Ferozepur News

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਚੌਂਕਾਂ, ਸਰਕਾਰੀ ਜ਼ਮੀਨ ਆਦਿ ਥਾਵਾਂ ਤੇ ਹੋਰਡਿੰਗ ਲਗਾਉਣ ਤੇ ਪਾਬੰਦੀ ਜ਼ਿਲ੍ਹੇ ਅੰਦਰ ਵਿਆਹ ਸ਼ਾਦੀਆਂ ਜਾਂ ਹੋਰ ਸਮਾਰੋਹਾਂ ਵਿਚ ਹਥਿਆਰ ਲੈ ਕੇ ਚੱਲਣ ਤੇ ਪਾਬੰਦੀ ਮਿਲਟਰੀ ਰੰਗ ਦੀਆਂ ਵਰਦੀਆਂ ਤੇ ਗੱਡੀਆਂ ਦੀ ਪ੍ਰਾਈਵੇਟ ਵਰਤੋਂ ਤੇ ਪਾਬੰਦੀ

ਫ਼ਿਰੋਜ਼ਪੁਰ 05 ਜੂਨ 2018 (   Manish Bawa                      ) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ: ਰਿਚਾ ਆਈ.ਏ.ਐੱਸ  ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 31 ਜੁਲਾਈ 2018 ਤੱਕ ਲਾਗੂ ਰਹਿਣਗੇ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ: ਰਿਚਾ ਆਈ.ਏ.ਐੱਸ. ਨੇ ਕਿਸੇ ਵੀ ਸਰਕਾਰੀ ਜ਼ਮੀਨ 'ਤੇ, ਰਾਹ 'ਤੇ, ਸੜਕ ਜਾਂ ਚੌਂਕ 'ਤੇ ਬਿਨਾਂ ਸਬੰਧਤ ਨਗਰ ਕੌਂਸਲ, ਕੰਨਟੋਨਮੈਂਟ ਬੋਰਡ, ਨਗਰ ਪੰਚਾਇਤ, ਗ੍ਰਾਮ ਪੰਚਾਇਤ ਜਾਂ ਸਬੰਧਿਤ ਵਿਭਾਗ ਦੀ ਪ੍ਰਵਾਨਗੀ ਦੇ ਕਿਸੇ ਵੀ ਤਰ੍ਹਾਂ ਦੀ ਹੋਰਡਿੰਗ ਲਗਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਵੱਖ- ਵੱਖ ਧਾਰਮਿਕ, ਰਾਜਸੀ ਅਤੇ ਹੋਰ ਜਥੇਬੰਦੀਆਂ ਜਾਂ ਪ੍ਰਾਈਵੇਟ ਵਿਅਕਤੀਆਂ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿਚ ਚੌਕਾਂ ਜਾਂ ਮੁੱਖ ਸੜਕਾਂ ਤੇ ਹੋਰਡਿੰਗਜ਼ ਲਗਾ ਦਿੱਤੇ ਜਾਂਦੇ ਹਨ, ਇਹ ਹੋਰਡਿੰਗਜ਼ ਅਜਿਹੀਆਂ ਥਾਵਾਂ ਤੇ ਲਗਾ ਦਿੱਤੇ ਜਾਂਦੇ ਹਨ ਜਿਸ ਨਾਲ ਟਰੈਫ਼ਿਕ ਵਿਚ ਵਿਘਨ ਪੈਂਦਾ ਹੈ ਅਤੇ ਦੁਰਘਟਨਾ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਹੋਰਡਿੰਗਜ਼ 'ਤੇ ਕਿਸੇ ਤਰ੍ਹਾਂ ਦੀ ਗ਼ਲਤ ਭਾਸ਼ਾ ਲਿਖੀ ਜਾਣ 'ਤੇ ਵੱਖ-ਵੱਖ ਫ਼ਿਰਕਿਆਂ ਦੇ ਲੋਕਾਂ ਵਿਚ ਗ਼ੁੱਸੇ ਦੀ ਲਹਿਰ ਪੈਦਾ ਹੋ ਜਾਂਦੀ ਹੈ ਜਿਸ ਨਾਲ ਅਮਨ ਤੇ ਕਾਨੂੰਨ ਭੰਗ ਹੋਣ ਦਾ ਖ਼ਦਸ਼ਾ ਬਣ ਜਾਂਦਾ ਹੈ। 
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫ਼ਿਰੋਜਪੁਰ ਡਾ: ਰਿਚਾ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਹਦੂਦ ਅੰਦਰ ਵਿਆਹ ਸ਼ਾਦੀ ਜਾਂ ਹੋਰ ਸਮਾਰੋਹਾਂ ਦੇ ਸਮੇਂ ਹਥਿਆਰ ਲੈ ਕੇ ਚੱਲਣ ਤੇ ਪਾਬੰਦੀ ਲਗਾਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਆਮ ਤੌਰ ਤੇ ਵਿਆਹ ਸ਼ਾਦੀ ਜਾਂ ਹੋਰ ਸਮਾਰੋਹਾਂ ਮੌਕੇ ਮੈਰਿਜ ਪੈਲੇਸਾਂ ਵਿਚ ਆਮ ਜਨਤਾ ਹਥਿਆਰ ਲੈ ਕੇ ਚਲੀ ਜਾਂਦੀ ਹੈ ਅਤੇ ਕਈ ਵਾਰ ਸ਼ਰਾਬ ਪੀ ਕੇ ਲੜਾਈ ਝਗੜਾ ਹੋਣ ਕਾਰਨ ਹਥਿਆਰਾਂ ਦੀ ਨਜਾਇਜ਼ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਨੂੰ ਰੋਕਣ ਲਈ ਇਹ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।    
