Ferozepur News

ਵਿਧਾਇਕ ਪਿੰਕੀ ਨੇ 70 ਵਿਦਿਆਰਥਣਾਂ ਨੂੰ ਸਾਈਕਲ ਵੰਡਣ ਦੀ ਰਸਮ ਅਦਾ ਕੀਤੀ

ਫਿਰੋਜ਼ਪੁਰ, 16 ਫਰਵਰੀ, 2019: ਸ਼ਨੀਵਾਰ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਕਰੀਆਂ ਪਹਿਲਾਨ ਵਿਚ 70 ਵਿਦਿਆਰਥਣਾਂ ਨੂੰ ਸਾਈਕਲ ਵੰਡਣ ਦੀ ਰਸਮ ਅਦਾ ਕੀਤੀ। ਸਾਈਕਲ ਵੰਡ ਸਮਾਗਮ ਨੂੰ ਸੰਬੋਧਤ ਕਰਦਿਆਂ ਪਿੰਕੀ ਨੇ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਵਿਚ ਅੱਤਵਾਦੀ ਹਮਲੇ ਵਿਚ ਸ਼ਹੀਦ ਜਵਾਨਾਂ ਦੀ ਆਤਮਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰਖਵਾ ਕੇ ਸ਼ਰਧਾਂਜਲੀ ਅਰਪਤ ਕੀਤੀ। ਪਿੰਕੀ ਨੇ ਕਿਹਾ ਕਿ ਸਰਹੱਦੀ ਜ਼ਿਲੇ੍ਹ ਫਿਰੋਜ਼ਪੁਰ ਦੇ ਲੋਕ ਬਹੁਤ ਬਹਾਦਰ ਹਨ ਤੇ ਮੁਲਕ ਤੇ ਆਈ ਹਰ ਔਖੀ ਘੜੀ ਦਾ ਡਟ ਕੇ ਸਾਹਮਣਾ ਕਰਦੇ ਆ ਰਹੇ ਹਨ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਰਕਾਰੀ ਸਕੂਲਾਂ ਵਿਚ ਵਿੱਦਿਆ ਦਾ ਪੱਧਰ ਉਚਾ ਚੁੱਕਣਾ ਹੈ ਤੇ ਸਿੱਖਿਆ ਲੈਣ ਦੀ ਸੋਚ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨਾਂ ਦੱਸਿਆ ਕਿ ਇਸੇ ਉਦੇਸ਼ ਦੀ ਪੂਰਤੀ ਲਈ ਮਾਈ ਭਾਗੋ ਯੋਜਨਾ ਦੇ ਅਧੀਨ ਸਕੂਲਾਂ ਵਿਚ ਪੜ੍ਹਣ ਵਾਲੀਆਂ ਵਿਦਿਆਰਥਣਾਂ ਨੂੰ ਸਾਈਕਲਾਂ ਤਕਸੀਮ ਕੀਤੀਆਂ ਜਾਂਦੀਆਂ ਹਨ ਤਾਂ ਕਿ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਆਉਣ ਵਿਚ ਕੋਈ ਪਰੇਸ਼ਾਨੀ ਨਾ ਪੇਸ਼ ਆਵੇ। ਸਿੱਖਿਆ ਵਿਭਾਗ ਦੇ ਜ਼ਿਲਾ੍ਹ ਅਧਿਕਾਰੀਆਂ ਤੇ ਸਕੂਲ ਪ੍ਰਸ਼ਾਸਨ ਨੇ ਵਿਧਾਇਕ ਦਾ ਸਾਈਕਲ ਵੰਡ ਸਮਾਗਮ ਵਿਚ ਪੁੱਜਣ ਤੇ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਪਿੰਕੀ ਦੇ ਨਾਲ  ਕਾਂਗਰਸੀ ਆਗੂ ਬਿੱਟੂ ਸਾਂਘਾ, ਰਿੰਕੂ ਗਰੋਵਰ, ਦਲਜੀਤ ਸਿੰਘ, ਬਲਵੀਰ ਸਿੰਘ, ਰਿਸ਼ੀ ਸ਼ਰਮਾ, ਪਰਮਿੰਦਰ ਸਿੰਘ, ਬੋਹੜ ਸਿੰਘ, ਬਲਦੇਵ ਸਿੰਘ ਸਰਪੰਚ ਰੱਤਾ ਖੇੜਾ ਸਮੇਤ ਕਈ ਕਾਂਗਰਸੀ ਆਗੂ ਉਨਾਂ ਦੇ ਨਾਲ ਸਨ।

Related Articles

Back to top button