Ferozepur News

ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਉੱਘੇ ਸ਼ਾਇਰ ਗੁਰਤੇਜ ਕੋਹਾਰਵਾਲਾ ਦਾ ਕਰਵਾਇਆ ਗਿਆ ਰੂ-ਬ-ਰੂ ਸਮਾਗਮ

ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਉੱਘੇ ਸ਼ਾਇਰ ਗੁਰਤੇਜ ਕੋਹਾਰਵਾਲਾ ਦਾ ਕਰਵਾਇਆ ਗਿਆ ਰੂ-ਬ-ਰੂ ਸਮਾਗਮ

ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਉੱਘੇ ਸ਼ਾਇਰ ਗੁਰਤੇਜ ਕੋਹਾਰਵਾਲਾ ਦਾ ਕਰਵਾਇਆ ਗਿਆ ਰੂ-ਬ-ਰੂ ਸਮਾਗਮ

 ਫਿਰੋਜ਼ਪੁਰ 29 ਅਪ੍ਰੈਲ, 2022: ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਪੰਜਾਬੀ ਵਿਭਾਗ ਅਤੇ ਭਾਸ਼ਾ ਮੰਚ ਆਰ.ਐੱਸ.ਡੀ. ਕਾਲਜ, ਫ਼ਿਰੋਜ਼ਪੁਰ ਸ਼ਹਿਰ ਦੇ ਸਹਿਯੋਗ ਨਾਲ ਪੰਜਾਬੀ ਦੇ ਨਾਮਵਰ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਦਾ ਰੂ-ਬ-ਰੂ ਸਮਾਗਮ ਆਰ.ਐੱਸ.ਡੀ. ਕਾਲਜ, ਫ਼ਿਰੋਜ਼ਪੁਰ ਸ਼ਹਿਰ ਵਿੱਚ ਕਰਵਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲਿਖਾਰੀ ਨਾਨਕਾ’  ਦੇ ਗਾਇਨ ਨਾਲ ਸ਼ੁਰੂ ਹੋਈ। ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਸ਼ੋਕ ਗੁਪਤਾ ਨੇ ਕਾਲਜ ਵੱਲੋਂ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਗੁਰਤੇਜ ਕੋਹਾਰਵਾਲਾ ਅਤੇ ਪ੍ਰੋ. ਜਸਪਾਲ ਘਈ ਦੀ ਸ਼ਾਇਰੀ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਨਾਲ ਕਾਲਜ ਦੇ ਸਮੇਂ ਬਿਤਾਈਆਂ ਨਿੱਘੀਆਂ ਯਾਦਾਂ ਨੂੰ ਸਾਂਝਾ ਕੀਤਾ। ਇਸ ਤੋਂ ਬਾਅਦ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਭਾਸ਼ਾ ਵਿਭਾਗ ਵੱਲੋਂ ‘ਜੀ ਆਇਆਂ’ ਆਖਦਿਆਂ ਭਾਸ਼ਾ ਵਿਭਾਗ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਕੋਲ ਗੁਰਤੇਜ ਕੋਹਾਰਵਾਲਾ ਅਤੇ ਪ੍ਰੋ. ਜਸਪਾਲ ਘਈ ਵਰਗੇ ਵੱਡੇ ਸ਼ਾਇਰ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਰੂ-ਬ-ਰੂ ਸਮਾਗਮ ਦੀ ਮਹੱਤਤਾ ਅਤੇ ਸਾਹਿਤ ਦੀ ਸਿਰਜਣ ਪ੍ਰਕਿਰਿਆ ਬਾਰੇ ਸੰਖੇਪ ਗੱਲਬਾਤ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ  ਹਮੇਸ਼ਾ ਹੀ ਅਜਿਹੇ ਉਸਾਰੂ ਅਤੇ ਸਿਰਜਨਾਤਮਿਕ ਸਮਾਗਮ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ।

ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਉੱਘੇ ਸ਼ਾਇਰ ਗੁਰਤੇਜ ਕੋਹਾਰਵਾਲਾ ਦਾ ਕਰਵਾਇਆ ਗਿਆ ਰੂ-ਬ-ਰੂ ਸਮਾਗਮ

ਸਹਾਇਕ ਪ੍ਰੋ. ਕੁਲਦੀਪ ਸਿੰਘ ਮੁਖੀ ਪੰਜਾਬੀ ਵਿਭਾਗ ਅਤੇ ਸਰਪ੍ਰਸਤ ਭਾਸ਼ਾ ਮੰਚ ਆਰ. ਐੱਸ. ਡੀ. ਕਾਲਜ,ਫ਼ਿਰੋਜ਼ਪੁਰ ਨੇ ਮੰਚ ਸੰਚਾਲਨ ਕਰਦਿਆਂ ਬਹੁਤ ਹੀ ਸੰਜੀਦਾ ਰੂਪ ਵਿੱਚ ਗੁਰਤੇਜ ਕੋਹਾਰਵਾਲਾ ਅਤੇ ਪ੍ਰੋ. ਜਸਪਾਲ ਘਈ ਦੀ ਸ਼ਖ਼ਸ਼ੀਅਤ ਤੇ ਕਾਵਿ ਜਗਤ ਬਾਰੇ ਚਾਣਨਾ ਪਾਇਆ। ਕੁਲਦੀਪ ਸਿੰਘ ਨੇ ਗੁਰੇਤਜ ਕੋਹਾਰਵਾਲਾ ਦਾ ਰੂ-ਬ-ਰੂ ਕਰਵਾਉਂਦਿਆਂ ਉਨ੍ਹਾਂ ਦੀਆਂ ਕਾਵਿ-ਸਤਰਾਂ ਦਾ ਉਚਾਰਨ ਕਰਕੇ ਸਮਾਗਮ ਨੂੰ ਸਾਹਿਤਕ ਅਤੇ ਰਸ ਭਰਪੂਰ ਰੰਗਤ ਦਿੱਤੀ।