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਇੱਕ ਹੋਰ ਮਨਾਹੀ ਦੇ ਹੁਕਮ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਕਿਸੇ ਵੀ ਵਿਅਕਤੀ ਵੱਲੋਂ (ਸਿਵਾਏ ਮਿਲਟਰੀ ਅਧਿਕਾਰੀਆਂ ਤੇ ਜਵਾਨਾਂ ਦੇ) ਉਲਾਈਵ ਰੰਗ ਦੀ ਮਿਲਟਰੀ ਵਰਦੀ ਅਤੇ ਉਲਾਈਵ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ/ਮੋਟਰ ਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਕਰਨ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਕਿਸੇ ਵੀ ਸਮਾਜ ਵਿਰੋਧੀ ਤੱਤ ਵੱਲੋਂ ਅਜਿਹੇ ਰੰਗ ਦੀ ਵਰਦੀ ਜਾਂ ਜੀਪਾਂ/ਮੋਟਰ ਸਾਈਕਲਾਂ ਆਦਿ ਦੀ ਵਰਤੋਂ ਕਰਦੇ ਹੋਏ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਜਾਂ ਹਿੰਸਕ ਘਟਨਾ ਕੀਤੀ ਜਾ ਸਕਦੀ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਤੇ ਖ਼ਤਰਾ ਪੈਦਾ ਹੋ ਸਕਦਾ ਹੈ। 
  ਵਧੀਕ ਜ਼ਿਲ੍ਹਾ ਮੈਜਿਸਟਰੇਟ  ਨੇ 112 ਆਫ਼ ਮੋਟਰ ਵਹੀਕਲ ਐਕਟ 1988 ਦੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਵਾਹਨਾਂ ਦੀ ਸਪੀਡ ਮੇਨ ਸੜਕਾਂ ਚੁੰਗੀ ਤੋ ਬਾਹਰ ਨੈਸ਼ਨਲ ਹਾਈਵੇ ਤੇ 70 ਕਿੱਲੋਮੀਟਰ ਪ੍ਰਤੀ ਘੰਟਾ ਅਤੇ ਸਟੇਟ ਹਾਈਵੇ ਤੇ 60 ਕਿੱਲੋਮੀਟਰ ਪ੍ਰਤੀ ਘੰਟਾ, ਨਗਰ ਕੌਂਸਲ ਦੀ ਹਦੂਦ ਅੰਦਰ ਮੇਨ ਸੜਕਾਂ ਤੇ ਹੈਵੀ ਗੱਡੀਆਂ ਦੀ ਸਪੀਡ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਤੇ 40 ਕਿੱਲੋਮੀਟਰ ਪ੍ਰਤੀ ਘੰਟਾ,ਲਾਈਟ ਗੱਡੀਆਂ ਸਮੇਤ ਦੋ ਪਹੀਆਂ ਵਾਹਨਾਂ ਦੀ ਸਪੀਡ ਮਿਊਂਸੀਪਲ ਕਮੇਟੀ ਦੀ ਹਦੂਦ ਅੰਦਰ ਨੈਸ਼ਨਲ ਅਤੇ ਸਟੇਟ ਹਾਈਵੇ ਤੇ 45 ਕਿੱਲੋਮੀਟਰ ਪ੍ਰਤੀ ਘੰਟਾ ਅਤੇ ਮਾਰਕੀਟ ਕਮੇਟੀ ਹਦੂਦ ਤੋ ਬਾਹਰ ਨੈਸ਼ਨਲ ਹਾਈਵੇ ਤੇ 65 ਕਿੱਲੋਮੀਟਰ ਪ੍ਰਤੀ ਘੰਟਾ ਅਤੇ ਸਟੇਟ ਹਾਈਵੇ ਤੇ 50 ਕਿੱਲੋਮੀਟਰ ਪ੍ਰਤੀ ਘੰਟਾ,ਸ਼ਹਿਰ ਵਿਚ ਮੇਨ ਸੜਕਾਂ ਤੋ ਇਲਾਵਾ ਪੈਂਦੀਆਂ ਸੜਕਾਂ ਤੇ ਹਰ ਕਿਸਮ ਦੇ ਵਾਹਨਾਂ ਦੀ ਸਪੀਡ 30 ਕਿੱਲੋਮੀਟਰ ਪ੍ਰਤੀ ਘੰਟਾ ਅਤੇ ਲਿੰਕ ਸੜਕਾਂ ਤੇ ਹਰ ਕਿਸਮ ਦੇ ਵਾਹਨਾਂ ਦੀ ਸਪੀਡ 40 ਕਿੱਲੋਮੀਟਰ ਫਿਕਸ ਕੀਤੀ ਹੈ ਉਨ੍ਹਾਂ ਕਿਹਾ ਕਿ ਮਿਥੀ ਸਪੀਡ ਤੋ ਜ਼ਿਆਦਾ ਸਪੀਡ ਤੇ ਵਾਹਨ ਚਲਾਉਣ ਵਾਲੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ: ਰਿਚਾ  ਵੱਲੋਂ ਜਾਰੀ ਕੀਤੇ ਗਏ ਇੱਕ ਹੋਰ ਮਨਾਹੀ ਦੇ ਹੁਕਮ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਸ਼ਾਮ 07:00 ਵਜੇ ਤੋਂ ਸਵੇਰੇ 6:00 ਵਜੇ ਤੱਕ  ਛੋਟੇ ਖਣਿਜਾਂ ਦੀ ਮਾਈਨਿੰਗ ਕਰਨ ਤੇ ਪੂਰਨ ਤੋਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਸਾਰੇ ਹੁਕਮ 31 ਜੁਲਾਈ 2018 ਤੱਕ ਲਾਗੂ ਰਹਿਣਗੇ।

Related Articles

Back to top button