Ferozepur News

ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੀਆਂ ਔਰਤਾਂ ਦੇ 01 ਸਾਲ ਤੋਂ 3 ਸਾਲ ਬੱਚਿਆਂ ਦੀ ਦੇਖ-ਭਾਲ ਲਈ ਕਰੈੱਚ ਸੈਂਟਰ ਵਿੱਚ ਦਾਖਲਾ ਸ਼ੁਰੂ

ਫ਼ਿਰੋਜ਼ਪੁਰ 02 ਜੂਨ 2017 ( ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਵਿਭਾਗਾਂ, ਅਦਾਰਿਆਂ ਵਿੱਚ ਕੰਮ ਕਰਦੀਆਂ ਔਰਤਾਂ ਤੋਂ ਇਲਾਵਾਂ ਘਰੇਲੂ ਔਰਤਾਂ ਦੀਆਂ ਛੋਟੇ ਬੱਚਿਆਂ ਨੂੰ ਪਾਲਣ ਪੋਸ਼ਣ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਧੁਨਿਕ ਕਿਸਮ ਦਾ ਕਰੈੱਚ ਸੈਂਟਰ ਖੋਲਿਆ ਗਿਆ ਹੈ ਜਿਸ ਵਿੱਚ 1 ਤੋਂ 3 ਸਾਲ ਤੱਕ ਦੇ ਬੱਚਿਆਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਆਈ.ਏ.ਐਸ ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੀਆਂ ਔਰਤਾਂ ਦੀ ਚਿਰੋਕਣੀ ਮੰਗ ਸੀ ਕਿ ਉਨ੍ਹਾਂ ਦੇ ਡਿਊਟੀ ਤੇ ਜਾਣ ਸਮੇਂ ਉਨ੍ਹਾਂ ਦੇ ਬੱਚਿਆਂ ਦੀ ਘਰ ਵਿੱਚ ਸਾਂਭ-ਸੰਭਾਲ ਲਈ ਕੋਈ ਨਹੀਂ ਹੁੰਦਾ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਰਕਾਰੀ ਵਿਭਾਗਾਂ, ਅਦਾਰਿਆਂ ਵਿੱਚ ਕੰਮ ਕਰਦੀਆਂ ਔਰਤਾਂ ਤੋਂ ਇਲਾਵਾ ਘਰੇਲੂ ਔਰਤਾਂ ਨੂੰ ਵੀ ਨਵੀਂ ਸਹੂਲਤ ਪ੍ਰਦਾਨ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਛੋਟੇ  ਬੱਚਿਆਂ ਦੀ ਸਾਂਭ-ਸੰਭਾਲ ਲਈ ਕਮਰਾ ਨੰ: 18, ਬੀ ਬਲਾਕ ਵਿੱਚ ਆਧੁਨਿਕ ਕਰੈੱਚ ਸੈਂਟਰ ਖੋਲਿਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕਰੈੱਚ ਸੈਂਟਰ ਵਿੱਚ ਬੱਚਿਆਂ ਦੀ ਮੁੱਢਲੀ ਦੇਖ-ਭਾਲ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਸਹੂਲਤ ਲਈ ਏ.ਸੀ, ਐਲ.ਈ.ਡੀ, ਪਲੇਵੇ ਮੈਥਡ ਨਾਲ ਪੜ੍ਹਾਈ ਕਰਾਉਣ ਲਈ ਖਿਡੌਣੇ ਅਤੇ ਬੱਚਿਆਂ ਨੂੰ ਰੱਖਣ ਲਈ ਇੱਕ ਵੱਡਾ ਕਮਰਾ, ਸਾਫ਼-ਸੁਥਰਾ ਪਾਣੀ, ਰੈਫਰੀਜਰੇਟਰ, ਮਾਈਕਰੋਵੇਵ ਤੋਂ ਇਲਾਵਾ ਬੱਚਿਆ ਦੀ ਦੇਖ-ਰੇਖ ਲਈ ਹਰ ਲੋੜੀਂਦੀ ਚੀਜ਼ ਦਾ ਇੰਤਜ਼ਾਮ ਹੋਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣ ਲਈ ਇੱਕ ਨਰਸ ਦੀ ਡਿਊਟੀ ਲਗਾਈ ਜਾਵੇਗੀ ਅਤੇ ਮਾਹਿਰ ਡਾਕਟਰਾਂ ਵੱਲੋਂ ਹਰ-ਹਫ਼ਤੇ ਬੱਚਿਆਂ ਦਾ ਹੈਲਥ ਚੈੱਕਅਪ ਵੀ ਕੀਤਾ ਜਾਵੇਗਾ। 

ਉਨ੍ਹਾਂ ਦੱਸਿਆ ਕਿ ਕਰੈੱਚ ਸੈਂਟਰ ਵਿੱਚ ਦਾਖਲਾ ਸ਼ੁਰੂ ਹੋ ਚੁੱਕਾ ਹੈ ਅਤੇ ਜਿਨ੍ਹਾਂ ਔਰਤਾਂ ਦੇ ਬੱਚਿਆਂ ਦੀ ਉਮਰ 01 ਸਾਲ ਤੋਂ 3 ਸਾਲ ਤੱਕ ਦੀ ਹੈ ਉਹ ਆਪਣੇ ਬੱਚਿਆਂ ਨੂੰ ਇਸ ਕਰੈੱਚ ਸੈਂਟਰ ਵਿੱਚ ਦਾਖਲ ਕਰਵਾ ਸਕਦੀਆਂ ਹਨ ਅਤੇ  ਇਸ ਕਰੈੱਚ ਸੈਂਟਰ ਦਾ ਉਦਘਾਟਨ ਜਲਦ ਹੀ ਹੋ ਰਿਹਾ ਹੈ। ਇਸ ਕਰੈੱਚ ਸੈਂਟਰ ਵਿੱਚ ਬੱਚਿਆ ਦੀ ਸਾਂਭ-ਸੰਭਾਲ ਕਰਨ ਲਈ ਪ੍ਰਤੀ ਮਹੀਨਾ ਇੱਕ ਬੱਚੇ ਦੀ ਇੱਕ ਮਹੀਨੇ ਦੀ ਇੱਕ ਹਜ਼ਾਰ ਰੁਪਏ ਫ਼ੀਸ ਲਈ ਜਾਵੇਗੀ ਅਤੇ ਇਹ ਕਰੈੱਚ ਸੈਂਟਰ ਸਵੇਰੇ 8:30 ਵਜੇ ਤੋਂ ਸ਼ਾਮ 5:30 ਤੱਕ ਖੁੱਲ੍ਹੇਗਾ।  ਇਸ ਕਰੈੱਚ ਸੈਂਟਰ ਸਬੰਧੀ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਲਈ ਸਕੱਤਰ ਜ਼ਿਲ੍ਹਾ ਬਾਲ ਭਲਾਈ ਕੌਂਸਲ ਫ਼ਿਰੋਜ਼ਪੁਰ ਨਾਲ  ਫੋਨ ਨੰਬਰ 01632-244247, 98151-89089  ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Back to top button