Ferozepur News

ਭਾਸ਼ਾ ਵਿਭਾਗ  ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਪੰਜਾਬੀ ਸਾਹਿਬ ਨਾਲ ਸਬੰਧਤ ਪੁਸਤਕਾਂ ਦੀ ਲਗਾਈ ਗਈ ਪ੍ਰਦਰਸ਼ਨੀ

ਭਾਸ਼ਾ ਵਿਭਾਗ  ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਭਾਸ਼ਾ ਵਿਭਾਗ  ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਪੰਜਾਬੀ ਸਾਹਿਬ ਨਾਲ ਸਬੰਧਤ ਪੁਸਤਕਾਂ ਦੀ ਲਗਾਈ ਗਈ ਪ੍ਰਦਰਸ਼ਨੀ

ਫਿਰੋਜ਼ਪੁਰ, 22 ਮਾਰਚ 2022: ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਨਿਰਦੇਸ਼ਾਂ ਅਤੇ ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਡਾ. ਵੀਰਪਾਲ ਕੌਰ ਜੀ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਗੁਰੂ ਨਾਨਕ ਕਾਲਜ, ਫ਼ਿਰੋਜ਼ਪੁਰ ਛਾਉਣੀ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਕਰਵਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲਿਖਾਰੀ ਨਾਨਕਾ’ ਨਾਲ ਹੋਈ। ਆਏ ਹੋਏ ਮਹਿਮਾਨਾਂ ਨੂੰ ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਵੱਲੋਂ ‘ਜੀ ਆਇਆਂ’ ਕਹਿੰਦਿਆਂ ਹੋਇਆਂ ਪੰਜਾਬੀ ਦੇ ਬਹੁਵਿਧਾਈ ਅਤੇ ਸਮਰੱਥ ਲੇਖਕ ਸ. ਗੁਰਮੀਤ ਕੜਿਆਲਵੀ ਬਾਰੇ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਗੁਰਮੀਤ ਕੜਿਆਲਵੀ ਇੱਕ ਅਜਿਹਾ ਸਾਹਿਤਕਾਰ ਹੈ ਜਿਸ ਲਈ ਕਲਾ ਧਰਮ ਵੀ ਹੈ ਅਤੇ ਲੁਕਾਈ ਦੀ ਪੀੜ ਵੀ। ਇਸ ਤੋਂ ਬਾਅਦ ਉਨ੍ਹਾਂ ਵਿਸ਼ੇਸ਼ ਮਹਿਮਾਨ ਸ. ਰਤਿੰਦਰ ਸਿੰਘ ਸਾਂਈਆਂ ਵਾਲਾ ਅਤੇ ਪ੍ਰਿੰਸੀਪਲ ਸ. ਇੰਦਰਜੀਤ ਸਿੰਘ ਗੁਰੂ ਨਾਨਕ ਕਾਲਜ, ਫ਼ਿਰੋਜ਼ਪੁਰ ਛਾਉਣੀ ਅਤੇ ਭਾਸ਼ਾ ਮੰਚ ਗੁਰੂ ਨਾਨਕ ਕਾਲਜ, ਫ਼ਿਰੋਜ਼ਪੁਰ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਦੁਆਰਾ ਇਸ ਸਮਾਗਮ ਨੂੰ ਨੇਪਰੇ ਚਾੜਨ ਵਿੱਚ ਮਿਲਿਆ ਸਹਿਯੋਗ ਸ਼ਲਾਘਾਯੋਗ ਸੀ।

ਦਲਜੀਤ ਸਿੰਘ, ਖੋਜ ਅਫ਼ਸਰ ਨੇ ਦੱਸਿਆ ਕਿ ਸ੍ਰੀ ਗੁਰਮੀਤ ਕੜਿਆਲਵੀ ਜੀ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਸ. ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਹੀ ਰੂਪ ਵਿੱਚ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ। ਸ. ਭਗਤ ਸਿੰਘ ਦਾ ਅਕਸ ਬੰਬ ਅਤੇ ਬੰਦੂਕਾਂ ਵਾਲਾ ਨਹੀਂ, ਸਗੋਂ ਉਹ ਇੱਕ ਚਿੰਤਨ ਨਾਲ ਜੁੜਿਆ ਹੋਇਆ ਇਨਕਲਾਬੀ ਯੋਧਾ ਸੀ। ਸਮਕਾਲ ਵਿੱਚ ਸ. ਭਗਤ ਸਿੰਘ ਦੀ ਵਿਚਾਰਧਾਰਾ ਨੂੰ ਬੜੇ ਹੀ ਖ਼ੂਬਸੂਰਤ ਤਰੀਕੇ ਨਾਲ ਸ੍ਰੀ ਗੁਰਮੀਤ ਕੜਿਆਲਵੀ ਨੇ ਇਤਿਹਾਸ ਦੇ ਹਵਾਲੇ ਨਾਲ ਜੋੜਿਆ ਹੈ। ਸੰਨ 1907 ਵਿੱਚ ‘ਪੱਗੜੀ ਸੰਭਾਲ ਜੱਟਾ ਲਹਿਰ’ ਵਿੱਚੋਂ ਸ. ਭਗਤ ਸਿੰਘ ਜਿਹੇ ਇਨਕਲਾਬੀ ਯੋਧੇ ਦਾ ਜਨਮ ਹੁੰਦਾ ਹੈ। ਵਰਤਮਾਨ ਸਮੇਂ ਦੀਆਂ ਵੰਗਾਰਾਂ ਵਿਰੁੱਧ ਲਾਮਬੰਦ ਹੋਣ ਲਈ ਸ. ਭਗਤ ਸਿੰਘ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮੁੜ ਨਵੇਂ ਸਿਰੇ ਤੋਂ ਸੰਜੀਦਾ ਰੂਪ ਵਿੱਚ ਸਮਝਿਆ ਜਾਵੇ।

ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਰਤਿੰਦਰ ਸਿੰਘ ਸਾਂਈਆਂ ਵਾਲਾ, ਚੇਅਰਮੈਨ ਗੁਰੂ ਨਾਨਕ ਕਾਲਜ ਐਜੂਕੇਸ਼ਨ ਸੁਸਾਇਟੀ ਨੇ ਕਿਹਾ ਕਿ ਸ. ਭਗਤ ਸਿੰਘ ਦੇ ਨਾਮ ’ਤੇ ਸਿਆਸੀ ਫਾਇਦਾ ਲੈਣ ਵਾਲੀਆਂ ਧਿਰਾਂ ਨੂੰ ਪਛਾਨਣ ਦੀ ਲੋੜ ਹੈ। ਸ. ਭਗਤ ਸਿੰਘ ਪ੍ਰਤੀ ਸ਼ਰਧਾ ਹੀ ਨਾ ਹੋਵੇ ਸਗੋਂ ਉਸ ਦੇ ਦਿਖਾਏ ਹੋਏ ਰਸਤੇ ’ਤੇ ਚਲਣਾ ਹੀ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਪੰਜਾਬੀ ਸਾਹਿਤਕ ਜਗਤ ਦੇ ਨਾਮਵਰ ਸ਼ਾਇਰ ਸ੍ਰੀ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਸ. ਭਗਤ ਸਿੰਘ ਨੂੰ ਸਿਰਫ਼ 23 ਸਾਲ ਦੀ ਉਮਰ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ।

ਇਸ ਮੌਕੇ ਅਦਾਰਾ ਤਾਸਮਨ ਵੱਲੋਂ ਸ੍ਰੀ ਹਰਮੀਤ ਵਿਦਿਆਰਥੀ ਰਾਹੀਂ ਸ੍ਰੀ ਗੁਰਮੀਤ ਕੜਿਆਲਵੀ ਜੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ‘ਤਾਸਮਨ’ ਪੰਜਾਬੀ ਸਾਹਿਤ ਦਾ ਇੱਕ ਗੁਣਾਤਮਿਕ ਰਸਾਲਾ ਹੈ, ਜਿਸਦੇ ਸਲਾਹਕਾਰ ਵਜੋਂ ਸ੍ਰੀ ਗੁਰਮੀਤ ਕੜਿਆਲਵੀ ਅਤੇ ਹਰਮੀਤ ਵਿਦਿਆਰਥੀ ਕਾਰਜਸ਼ੀਲ ਹਨ। ਭਾਸ਼ਾ ਮੰਚ ਗੁਰੂ ਨਾਨਕ ਕਾਲਜ, ਫ਼ਿਰੋਜ਼ਪੁਰ ਛਾਉਣੀ ਦੇ ਸਰਪ੍ਰਸਤ ਡਾ. ਕੁਲਬੀਰ ਮਲਿਕ ਨੇ ਮੰਚ ਸੰਚਾਲਣ ਕਰਦਿਆਂ ਖ਼ੂਬਸੂਰਤ ਤਰੀਕੇ ਨਾਲ ਸੰਜਮਤਾ ਅਤੇ ਗੁਣਾਤਮਿਕਤਾ ਕਾਇਮ ਰੱਖਿਦਿਆਂ ਸਮਾਗਮ ਵਿੱਚ ਖਿੱਚ ਪੈਦਾ ਕਰੀ ਰੱਖੀ। ਸ. ਨਵਦੀਪ ਸਿੰਘ, ਜੂਨੀ. ਸਹਾਇਕ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਛਾਉਣੀ ਦੇ ਵਿਹੜੇ ਵਿੱਚ ਇੱਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਅਤੇ ਜਿਸ ਦਾ ਬਹੁਤ ਹੀ ਸਾਕਾਰਤਮਿਕ ਹੁੰਗਾਰਾ ਮਿਲਿਆ।

ਇਸ ਮੌਕੇ ’ਤੇ ਸਾਹਿਤਕ ਜਗਤ ਤੋਂ ਮਲਕੀਤ ਹਰਾਜ, ਦੀਪ ਜ਼ੀਰਵੀ, ਸੁਖਦੇਵ ਭੱਟੀ, ਸੁਖਵਿੰਦਰ ਜੋਸ਼, ਸੁਖਚੈਨ ਸਿੰਘ, ਅਮਨਦੀਪ ਜੌਹਲ, ਸ੍ਰੀ ਮੰਗਤ ਰਾਮ ਜੀ ਅਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਗੁਰਦੀਪ ਸਿੰਘ ਜੀ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਭਾਸ਼ਾ ਵਿਭਾਗ, ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਤੇ ਪ੍ਰਿੰਸੀਪਲ ਸ. ਇੰਦਰਜੀਤ ਸਿੰਘ ਜੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਾਡੇ ਕਾਲਜ ਲਈ ਮਾਣ ਦੀ ਗੱਲ ਹੈ ਕਿ ਇਹੋ ਜਿਹਾ ਮੁੱਲਵਾਨ ਸਮਾਗਮ ਦਾ ਹਿੱਸਾ ਬਣਨ ਦਾ ਸਾਨੂੰ ਮੌਕਾ ਮਿਲਿਆ ਹੈ।

Related Articles

Leave a Reply

Your email address will not be published. Required fields are marked *

Back to top button