Ferozepur News

ਸਾਂਝੀ ਰਸੋਈ ਤੋਂ 18 ਹਜ਼ਾਰ 496 ਲੋੜਵੰਦਾਂ ਨੇ ਖਾਧਾ ਖਾਣਾ- ਬਲਵਿੰਦਰ ਸਿੰਘ ਧਾਲੀਵਾਲ ਜ਼ਰੂਰਤਮੰਦ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਸਾਂਝੀ ਰਸੋਈ

ਫ਼ਿਰੋਜ਼ਪੁਰ 23 ਅਗਸਤ (Manish Bawa ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸਾਂਝੀ ਰਸੋਈ ਤੋਂ ਹੁਣ ਤੱਕ ਜ਼ਿਲ੍ਹੇ ਦੇ 18,496 ਗ਼ਰੀਬ ਤੇ ਜ਼ਰੂਰਤਮੰਦ ਲੋਕ ਖਾਣਾ ਖਾ ਚੁੱਕੇ ਹਨ। ਸਾਂਝੀ ਰਸੋਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਚੱਲ ਰਹੀ ਹੈ, ਇਸ ਰਸੋਈ ਨੂੰ ਚਲਾਉਣ ਲਈ ਜ਼ਿਲ੍ਹੇ ਦੀਆਂ ਵਪਾਰਕ, ਸਮਾਜਿਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਵੀ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।  
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਾਂਝੀ ਰਸੋਈ ਆਮ ਤੌਰ 'ਤੇ  ਦੂਰ-ਦੁਰਾਡੇ ਪਿੰਡਾਂ ਤੋਂ ਸ਼ਹਿਰ ਕੰਮ-ਕਾਜ ਕਰਨ ਲਈ ਆਉਣ ਵਾਲੇ ਮਜ਼ਦੂਰਾਂ, ਹਸਪਤਾਲ ਵਿਚ ਦਵਾਈ ਲੈਣ ਲਈ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਸਹਿਯੋਗੀਆਂ ਤੋਂ ਇਲਾਵਾ  ਵੱਖ-ਵੱਖ ਸੰਸਥਾਵਾਂ ਵਿਚ ਪੜ੍ਹਨ ਵਾਲੇ ਲੋੜਵੰਦ ਵਿਦਿਆਰਥੀਆਂ, ਰੋਜ਼ਗਾਰ ਦੀ ਤਲਾਸ਼ ਵਿਚ ਸ਼ਹਿਰ ਆਉਣ ਵਾਲੇ ਬੇਰੁਜ਼ਗਾਰ ਨੌਜਵਾਨਾਂ  ਅਤੇ ਮਜ਼ਦੂਰਾਂ ਲਈ  ਲਾਹੇਵੰਦ ਸਾਬਤ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਾਂਝੀ ਰਸੋਈ ਨੂੰ ਚਲਾਉਣ ਲਈ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਤੇ ਐਸੋਸੀਏਸ਼ਨਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ  ਨੇ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਤੇ ਐਸੋਸੀਏਸ਼ਨਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਸਾਂਝੀ ਰਸੋਈ ਨੂੰ ਇਸ ਦੇ ਸ਼ੁਰੂ ਹੋਣ ਤੋਂ ਲੈ ਕੇ ਜਿਸ ਤਰ੍ਹਾਂ ਸਹਿਯੋਗ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਸਹਿਯੋਗ ਜਾਰੀ ਰੱਖਿਆ ਜਾਵੇਗਾ।  ਉਨ੍ਹਾਂ ਨੇ ਹੋਰ ਸਮਾਜ ਸੇਵੀ ਤੇ ਐਸੋਸੀਏਸ਼ਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਾਂਝੀ ਰਸੋਈ ਨੂੰ ਸਫਲਤਾਪੂਰਵਕ ਤਰੀਕੇ ਨਾਲ ਜਾਰੀ ਰੱਖਣ ਲਈ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗ਼ਰੀਬ ਤੇ ਜ਼ਰੂਰਤਮੰਦਾਂ ਲੋਕਾਂ ਲਈ ਚਲਾਈ ਗਈ ਸਾਂਝੀ ਰਸੋਈ ਤੋਂ ਹੁਣ ਤੱਕ 18 ਹਜ਼ਾਰ 496 ਲੋਕ ਪੇਟ ਭਰ ਖਾਣਾ ਖਾ ਚੁੱਕੇ ਹਨ। ਜ਼ਰੂਰਤਮੰਦਾਂ ਨੂੰ ਇਸ ਰਸੋਈ ਤੋਂ 10 ਰੁਪਏ ਵਿਚ ਪੇਟ ਭਰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਂਝੀ ਰਸੋਈ ਵਿਚ ਖਾਣੇ ਦਾ ਟਾਈਮ ਸਵੇਰ 11.30 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਹੈ। ਇਸ ਦੌਰਾਨ ਕੋਈ ਵੀ ਲੋੜਵੰਦ ਆ ਕੇ ਖਾਣਾ ਖਾ ਸਕਦਾ ਹੈ। 
 
 

Related Articles

Back to top button