Ferozepur News

ਰਾਸ਼ਟਰ-ਪਿਤਾ ਨੂੰ ਸ਼ਰਧਾਂਜਲੀ: ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸਾਰਾਗੜ੍ਹੀ ਮੈਮੋਰੀਅਲ ਤੱਕ ਵਲੰਟੀਅਰਜ ਨੇ ਕੱਢਿਆ ਸ਼ਾਂਤੀ ਮਾਰਚ, ਅਨੇਕਤਾ ਵਿਚ ਏਕਤਾ ਦਾ ਦਿੱਤਾ ਸੰਦੇਸ਼

 

ਰਾਸ਼ਟਰ-ਪਿਤਾ ਨੂੰ ਸ਼ਰਧਾਂਜਲੀ: ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸਾਰਾਗੜ੍ਹੀ ਮੈਮੋਰੀਅਲ ਤੱਕ ਵਲੰਟੀਅਰਜ ਨੇ ਕੱਢਿਆ ਸ਼ਾਂਤੀ ਮਾਰਚ, ਅਨੇਕਤਾ ਵਿਚ ਏਕਤਾ ਦਾ ਦਿੱਤਾ ਸੰਦੇਸ਼
ਡੀਸੀ ਦੇ ਆਵਾਸ ਸਥਾਨ ਤੋਂ ਲੈ ਕੇ ਹੁਸੈਨੀਵਾਲਾ ਬਾਰਡਰ ਤੱਕ ਸੜਕ ਦੇ ਦੋਵਾਂ ਪਾਸੇ 3 ਹਜ਼ਾਰ ਪੌਦੇ ਲਗਾਉਣ ਦੀ ਮੁਹਿੰਮ ਦੀ ਡੀਸੀ ਅਤੇ ਵਿਧਾਇਕ ਨੇ ਕੀਤੀ ਸ਼ੁਰੂਆਤ, ਅਮਲਤਾਸ ਅਤੇ ਜਕਾਰੰਡਾ ਦੇ ਰੁੱਖਾਂ ਨਾਲ ਬਾਰਡਰ ਰੋਡ ਨੂੰ ਮਿਲੇਗੀ ਨਵੀਂ ਦਿੱਖ

