ਸਰਕਾਰ ਦਾ ਮਨੋਰਥ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ: ਡਾ. ਰਾਜੂਲਬੇਨ ਐੱਲ. ਦੇਸਾਈ
ਸਰਕਾਰ ਦਾ ਮਨੋਰਥ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ: ਡਾ. ਰਾਜੂਲਬੇਨ ਐੱਲ. ਦੇਸਾਈ
ਔਰਤਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਵਿਚ ਲਗਾਏ ਜਾਣ ਵੱਧ ਤੋਂ ਵੱਧ ਜਾਗਰੂਕਤਾ ਕੈਂਪ, ਸਕੂਲਾਂ ਕਾਲਜਾਂ ਵਿੱਚ ਲੜਕੀਆਂ ਨੂੰ ਸਖੀ ਵਨ ਸਟਾਪ ਸੈਂਟਰ ਬਾਰੇ ਕੀਤਾ ਜਾਵੇ ਜਾਗਰੂਕ
ਸਕੂਲਾਂ, ਕਾਲਜਾਂ ਜਾਂ ਦਫ਼ਤਰਾਂ ਆਦਿ ਸਥਾਨਾਂ ਦੇ ਬਾਹਰ ਸਖੀ ਵਨ ਸਟਾਪ ਸੈਂਟਰ ਦੀ ਜਾਣਕਾਰੀ ਦੇ ਹੋਰਡਿੰਗਜ਼ ਲਗਾਏ ਜਾਣ
ਮੈਂਬਰ ਨੈਸ਼ਨਲ ਕਮਿਸ਼ਨ ਫ਼ਾਰ ਵੂਮੈਨ ਨੇ ਸਖੀ ਵਨ ਸਟਾਪ ਸੈਂਟਰ ਅਤੇ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦਾ ਕੀਤਾ ਦੌਰਾ
ਫਿਰੋਜਪੁਰ 14 ਨਵੰਬਰ 2019 ( ) ਸਰਕਾਰ ਦਾ ਮਨੋਰਥ ਔਰਤਾਂ ਦੇ ਹੱਕਾਂ ਦੀ ਰੱਖਿਆ ਅਤੇ ਉਨ੍ਹਾਂ ਨੂੰ ਸੰਵਿਧਾਨ ਵੱਲੋਂ ਦਿੱਤੇ ਗਏ ਅਧਿਕਾਰਾਂ ਬਾਰੇ ਜਾਣੂ ਕਰਵਾਉਣਾ ਹੈ ਤਾਂ ਜੋ ਔਰਤਾਂ ਸਮਾਜ ਵਿਚ ਬਰਾਬਰਤਾ ਦਾ ਰੁਤਬਾ ਹਾਸਲ ਕਰਕੇ ਸੂਬੇ ਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਨੈਸ਼ਨਲ ਕਮਿਸ਼ਨ ਫ਼ਾਰ ਵੂਮੈਨ ਡਾ. ਰਾਜੂਲਬੇਨ ਐੱਲ. ਦੇਸਾਈ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਖੀ ਵਨ ਸਟਾਪ ਸੈਂਟਰ ਅਤੇ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਵਿਖੇ ਦੌਰਾ ਕਰਨ ਉਪਰੰਤ ਸਿਵਲ ਹਸਪਤਾਲ ਦੇ ਅਧਿਕਾਰੀਆਂ ਅਤੇ ਦੇਵ ਸਮਾਜ ਕਾਲਜ ਦੇ ਅਧਿਆਪਕਾਂ ਨਾਲ ਮੀਟਿੰਗ ਮੌਕੇ ਕੀਤਾ।
ਡਾ. ਰਾਜੂਲਬੇਨ ਐੱਲ. ਦੇਸਾਈ ਨੇ ਕਿਹਾ ਕਿ ਸਾਡਾ ਸੰਵਿਧਾਨ ਤੇ ਧਰਮ ਵੀ ਔਰਤ ਨੂੰ ਬਰਾਬਰੀ ਤੇ ਸਤਿਕਾਰ ਵਾਲਾ ਦਰਜਾ ਦਿੰਦੇ ਹਨ ਅਤੇ ਧਾਰਮਿਕ ਭਾਵਨਾਵਾਂ ਤੇ ਸੰਵਿਧਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਔਰਤਾਂ ਨਾਲ ਸਮਾਜ ਵਿਚ ਵਿਤਕਰਾ ਨਾ ਹੋਵੇ। ਉਨ੍ਹਾਂ ਕਿਹਾ ਕਿ ਸਖੀ ਵਨ ਸੈਂਟਰ ਦਾ ਦੌਰਾ ਕਰਨ ਦਾ ਉਨ੍ਹਾਂ ਦਾ ਮਨੋਰਥ ਇਹ ਸੀ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਇਸ ਸੈਂਟਰ ਵਿੱਚ ਲੜਕੀਆਂ/ਔਰਤਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਰਿਕਾਰਡ ਸਹੀ ਹੈ ਜਾਂ ਉਨ੍ਹਾਂ ਨੂੰ ਇਸ ਸੈਂਟਰ ਦੀਆਂ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਖੀ ਵਨ ਸਟਾਪ ਸੈਂਟਰ ਵਾਸਤੇ ਭਾਰਤ ਸਰਕਾਰ ਵੱਲੋਂ ਨਵੀਂ ਬਿਲਡਿੰਗ ਦਾ ਫ਼ੰਡ ਵੀ ਜਲਦੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਲੜਕੀਆਂ/ਔਰਤਾਂ ਨਾਲ ਘਰ, ਬਾਹਰ ਜਾਂ ਕੰਮ ਵਾਲੀ ਥਾਂ ਤੇ ਮਾੜਾ ਵਿਵਹਾਰ ਹੁੰਦਾ ਹੈ, ਉਨ੍ਹਾਂ ਨੂੰ ਸਖੀ ਵਨ ਸੈਂਟਰ ਵਿੱਚ ਇੱਕ ਹੀ ਛੱਤ ਥੱਲੇ ਸਾਰੀਆਂ ਸੁਵਿਧਾਵਾਂ ਜਿਵੇਂ ਕਿ ਮੈਡੀਕਲ, ਪੁਲਿਸ ਸੁਰੱਖਿਆ ਤੇ ਕਾਨੂੰਨੀ ਸਹਾਇਤਾ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਦਾ ਵੀ ਦੌਰਾ ਕਰਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਤੇ ਉਨ੍ਹਾਂ ਨੂੰ ਮਿਲ ਰਹੀਆਂ ਸੁਵਿਧਾਵਾਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਕਿ ਸਕੂਲਾਂ/ਕਾਲਜਾਂ ਵਿੱਚ ਜਾ ਕੇ ਲੜਕੀਆਂ ਨੂੰ ਉਨ੍ਹਾਂ ਦੇ ਹੱਕਾਂ ਤੇ ਸਖੀ ਵਨ ਸਟਾਪ ਸੈਂਟਰ ਬਾਰੇ ਵੱਧ ਤੋਂ ਵੱਧ ਜਾਣੂੰ ਕਰਵਾਇਆ ਜਾਵੇ ਅਤੇ ਸਕੂਲਾਂ, ਕਾਲਜਾਂ ਜਾਂ ਦਫ਼ਤਰਾਂ ਆਦਿ ਸਥਾਨਾਂ ਦੇ ਬਾਹਰ ਸਖੀ ਵਨ ਸਟਾਪ ਸੈਂਟਰ ਦੀ ਜਾਣਕਾਰੀ ਦੇ ਹੋਰਡਿੰਗਜ਼ ਲਗਾਏ ਜਾਣ।
ਡਾ. ਰਾਜੂਲਬੇਨ ਐੱਲ. ਦੇਸਾਈ ਨੇ ਕਿਹਾ ਕਿ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦਾ ਦੌਰਾ ਕਰਕੇ ਉਨ੍ਹਾਂ ਕਾਲਜ ਦੀ ਪ੍ਰਿੰਸੀਪਲ ਡਾ. ਮਧੂ ਪ੍ਰਾਸ਼ਰ ਤੇ ਸਮੂਹ ਅਧਿਆਪਕਾਂ ਨੂੰ ਸੰਬੋਧਨ ਕੀਤਾ ਕਿ ਉਹ ਵੱਧ ਤੋਂ ਵੱਧ ਕਾਲਜ ਦੀਆਂ ਲੜਕੀਆਂ ਨੂੰ ਸਖੀ ਵਨ ਸਟਾਪ ਸੈਂਟਰ ਤੇ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ। ਇਸ ਤੋਂ ਬਾਅਦ ਡਾ. ਰਾਜੂਲਬੇਨ ਐੱਲ. ਦੇਸਾਈ ਨੇ ਸਰਕਟ ਹਾਊਸ ਫਿਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇੱਥੇ ਆਉਣ ਦਾ ਮੁੱਖ ਮਨੋਰਥ ਇਹ ਹੈ ਕਿ ਸਰਕਾਰ ਵੱਲੋਂ ਲੜਕੀਆਂ ਦੇ ਹੱਕਾਂ ਲਈ ਚਲਾਈਆਂ ਸਕੀਮਾਂ ਸਖੀ ਵਨ ਸਟਾਪ ਸੈਂਟਰ, ਪੋਸ਼ਣ ਅਭਿਆਨ, ਜਨਨੀ ਸ਼ਿਸ਼ੂ ਸੁਰੱਖਿਆ, ਜੇ.ਐੱਸ.ਵਾਈ ਅਤੇ ਬੇਬੇ ਨਾਨਕੀ ਲਾਡਲੀ ਸਕੀਮ, ਬੇਟੀ ਬਚਾਓ ਬੇਟੀ ਪੜ੍ਹਾਓ ਆਦਿ ਦਾ ਲੜਕੀਆਂ ਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਵੀ ਲੜਕੀ ਨਾਲ ਬਲਾਤਕਾਰ ਜਾਂ ਘਰੇਲੂ ਹਿੰਸਾ ਵਾਪਰਦੀ ਹੈ ਤਾਂ ਉਹ ਸਖੀ ਵਨ ਸਟਾਪ ਸੈਂਟਰ ਵਿਖੇ ਆਵੇ ਜਿੱਥੇ ਉਸ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਤੇ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ।