ਲੋਕਾਂ ਨੂੰ ਸਿਹਤ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਮਨਰੇਗਾ ਸਕੀਮ ਤਹਿਤ 65 ਨਵੇਂ ਪਾਰਕ ਬਣਾਏ ਜਾਣਗੇ
ਲੋਕਾਂ ਨੂੰ ਸਿਹਤ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਮਨਰੇਗਾ ਸਕੀਮ ਤਹਿਤ 65 ਨਵੇਂ ਪਾਰਕ ਬਣਾਏ ਜਾਣਗੇ
- ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਸਾਰੇ ਛੇ ਬਲਾਕਾਂ ਵਿਚ 30 ਪਾਰਕਾਂ ਦੀ ਉਸਾਰੀ ਸ਼ੁਰੂ ਕੀਤੀ
ਫਿਰੋਜ਼ਪੁਰ, 5 ਅਗਸਤ, 2020: ਪੇਂਡੂ ਖੇਤਰਾਂ ਵਿੱਚ ਵਸਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਅਤੇ ਵਾਤਾਵਰਣ ਨਾਲ ਜੋੜਨ ਦੀ ਵਿਲੱਖਣ ਮੁਹਿੰਮ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਛੇ ਬਲਾਕਾਂ ਵਿੱਚ 65 ਨਵੇਂ ਪਾਰਕ ਬਣਾਏ ਜਾਣਗੇ। ਇਹ ਸਾਰੇ ਪਾਰਕ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਰੁਜ਼ਗਾਰ ਗਰੰਟੀ ਐਕਟ (ਮਗਨਰੇਗਾ) ਯੋਜਨਾ ਦੇ ਤਹਿਤ ਬਣਨਗੇ, ਜਿਸ ‘ਤੇ ਕੰਮ ਸ਼ੁਰੂ ਹੋ ਗਿਆ ਹੈ।
ਵਿਸਥਾਰਤ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਵੱਲੋਂ ਪ੍ਰਸਤਾਵਿਤ 65 ਪਾਰਕਾਂ ਵਿਚੋਂ 15 ਪਾਰਕ ਘੱਲਖੁਰਦ ਬਲਾਕ ਵਿਚ, 10 ਪਾਰਕ ਬਾਕੀ ਦੇ ਪੰਜ ਬਲਾਕਾਂ ਗੁਰਹਰਸਹਾਏ, ਜੀਰਾ, ਫਿਰੋਜ਼ਪੁਰ, ਮੱਖੂ ਅਤੇ ਮਮਦੋਟ ਵਿੱਚ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਪਾਰਕ ਪਿੰਡਾਂ ਵਿਚ ਖਾਲੀ ਪਈਆਂ ਸਰਕਾਰੀ ਜ਼ਮੀਨਾਂ ਨੂੰ ਖੂਬਸੂਰਤ ਪਾਰਕਾਂ ਵਿਚ ਤਬਦੀਲ ਕਰਕੇ ਬਣਾਏ ਜਾਣਗੇ ਅਤੇ ਸਾਰੇ ਪਾਰਕ ਲੈਂਡਸਕੇਪਿੰਗ ਦੇ ਕੰਮ, ਪੌਦੇ ਲਗਾਉਣ, ਪੈਦਲ ਚੱਲਣ ਅਤੇ ਲਾਈਟਿੰਗ ਸਿਸਟਮ ਨਾਲ ਲੈਸ ਹੋਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਯੋਜਨਾ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ, ਉਨ੍ਹਾਂ ਨੂੰ ਕੁਦਰਤ ਦੇ ਨੇੜੇ ਲਿਆਉਣ ਅਤੇ ਪੇਂਡੂ ਖੇਤਰਾਂ ਦੇ ਸੁੰਦਰੀਕਰਨ ਲਈ ਇਕ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦਾ ਪਹਿਲਾ ਪਾਰਕ ਮਮਦੋਟ ਬਲਾਕ ਵਿੱਚ ਬਣਾਇਆ ਗਿਆ ਹੈ, ਜਿਸ ’ਤੇ ਤਕਰੀਬਨ 26.45 ਲੱਖ ਰੁਪਏ ਦਾ ਖਰਚਾ ਆਇਆ ਹੈ। ਇਹ ਪਾਰਕ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪਿੰਡ ਦੇ ਵੱਡੀ ਗਿਣਤੀ ਵਿਚ ਲੋਕ ਇੱਥੇ ਸੈਰ ਕਰਨ ਲਈ ਆਉਂਦੇ ਹਨ।
ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਡੀਡੀਪੀਓ ਫਿਰੋਜ਼ਪੁਰ ਸ਼੍ਰੀ ਹਰਜਿੰਦਰ ਸਿੰਘ ਨੇ ਕਿਹਾ ਕਿ ਜਿਸ ਤਰਾਂ ਸਾਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ, ਅਜਿਹੇ ਪਾਰਕ ਸਮੇਂ ਦੀ ਲੋੜ ਹਨ। ਉਨ੍ਹਾਂ ਦੱਸਿਆ ਕਿ 65 ਪਾਰਕਾਂ ਵਿਚੋਂ 29 ਪਾਰਕਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਨ੍ਹਾਂ ਵਿਚੋਂ ਚਾਰ ਪਾਰਕ ਘਲਖੁਰਦ ਬਲਾਕ ਵਿਚ, ਸੱਤ ਪਾਰਕ ਗੁਰੂਹਰਸਹਾਏ, ਤਿੰਨ ਪਾਰਕ ਜੀਰਾ, ਦੋ ਪਾਰਕ ਫਿਰੋਜ਼ਪੁਰ, ਪੰਜ ਪਾਰਕ ਮਖੂ ਅਤੇ ਮਮਦੋਟ ਬਲਾਕ ਵਿਚ ਅੱਠ ਪਾਰਕ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਨਾ ਸਿਰਫ ਵਾਤਾਵਰਣ ਦੇ ਪ੍ਰਸੰਗ ਵਿਚ ਇਕ ਸਾਰਥਕ ਕਦਮ ਹੈ, ਬਲਕਿ ਕੋਰੋਨਾ ਮਹਾਂਮਾਰੀ ਦੌਰਾਨ ਮਗਨਰੇਗਾ ਸਕੀਮ ਤਹਿਤ ਪੇਂਡੂ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਉਂਕਿ ਸਾਰੇ ਪਾਰਕ ਮਗਨਰੇਗਾ ਸਕੀਮ ਤਹਿਤ ਤਿਆਰ ਕੀਤੇ ਜਾ ਰਹੇ ਹਨ, ਇਸ ਲਈ ਸਬੰਧਤ ਪਿੰਡ ਤੋਂ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਹੈ। ਇਸ ਕਾਰਨ ਲੋੜਵੰਦ ਅਤੇ ਗਰੀਬ ਲੋਕਾਂ ਨੂੰ ਰੁਜ਼ਗਾਰ ਦੇ ਚੰਗੇ ਮੌਕੇ ਮਿਲ ਰਹੇ ਹਨ।