ਸੋਸ਼ਲ ਮੀਡੀਆ ‘ਤੇ ਹੜ੍ਹਾਂ ਸਬੰਧੀ ਗ਼ਲਤ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਡੀ.ਸੀ.
ਅਧਿਕਾਰੀ 24 ਘੰਟੇ ਰੱਖ ਰਹੇ ਹਨ ਸਥਿਤੀ 'ਤੇ ਨਜ਼ਰ
ਸੋਸ਼ਲ ਮੀਡੀਆ ‘ਤੇ ਹੜ੍ਹਾਂ ਸਬੰਧੀ ਗ਼ਲਤ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਡੀ.ਸੀ.
– ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਬੰਨ੍ਹ ਨੂੰ ਕਿਸੇ ਤਰ੍ਹਾਂ ਦਾ ਵੀ ਖ਼ਤਰਾ ਨਹੀਂ
– ਅਧਿਕਾਰੀ 24 ਘੰਟੇ ਰੱਖ ਰਹੇ ਹਨ ਸਥਿਤੀ ‘ਤੇ ਨਜ਼ਰ
– ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਸੁਚੇਤ ਰਹਿਣ ਦੀ ਅਪੀਲ
ਫਿਰੋਜ਼ਪੁਰ, 26 ਜੁਲਾਈ 2023:
ਸੋਸ਼ਲ ਮੀਡੀਆ ‘ਤੇ ਹੜ੍ਹਾਂ ਸਬੰਧੀ ਗ਼ਲਤ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ ਹੋਵੇਗੀ। ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਤੇ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਬੰਨ੍ਹ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਖ਼ਤਰਾ ਨਹੀਂ ਹੈ। ਪ੍ਰਸ਼ਾਸਨਿਕ ਅਧਿਕਾਰੀ 24 ਘੰਟੇ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਕੀਤਾ।
ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ‘ਚ ਪਹਿਲਾਂ ਦੇ ਮੁਕਾਬਲੇ ਪਾਣੀ ਦਾ ਪੱਧਰ ਘੱਟ ਹੋਇਆ ਹੈ। ਹਰੀ ਕੇ ਹੈਡਵਰਕਸ ਤੋਂ ਪਾਣੀ ਦੀ ਨਿਕਾਸੀ 87800 ਕਊਸਿਕ ਅਤੇ ਹੁਸੈਨੀਵਾਲਾ ਹੈਡ ਵਰਕਸ ਤੋਂ 94741 ਕਿਊਸਿਕ ਰਹਿ ਗਈ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਲਗਾਤਾਰ ਜਾਰੀ ਹਨ ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਟੀਮਾਂ ਤੇ ਵੈਟਨਰੀ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਹੜ੍ਹ ਪੀੜ੍ਹਤ ਨੂੰ ਲੋੜੀਂਦੇ ਸਮਾਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿਧਾਇਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਤਾਰ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਰਾਹਤ ਸਮੱਗਰੀ ਪਿੰਡਾਂ ਦੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਤੇ ਪ੍ਰਸ਼ਾਸਨ ਹਰ ਵੇਲੇ ਉਨ੍ਹਾਂ ਦੀ ਮਦਦ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਤੋਂ ਇਲਾਵਾ ਕਈ ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਡੀ ਪੱਧਰ ‘ਤੇ ਲੋਕਾਂ ਦੀ ਮਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬਾਰਿਸ਼ਾਂ ਅਤੇ ਹੜ੍ਹ ਨਾਲ ਨੁਕਸਾਨੇ ਗਏ ਰਕਬੇ ਦੀ ਛੇਤੀ ਹੀ ਭਰਪਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਹੜ੍ਹਾਂ ਸਬੰਧੀ ਸੋਸ਼ਲ ਮੀਡੀਆ ਤੇ ਗ਼ਲਤ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਜਿਹੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹੜ੍ਹਾਂ ਬਾਰੇ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਨੰਬਰ 01632-244017, ਤਹਿਸੀਲ ਫ਼ਿਰੋਜ਼ਪੁਰ ਵਿਖੇ ਫਲੱਡ ਕੰਟਰੋਲ ਰੂਮ ਨੰਬਰ 01632-244019, ਤਹਿਸੀਲ ਜ਼ੀਰਾ ਵਿਖੇ ਫਲੱਡ ਕੰਟਰੋਲ ਰੂਮ ਨੰਬਰ 01682-250169, ਤਹਿਸੀਲ ਗੁਰੂਹਰਸਹਾਏ ਵਿਖੇ ਫਲੱਡ ਕੰਟਰੋਲ ਰੂਮ ਨੰਬਰ 01685-231010 ਤੋਂ ਇਲਾਵਾ ਐਕਸੀਐਨ ਡਰੇਨੇਜ਼ ਫ਼ਿਰੋਜ਼ਪੁਰ ਦਾ ਕੰਟਰੋਲ ਰੂਮ ਨੰਬਰ 01632-245366 ‘ਤੇ ਜ਼ਿਲ੍ਹਾ ਵਾਸੀ ਬਰਸਾਤੀ ਪਾਣੀ/ ਹੜ੍ਹ ਨਾਲ ਸਬੰਧਤ ਸਥਿਤੀ ਬਾਰੇ ਸੰਪਰਕ ਕਰਕੇ ਜਾਣਕਾਰੀ /ਮਦਦ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਹੜ੍ਹਾਂ ਸਬੰਧੀ ਦਰਆ ਦਾ ਬੰਨ੍ਹ ਟੁੱਟਣ ਸਬੰਧੀ ਗਲਤ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਲਈ ਪੁਲੀਸ ਵਿਭਾਗ ਨੂੰ ਕਿਹਾ ਗਿਆ ਹੈ।