ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਵੱਲੋਂ ਅੱਜ ਰੇਲ ਰੋਕੋ ਅੰਦੋਲਨ ਸ਼ੁਰੂ ਕਰਦਿਆਂ ਬਸਤੀ ਟੈਂਕਾਂ ਵਾਲੀ ਜੈਕਸ਼ਨ ਫ਼ਿਰੋਜ਼ਪੁਰ ਵਿਖੇ ਮੁਕੰਮਲ ਆਵਾਜਾਈ ਠੱਪ
ਤਿੰਨੇ ਖੇਤੀ ਆਰਡੀਨੈਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ
ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਵੱਲੋਂ ਅੱਜ ਰੇਲ ਰੋਕੋ ਅੰਦੋਲਨ ਸ਼ੁਰੂ ਕਰਦਿਆਂ ਬਸਤੀ ਟੈਂਕਾਂ ਵਾਲੀ ਜੈਕਸ਼ਨ ਫ਼ਿਰੋਜ਼ਪੁਰ ਵਿਖੇ ਮੁਕੰਮਲ ਆਵਾਜਾਈ ਠੱਪ ਕਰ ਦਿੱਤੀ ਤੇ ਰੇਲਵੇ ਟਰੈਕ ਉਤੇ ਟੈਂਟ ਲਗਾ ਕੇ ਡੇਰੇ ਲਾ ਦਿੱਤੇ ਤੇ ਪਾਰਲੀਮੈਂਟ ਵਿੱਚ ਪਾਸ ਕੀਤੇ ਤਿੰਨੇ ਖੇਤੀ ਆਰਡੀਨੈਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।
Ferozepur, 24.9.2020: ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਜਗਤ ਅੱਗੇ ਗੋਡੇ ਟੇਕ ਕੇ ਕਿਸਾਨੀ ਕਿੱਤਾ ਤੇ ਖੁਰਾਕੀ ਵਸਤਾਂ ਉੱਤੇ ਕਾਰਪੋਰੇਟ ਕੰਪਨੀਆਂ ਦਾ ਕੰਟਰੋਲ ਕਰਵਾਉਣ ਤੇ ਸੰਵਿਧਾਨਕ ਸ਼ਕਤੀਆਂ ਦਾ ਗਲਾ ਘੁੱਟ ਕੇ ਸੰਘੀ ਢਾਂਚੇ ਨੂੰ ਤੋੜ ਕੇ ਕੇਂਦਰੀਕਰਨ ਕਰਨ ਲਈ ਸਾਰੇ ਕਾਨੂੰਨ ਛਿੱਕੇ ਟੰਗ ਕੇ ਪਾਰਲੀਮੈਂਟ ਵਿੱਚ ਪਾਸ ਕਰਵਾਏ ਤਿੰਨੇ ਖੇਤੀ ਆਰਡੀਨੈਂਸਾਂ ਦਾ ਭਾਰੀ ਵਿਰੋਧ ਪੰਜਾਬ ਤੇ ਦੇਸ਼ ਭਰ ਵਿੱਚ ਸੜਕਾਂ ਤੋਂ ਲੈ ਕੇ ਸੰਸਦ ਤੱਕ ਹੋ ਰਿਹਾ ਹੈ। ਇਸ ਦੇ ਵਿਰੋਧ ਵਿੱਚ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ,ਬੀਬੀਆਂ ਵੱਲੋਂ ਅੱਜ ਤਿੰਨ ਦਿਨਾਂ ਰੇਲ ਰੋਕੋ ਅੰਦੋਲਨ ਸ਼ੁਰੂ ਕਰਦਿਆਂ ਬਸਤੀ ਟੈਂਕਾਂ ਵਾਲੀ ਫ਼ਿਰੋਜ਼ਪੁਰ ਵਿਖੇ ਰੇਲਵੇ ਟਰੈਕ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਤੇ ਟੈਂਟ ਲਗਾ ਕੇ ਰੇਲਵੇ ਰੇਲ ਉੱਤੇ ਪੱਕੇ ਡੇਰੇ ਲਗਾ ਦਿੱਤੇ। ਇਸ ਰੇਲ ਰੋਕੋ ਅੰਦੋਲਨ ਨੂੰ ਪੰਜਾਬ ਦੇ ਸਾਰੇ ਵਰਗਾਂ ਜਿਵੇਂ ਕਿਸਾਨਾਂ, ਮਜ਼ਦੂਰਾਂ, ਗੌਰਮਿੰਟ ਟੀਚਰ ਯੂਨੀਅਨ, ਖੇਤੀਬਾੜੀ ਮੁਲਾਜ਼ਮ ਯੂਨੀਅਨ, ਜਨਤਕ ਜਥੇਬੰਦੀਆਂ, ਦੋਧੀ ਯੂਨੀਅਨ, ਟੈਕਸੀ ਯੂਨੀਅਨ, ਆੜ੍ਹਤੀ ਐਸੋਸੀਏਸ਼ਨਾਂ, ਮੁਨੀਮ ਤੇ ਪੱਲੇਦਾਰਾਂ ਯੂਨੀਅਨ ਦਾ ਭਰਪੂਰ ਸਮਰਥਨ ਤੇ ਸਹਿਯੋਗ ਮਿਲ ਰਿਹਾ ਹੈ। ਆਪ ਮੁਹਾਰੇ ਲੋਕ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਮੇਹਰ ਸਿੰਘ ਤਲਵੰਡੀ, ਰਣਬੀਰ ਸਿੰਘ ਠੱਠਾ, ਗੁਰਸਾਹਿਬ ਸਿੰਘ ਪਹੂਵਿੰਡ ਤੇ ਹਰਬੰਸ ਸਿੰਘ ਮੋਗਾ ਨੇ ਕਿਹਾ ਕਿ ਉਕਤ ਆਰਡੀਨੈਂਸਾਂ ਖਿਲਾਫ ਪੰਜਾਬ ਤੇ ਹਰਿਆਣਾ ਤੋਂ ਸ਼ੁਰੂ ਹੋ ਕੇ ਅੰਦੋਲਨ ਪੂਰੇ ਭਾਰਤ ਵਿੱਚ ਫੈਲ ਚੁੱਕਾ ਹੈ ਤੇ ਮੋਦੀ ਸਰਕਾਰ ਪੂਰੀ ਤਰ੍ਹਾਂ ਇਸ ਅੰਦੋਲਨ ਤੋਂ ਘਬਰਾਈ ਤੇ ਡਰੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੇ ਛੇ-ਛੇ ਮੰਤਰੀਆਂ ਨੂੰ ਹਰ ਰੋਜ਼ ਪ੍ਰੈੱਸ ਕਾਨਫ਼ਰੰਸਾਂ ਕਰਕੇ ਸਫ਼ਾਈ ਦੇਣੀ ਪੈ ਰਹੀ ਹੈ। ਇਸ ਤੋਂ ਸਾਫ ਹੈ ਕਿ ਕੇਂਦਰ ਦੀ ਸਰਕਾਰ ਬਹੁਤਾ ਸਮਾਂ ਲੋਕ ਵਿਦਰੋਹ ਅੱਗੇ ਟਿਕ ਨਹੀਂ ਸਕੇਗੀ। ਕਿਸਾਨ ਆਗੂਆਂ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਮੌਤ ਦੇ ਵਾਰੰਟ ਦੱਸਿਆ ਤੇ 80 ਕਰੋੜ ਦੇਸ਼ ਦੇ ਗਰੀਬ ਲੋਕਾਂ ਨੂੰ ਮਿਲੀ ਹੋਈ ਅੰਨ ਸੁਰੱਖਿਆ ਦਾ ਖਾਤਮਾ ਹੋਣ ਬਾਰੇ ਕਿਹਾ ਕਿ ਦੇਸ਼ ਦੇ ਸੰਘੀ ਢਾਂਚੇ ਨੂੰ ਖਤਮ ਕਰਕੇ ਰਾਜਾਂ ਨੂੰ ਨਗਰ ਕੌਂਸਲਾਂ ਬਣਾਉਣ ਦਾ ਮਨਸ਼ਾ ਕੇਂਦਰ ਸਰਕਾਰ ਵੱਲੋਂ ਸਾਫ ਤੌਰ ਤੇ ਦਿਸ ਰਿਹਾ ਹੈ।ਅੰਬਾਲੇ ਵਿੱਚ ਭਾਜਪਾ ਦੀ ਸਰਕਾਰ ਵੱਲੋਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਦੀ ਜਥੇਬੰਦੀ ਵੱਲੋਂ ਸਖਤ ਨਿਖੇਧੀ ਕੀਤੀ ਜਾਂਦੀ ਹੈ, ਭਾਜਪਾ ਦੇ ਸੰਸਦ ਮੈਂਬਰਾਂ ਤੇ ਆਗੂਆਂ ਨੂੰ ਆਰਡੀਨੈਂਸਾਂ ਦੇ ਹੱਕ ਵਿਚ ਵੋਟ ਪਾਉਣ ਲਈ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਤੇ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਲਈ ਕਿਸਾਨ ਆਗੂਆਂ ਨੇ ਪੰਜਾਬ ਦੇ ਸਾਰੇ ਵਰਗਾਂ ਨੂੰ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਉਕਤ ਤਿੰਨੇ ਖੇਤੀ ਆਰਡੀਨੈਂਸ ਵਾਪਿਸ ਲਏ ਜਾਣ, ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ, ਕਿਸਾਨ ਆਗੂਆਂ ਨੇ ਕਣਕ ਦੇ ਭਾਅ ਵਿੱਚ ਕੀਤੇ 50 ਰੁਪਏ ਕੁਇੰਟਲ ਦੇ ਮਾਮੂਲੀ ਵਾਧੇ ਨੂੰ ਰੱਦ ਕਰਦਿਆਂ ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ 2ਸੀ ਧਾਰਾ ਅਨੁਸਾਰ ਲਾਗਤ ਖਰਚੇ ਗਿਣ ਕੇ ਵਿਚ 50% ਮੁਨਾਫਾ ਜੋੜ ਕੇ 3300 ਰੁਪਇਆ ਕੁਇੰਟਲ ਕਰਨ ਦੀ ਮੰਗ ਕੀਤੀ ਗੲੀ, ਕਿਸਾਨਾਂ ਮਜ਼ਦੂਰ ਸਮੁੱਚਾ ਕਰਜ਼ਾ ਖ਼ਤਮ ਕਰਨ, ਘਰੇਲੂ ਬਿਜਲੀ 1 ਰੁਪਏ ਯੂਨਿਟ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਰਛਪਾਲ ਸਿੰਘ ਗੱਟਾ ਬਾਦਸ਼ਾਹ, ਰਣਜੀਤ ਸਿੰਘ ਖੱਚਰਵਾਲਾ, ਸਾਹਿਬ ਸਿੰਘ ਦੀਨੇਕੇ, ਸੁਰਿੰਦਰ ਸਿੰਘ ਘੁੱਦੂਵਾਲਾ, ਬਲਜਿੰਦਰ ਸਿੰਘ ਤਲਵੰਡੀ,ਲਖਵਿੰਦਰ ਸਿੰਘ ਜੋਗੇਵਾਲਾ, ਅਮਨਦੀਪ ਸਿੰਘ ਕੱਚਰ ਭੰਨ,ਬਲਵਿੰਦਰ ਸਿੰਘ, ਸੁਖਵੰਤ ਸਿੰਘ ਲੋਹੁਕਾ, ਬਲਰਾਜ ਸਿੰਘ ਫੇਰੋਕੇ, ਮੰਗਲ ਸਿੰਘ ਸਵਾਈਕੇ,ਨਰਿੰਦਰਪਾਲ ਸਿੰਘ ਜਤਾਲਾ, ਖਿਲਾਰਾ ਸਿੰਘ ਆਸਲ, ਗੁਰਨਾਮ ਸਿੰਘ ਅਲੀਕੇ, ਬੂਟਾ ਸਿੰਘ ਕਰੀਆਂ, ਗੁਰਦੇਵ ਸਿੰਘ ਸ਼ਾਹ ਵਾਲਾ, ਪ੍ਰਗਟ ਸਿੰਘ ਮਸਤੇਵਾਲਾ, ਤਰਸ਼ੇਮ ਸਿੰਘ ਧਾਰੀਵਾਲ, ਦਿਲਬਾਗ ਸਿੰਘ ਪੂਹਲਾ,ਅੰਗਰੇਜ਼ ਸਿੰਘ ਬੂਟੇ ਵਾਲਾ, ਗੁਰਭੇਜ ਸਿੰਘ ਫੇਮੀ ਵਾਲਾ, ਗੁਰਮੇਲ ਸਿੰਘ ਫੱਤੇਵਾਲਾ, ਲਖਵਿੰਦਰ ਸਿੰਘ ਵਸਤੀ ਨਾਮਦੇਵ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।—–ਬਲਜਿੰਦਰ ਤਲਵੰਡੀ