅਨਿਲ ਆਦਮ ਵੱਲੋਂ ਸਾਹਿਤਕ ਅੰਦਾਜ਼ ਵਿੱਚ ਬਾਖੂਬੀ ਕੀਤਾ ਗਿਆ। ਇਸ ਮੌਕੇ `ਤੇ ਪ੍ਰੋ. ਕੁਲਦੀਪ ਸਿੰਘ, ਸ਼੍ਰੀ ਬਲਵਿੰਦਰ ਪਨੇਸਰ, ਡਾ. ਰਾਮਵੇਸ਼ਵਰ ਸਿੰਘ ਕਟਾਰਾ, ਪ੍ਰੋ. ਆਜ਼ਾਦਵਿੰਦਰ ਸਿੰਘ, ਸ਼੍ਰੀ ਰਾਜੀਵ ਖਿਆਲ, ਸ਼੍ਰੀ ਸੁਰਿੰਦਰ ਕੰਬੋਜ਼, ਸ਼੍ਰੀ ਕਮਲ ਸ਼ਰਮਾ, ਸ਼੍ਰੀ ਈਸ਼ਵਰਦਾਸ, ਸ. ਰਵੀਇੰਦਰ ਸਿੰਘ, ਸ. ਸੁਖਦੇਵ ਭੱਟੀ, ਸ਼੍ਰੀ ਉਮ ਪ੍ਰਕਾਸ਼ ਜੀ, ਸ. ਸੁਖਵਿੰਦਰ ਸਿੰਘ ਭੁੱਲਰ, ਜੇ.ਪੀ ਸਿੰਘ ਪਨੇਸਰ ਅਤੇ ‘ਸਾਡੀ ਧਰਤੀ ਸਾਡੇ ਲੋਕ’. ਚੈਨਲ ਤੋ ਸ. ਹਰਨੇਕ ਸਿੰਘ ਭੁੱਲਰ ਵਿਸ਼ੇਸ ਤੌਰ `ਤੇ ਹਾਜ਼ਰ ਸਨ।