ਫਿਰੋਜ਼ਪੁਰ 2 ਅਕਤੂਬਰ 2019 (ਅਭਿਸ਼ੇਕ ) ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਬੁੱਧਵਾਰ ਨੂੰ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਲੈ ਕੇ ਸਾਰਾਗੜ੍ਹੀ ਮੈਮੋਰੀਅਲ ਤੱਕ ਸ਼ਾਂਤੀ ਮਾਰਚ ਕੱਢਿਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਇਸ ਸ਼ਾਂਤੀ ਮਾਰਚ ਤਹਿਤ ਲੋਕਾਂ ਨੇ ਅਨੇਕਤਾ ਵਿਚ ਏਕਤਾ ਦਾ ਸੰਦੇਸ਼ ਦਿੱਤਾ, ਜਿਸ ਦੀ ਅਗਵਾਈ ਵਿਧਾਇਕ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕੀਤੀ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਅਹਿੰਸਾ ਦੇ ਪੁਜਾਰੀ ਸਨ, ਜਿਨ੍ਹਾਂ ਨੇ ਅਹਿੰਸਾ ਦੇ ਦਮ ਤੇ ਵੱਡੇ-ਵੱਡੇ ਅੰਦੋਲਨ ਖੜੇ ਕਰ ਦਿੱਤੇ ਸਨ। ਅੱਜ ਦੇ ਦਿਨ ਰਾਸ਼ਟਰ-ਪਿਤਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਵੀ ਉਨ੍ਹਾਂ ਦੇ ਦੱਸੇ ਰਸਤੇ ਤੇ ਚੱਲਦੇ ਹੋਏ ਸ਼ਾਂਤੀ ਦੀ ਸਥਾਪਨਾ ਕਰੀਏ। ਇਸੇ ਮਕਸਦ ਨਾਲ ਇਹ ਸ਼ਾਂਤੀ ਮਾਰਚ ਕੱਢਿਆ ਗਿਆ ਹੈ। ਸ਼ਾਂਤੀ ਮਾਰਚ ਤੋਂ ਪਹਿਲਾਂ  ਸਾਰੇ ਵਲੰਟੀਅਰਜ਼ ਲਈ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਰਿਫਰੈਸ਼ਮੈਂਟ ਅਤੇ ਨਾਸ਼ਤੇ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ।
ਸ਼ਾਂਤੀ ਮਾਰਚ ਤੋਂ ਬਾਅਦ ਸ਼ਹਿਰ ਵਿਚ ਵੱਡੇ ਤੌਰ ਤੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਗ੍ਰੀਨ ਟ੍ਰਿਬਿਊਟ ਦਿੱਤੀ ਗਈ ਹੈ, ਜਿਸ ਤਹਿਤ ਫਿਰੋਜ਼ਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਦੇ ਆਵਾਸ ਸਥਾਨ ਤੋਂ ਲੈ ਕੇ ਹੁਸੈਨੀਵਾਲਾ ਬਾਰਡਰ ਸਥਿਤ ਸ਼ਹੀਦੀ ਸਮਾਰਕ ਤੱਕ ਸੜਕ ਦੇ ਦੋਵਾਂ ਪਾਸੇ 3 ਹਜ਼ਾਰ ਪੌਦੇ ਲਗਾਏ ਜਾਣਗੇ। ਸ਼ਹਿਰ ਦੇ ਵੱਖ ਵੱਖ ਸਮਾਜ ਸੇਵੀ ਸੰਗਠਨਾਂ ਅਤੇ ਸਿੱਖਿਅਕ ਸੰਸਥਾਵਾਂ ਨੂੰ ਇਸ ਸੜਕ ਤੇ ਲੱਗਣ ਵਾਲੇ ਪੌਦਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਪਾਸੇ ਅਮਲਤਾਸ ਅਤੇ ਜਕਾਰੰਡਾ ਕਿਸਮ ਦੇ 3 ਹਜ਼ਾਰ ਪੌਦੇ ਲਗਾਏ ਜਾਣਗੇ। ਹਰ ਇੱਕ ਪੌਦਾ 5 ਤੋਂ 6 ਫੁੱਟ ਤੱਕ ਦਾ ਹੈ, ਜਿਸ ਨੂੰ ਵੱਡਾ ਹੋਣ ਲਈ ਜ਼ਿਆਦਾ ਸਮਾਂ ਨਹੀਂ ਲੱਗੇਗਾ। ਉਨ੍ਹਾਂ ਦੱਸਿਆ ਕਿ ਪੌਦਿਆਂ ਨੂੰ ਪਸ਼ੂਆਂ ਤੋਂ ਬਚਾਉਣ ਲਈ ਟਰੀ-ਗਾਰਡ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੌਦਿਆਂ ਦੇ ਵੱਡੇ ਹੋ ਕੇ ਰੁੱਖਾਂ ਵਿਚ ਬਦਲਣ ਤੇ ਇਹ ਪੂਰੀ ਸੜਕ ਪੀਲੇ ਅਤੇ ਖ਼ੁਸ਼ਬੂਦਾਰ ਫੁੱਲਾਂ ਦੀ ਖ਼ੁਸ਼ਬੂ ਨਾਲ ਮਹਿਕੇਗੀ, ਜਿਸ ਨਾਲ ਇਹ ਸੜਕ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰੇਗੀ। ਡਿਪਟੀ ਕਮਿਸ਼ਨਰ ਨੇ ਇਸ ਮੁਹਿੰਮ ਲਈ ਐਚਪੀਸੀਐਲ ਦਾ ਧੰਨਵਾਦ ਕੀਤਾ, ਜਿਸ ਨੇ ਸੀਐਸਆਰ ਫ਼ੰਡਾਂ ਵਿਚ 22 ਲੱਖ ਰੁਪਏ ਇਸ ਮੁਹਿੰਮ ਲਈ ਦਿੱਤੇ।  ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਮਿਲ ਕੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਵਿਧਾਇਕ ਪਿੰਕੀ ਨੇ ਦੱਸਿਆ ਕਿ ਆਉਣ ਵਾਲੇ ਕੁੱਝ ਹੀ ਦਿਨਾਂ ਵਿਚ ਪੂਰੀ ਸੜਕ ਤੇ ਪੌਦੇ ਲਗਾਉਣ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਬਾਅਦ ਵਿਚ ਇਸ ਸੜਕ ਤੇ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲੇਗਾ। 

Related Articles

Back to top button