Ferozepur News

ਰਾਣਾ ਗੁਰਮੀਤ ਸਿੰਘ ਸੋਢੀ ਨੇ ਗੁਰੂਹਰਸਹਾਏ ਹਲਕੇ ਦੀਆਂ 232 ਗ੍ਰਾਮ ਪੰਚਾਇਤਾਂ ਨੂੰ 6 ਕਰੋੜ ਰੁਪਏ ਦੇ ਚੈੱਕ ਕੀਤੇ ਤਕਸੀਮ 

ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦਾ ਚਹੁੰਮੁਖੀ ਵਿਕਾਸ ਕਰਨ ਲਈ ਵਚਨਬੱਧ-ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ 

ਰਾਣਾ ਗੁਰਮੀਤ ਸਿੰਘ ਸੋਢੀ ਨੇ ਗੁਰੂਹਰਸਹਾਏ ਹਲਕੇ ਦੀਆਂ 232 ਗ੍ਰਾਮ ਪੰਚਾਇਤਾਂ ਨੂੰ 6 ਕਰੋੜ ਰੁਪਏ ਦੇ ਚੈੱਕ ਕੀਤੇ ਤਕਸੀਮ 

ਕਿਹਾ, ਪਿੰਡਾਂ ਦੇ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ

 

ਗੁਰੂਹਰਸਹਾਏ/ਫਿਰੋਜ਼ਪੁਰ 3 ਮਾਰਚ 2019 ( ) ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦਾ ਚਹੁੰਮੁਖੀ ਵਿਕਾਸ ਕਰਨ ਲਈ ਵਚਨਬੱਧ ਹੈ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਨੂੰ ਸ਼ਹਿਰੀ ਦਿੱਖ ਪ੍ਰਦਾਨ ਕਰਕੇ ਨਮੂਨੇ ਦੇ ਪਿੰਡਾਂ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਗੁਰੂਹਰਸਹਾਏ ਵਿਖੇ ਹਲਕੇ ਦੀਆਂ 232 ਗ੍ਰਾਮ ਪੰਚਾਇਤਾਂ ਨੂੰ 6 ਕਰੋੜ ਰੁਪਏ ਦੇ ਚੈੱਕ ਤਕਸੀਮ ਕਰਨ ਲਈ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। 

ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ 6 ਕਰੋੜ ਰੁਪਏ ਦੀ ਲਾਗਤ ਨਾਲ ਹਲਕੇ ਦੇ 232 ਪਿੰਡਾਂ ਦਾ ਸਰਬਪੱਖੀ ਵਿਕਾਸ ਕਰਕੇ ਇਨ੍ਹਾਂ ਪਿੰਡਾਂ ਦੀ ਨਕਸ਼ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸ਼ਹਿਰੀ ਤਰਜ਼ ਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸਟਰੀਟ ਲਾਈਟਾਂ, ਛੱਪੜਾਂ ਦੀ ਸਾਫ-ਸਫਾਈ ਤੇ ਚਾਰਦੀਵਾਰੀ, ਗਲੀਆਂ ਨਾਲੀਆਂ ਅਤੇ ਸ਼ਮਸ਼ਾਨਘਾਟ ਦੀ ਉਸਾਰੀ ਆਦਿ ਕੰਮ ਕਰਵਾਏ ਜਾਣਗੇ ਤਾਂ ਜੋ ਪਿੰਡ ਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮਿਲ ਸਕਣ।  ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧੜੇਬੰਦੀ ਤੋਂ ਉੱਪਰ ਉੱਠ ਕੇ  ਪਿੰਡਾਂ ਦੇ ਵਿਕਾਸ ਲਈ ਸਰਕਾਰ ਨੂੰ ਸਹਿਯੋਗ ਦੇਣ। 

ਉਨ੍ਹਾਂ  ਹਲਕੇ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਸਰਕਾਰ ਵੱਲੋਂ 3.50 ਕਰੋੜ ਰੁਪਏ ਜਲਦੀ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਵੀ ਦਿਵਾਇਆ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਗ਼ਰੀਬ ਵਰਗ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਅਤੇ ਸਕੂਲਾਂ ਨੂੰ ਨਵੀਂ ਦਿੱਖ ਮਿਲ ਸਕੇ। 

ਇਸ ਮੌਕੇ ਐੱਸ.ਡੀ.ਐੱਮ. ਗੁਰੂਹਰਸਹਾਏ ਸ੍ਰੀ. ਕੁਲਦੀਪ ਬਾਵਾ, ਸਕੱਤਰ ਰੈੱਡ ਕਰਾਸ ਸ੍ਰੀ. ਅਸ਼ੋਕ ਬਹਿਲ, ਖੇਡ ਅਫ਼ਸਰ ਸ੍ਰੀ. ਸੁਨੀਲ ਕੁਮਾਰ, ਡੀ.ਐੱਸ.ਪੀ. ਗੁਰਜੀਤ ਸਿੰਘ, ਬੀ.ਡੀ.ਪੀ.ਓ. ਸ੍ਰ. ਸਰਬਜੀਤ ਸਿੰਘ, ਬਲਾਕ ਪ੍ਰਧਾਨ ਕਾਂਗਰਸ ਰਵੀ ਚਾਵਲਾ, ਗੁਰਦੀਪ ਸਿੰਘ ਢਿੱਲੋਂ, ਵੇਦ ਪ੍ਰਕਾਸ਼, ਵਿੱਕੀ ਸਿੱਧੂ, ਅੰਮ੍ਰਿਤਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਸਰਪੰਚ ਅਤੇ ਕਾਂਗਰਸੀ ਆਗੂ ਵੀ ਹਾਜ਼ਰ ਸਨ। 

Related Articles

Back to top button