ਮਿਸ਼ਨ ਫ਼ਤਿਹ: ਫਿਰੋਜ਼ਪੁਰ ਤੋਂ ਛੇ ਰੂਟਾਂ ‘ਤੇ ਸ਼ੁਰੂ ਹੋਈ ਬੱਸ ਸਰਵਿਸ, 450 ਤੋਂ ਜ਼ਿਆਦਾ ਯਾਤਰੀਆਂ ਨੇ ਲਿਆ ਫ਼ਾਇਦਾ: ਡਿਪਟੀ ਕਮਿਸ਼ਨਰ
ਬੱਸਾਂ ਵਿੱਚ ਸਮਾਜਿਕ ਦੂਰੀ, ਮਾਸਕ ਪਹਿਨਣ, ਟੈਂਪਰੇਚਰ ਚੈੱਕ ਕਰਨ ਅਤੇ ਹੱਥ ਸੈਨੇਟਾਈਜ਼ਰ ਨਾਲ ਸਾਫ਼ ਕਰਵਾਉਣ ਦੇ ਨਿਰਦੇਸ਼ਾਂ ਦਾ ਕੀਤਾ ਜਾ ਰਿਹਾ ਹੈ ਪਾਲਨ
ਫਿਰੋਜ਼ਪੁਰ, 10 ਜੂਨ
ਹਾਲਾਤ ਨਾਰਮਲ ਹੋਣ ਦੇ ਬਾਅਦ ਮਿਸ਼ਨ ਫ਼ਤਿਹ ਦੇ ਤਹਿਤ ਲੋਕਾਂ ਨੂੰ ਪਰਿਵਹਨ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪਰਿਵਹਨ ਵਿਭਾਗ ਵੱਲੋਂ ਫਿਰੋਜ਼ਪੁਰ ਤੋਂ ਛੇ ਰੂਟਾਂ ਲਈ ਬੱਸ ਸਰਵਿਸ ਬਹਾਲ ਕਰ ਦਿੱਤੀ ਗਈ ਹੈ, ਜਿਸ ਦੇ ਜ਼ਰੀਏ ਕਰੀਬ 450 ਲੋਕ ਘੱਟ ਅਤੇ ਲੰਬੀ ਦੂਰੀ ਦੀਆਂ ਬੱਸ ਸੁਵਿਧਾਵਾਂ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ।
ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਹਾਲਾਤ ਨਾਰਮਲ ਹੋਣ ਦੇ ਬਾਅਦ ਹੀ ਪਰਿਵਹਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਫ਼ਿਲਹਾਲ ਫਿਰੋਜ਼ਪੁਰ ਤੋਂ ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ, ਜ਼ੀਰਾ ਤੋਂ ਚੰਡੀਗੜ੍ਹ ਅਤੇ ਜ਼ੀਰਾ ਤੋਂ ਫਿਰੋਜ਼ਪੁਰ ਰੂਟ ‘ਤੇ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੂਟਾਂ ‘ਤੇ ਲਗਭਗ 450 ਯਾਤਰੀ ਸੇਵਾਵਾਂ ਹਾਸਲ ਕਰ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਸਾਂ ਵਿਚ ਸਮਾਜਿਕ ਦੂਰੀ, ਮਾਸਕ ਪਹਿਨਣ, ਟੈਂਪਰੇਚਰ ਚੈੱਕ ਕਰਨ ਅਤੇ ਹੱਥ ਸੈਨੇਟਾਈਜ਼ਰ ਨਾਲ ਸਾਫ਼ ਕਰਵਾਉਣ ਵਾਲੇ ਨਿਯਮਾਂ ਦਾ ਖ਼ਾਸ ਤੌਰ ‘ਤੇ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸਾਂ ਵਿਚ ਸਿਰਫ਼ ਅੱਧੀ ਸ਼ਮਤਾ ਨਾਲ ਹੀ ਮੁਸਾਫ਼ਰਾਂ ਨੂੰ ਯਾਤਰਾ ਕਰਵਾਈ ਜਾ ਰਹੀ ਹੈ ਤਾਂ ਕਿ ਬੱਸਾਂ ਵਿਚ ਭੀੜ ਨਾ ਹੋਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਦੇ ਤਹਿਤ ਹੌਲੀ-ਹੌਲੀ ਹਾਲਾਤ ਨਾਰਮਲ ਕਰਨ ਤੋਂ ਇਲਾਵਾ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦਾ ਪਾਲਨ ਕਰਨ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਸਾਰਿਆਂ ਦੇ ਸਮੂਹਿਕ ਯਤਨਾਂ ਨਾਲ ਸਫਲ ਬਣਾਇਆ ਜਾ ਸਕਦਾ ਹੈ, ਇਸ ਲਈ ਲੋਕਾਂ ਨੂੰ ਘਰ ਤੋਂ ਬਾਹਰ ਜਾਂਦੇ ਸਮੇਂ ਸਮਾਜਿਕ ਦੂਰੀ, ਮਾਸਕ ਪਹਿਨਣ ਨਾਲ ਸਬੰਧਿਤ ਜ਼ਰੂਰੀ ਨਿਯਮਾਂ ਦਾ ਪਾਲਨ ਕਰਨਾ ਜ਼ਰੂਰੀ ਹੈ।
ਪੰਜਾਬ ਰੋਡਵੇਜ਼ ਫਿਰੋਜ਼ਪੁਰ ਦੇ ਜੀ.ਐਮ. ਅਰਵਿੰਦ ਸ਼ਰਮਾ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਚੰਡੀਗੜ੍ਹ ਦੇ ਲਈ ਸਵੇਰੇ 5:10 ਵਜੇ, ਫਿਰੋਜ਼ਪੁਰ ਤੋਂ ਅੰਮ੍ਰਿਤਸਰ ਲਈ 9:07 ਵਜੇ, ਫ਼ਾਜ਼ਿਲਕਾ ਤੋਂ ਚੰਡੀਗੜ੍ਹ ਵਾਲੀ ਬੱਸ ਸਵੇਰੇ 4:15 ਵਜੇ ਅਤੇ ਫਿਰੋਜ਼ਪੁਰ ਤੋਂ 6:18 ਵਜੇ, ਫ਼ਾਜ਼ਿਲਕਾ ਤੋਂ ਜਲੰਧਰ ਸਵੇਰੇ 6 ਵਜੇ ਅਤੇ ਫਿਰੋਜ਼ਪੁਰ ਤੋਂ ਸਵੇਰੇ 9:20 ਵਜੇ, ਜ਼ੀਰਾ ਤੋਂ ਚੰਡੀਗੜ੍ਹ ਦੇ ਲਈ ਸਵੇਰੇ 6.30 ਵਜੇ ਅਤੇ ਜ਼ੀਰਾ ਤੋਂ ਫਿਰੋਜ਼ਪੁਰ ਦੇ ਲਈ ਸਵੇਰੇ 8:10 ਵਜੇ ਬੱਸਾਂ ਰਵਾਨਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਯਾਤਰੀ ਇਨ੍ਹਾਂ ਬੱਸਾਂ ਵਿਚ ਸਵਾਰ ਹੋ ਕੇ ਪਰਿਵਹਨ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।