ਇਸ ਮੌਕੇ ਗੁਰਤੇਜ ਕੋਹਾਰਵਾਲਾ ਨੇ ਆਪਣੇ ਰੂ-ਬ-ਰੂ ਦੌਰਾਨ ਕਵਿਤਾ ਦੀ ਸਿਰਜਣ ਪ੍ਰਕਿਰਿਆ ਅਤੇ ਹੋਂਦ ਵਿਧੀ ਬਾਰੇ ਬਹੁਤ ਹੀ ਸੂਖਮ ਅਤੇ ਮਾਹੀਨ ਗੱਲ-ਬਾਤ ਕੀਤੀ। ਉਨ੍ਹਾਂ ਅਨੁਸਾਰ ਕਵਿਤਾ ਦੁਨੀਆ ਦੀ ਪਹਿਲੀ ਕਲਾ ਹੈ ਅਤੇ ਕਵੀ ਆਪਣੇ ਤੋਂ ਪਹਿਲੇ ਵਰਤਮਾਨ ਅਤੇ ਭਵਿੱਖ ਦੇ ਸਮਾਜਾਂ ਨਾਲ ਜੁੜਕੇ ਇੱਕ ਗੁੰਝਲਦਾਰ ਯਾਤਰਾ ’ਤੇ ਹੁੰਦਾ ਹੈ। ਇਸ ਯਾਤਰਾ ਦੌਰਾਨ ਉਹ ਸਵੈ ਤੋਂ ਸਮੂਹ ਵੱਲ ਜਾਂਦਾ ਹੋਇਆ ਸਾਰੇ ਸਮਾਜ ਦੀ ਪੀੜ ਵਿੱਚੋਂ ਲੰਘਦਾ ਹੈ। ਗੁਰਤੇਜ ਕੋਹਾਰਵਾਲਾ ਅਨੁਸਾਰ ਕਵਿਤਾ ਦਾ ਤਕਨੀਕੀ ਤੌਰ ’ਤੇ ਸਹੀ ਹੋਣ ਨਾਲੋਂ ਕਵਿਤਾ ਦਾ ਕਾਵਿਕ ਤੌਰ ’ਤੇ ਸਹੀ ਹੋਣਾ ਵਧੇਰੇ ਜਰੂਰੀ ਹੈ। ਉੱਘੇ ਕਹਾਣੀਕਾਰ ਗੁਰਦਿਆਲ ਸਿੰਘ ਵਿਰਕ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਵਿਤਾ ਵਿੱਚ ਪੀੜ ਅਤੇ ਚੀਸ ਉਨ੍ਹਾਂ ਦੀ ਨਿੱਜੀ ਨਹੀਂ, ਸਗੋਂ ਸਮਾਜ ਦੀ ਤਪਸ਼ ਨੂੰ ਮਹਿਸੂਸ ਕਰਦਿਆਂ ਪ੍ਰਾਪਤ ਹੋਏ ਅਨੁਭਵ ਹੀ ਉਨ੍ਹਾਂ ਦੇ ਕਾਵਿ ਜਗਤ ਦਾ ਹਿੱਸਾ ਬਣ ਜਾਂਦੇ ਹਨ। ਇਸ ਤੋਂ ਬਾਅਦ ਸੁਖਜਿੰਦਰ, ਗੁਰਮੀਤ ਜੱਜ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੇ ਸਵੈ ਅਤੇ ਕਵਿਤਾ ਦੇ ਆਪਸੀ ਸੰਬੰਧਾਂ, ਸਿਰਜਣ ਪ੍ਰਕਿਰਿਆ, ਇੱਕ ਕਵੀ ਵਜੋਂ ਮਨੋਸਥਿਤੀ ਆਦਿ ਬਾਰੇ ਜ਼ਿੰਮੇਵਾਰੀ ਨਾਲ ਜਵਾਬ ਦਿੰਦਿਆਂ ਇੱਕ ਸਮਰੱਥ ਅਤੇ ਸੰਵੇਦਨਸ਼ੀਲ ਸ਼ਾਇਰ ਵਾਲੀ ਭੂਮਿਕਾ ਨਿਭਾਈ।

ਸਮਾਗਮ ਨੂੰ ਅੱਗੇ ਤੋਰਦਿਆਂ ਸਹਾਇਕ ਪ੍ਰੋ. ਕੁਲਦੀਪ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਜਸਪਾਲ ਘਈ ਦਾ ਖ਼ੂਸਰੂਰਤ ਤਰੀਕੇ ਨਾਲ ਤੁਆਰਫ਼ ਕਰਵਾਉਂਦਿਆਂ ਕਿਹਾ ਕਿ ਪ੍ਰੋ. ਘਈ ਇੱਕ ਮਿਹਨਤੀ ਅਤੇ ਲਗਨ ਨਾਲ ਕੰਮ ਕਰਨ ਵਾਲਾ ਜ਼ਿੰਮੇਵਾਰ ਸ਼ਾਇਰ ਹੈ। ਪ੍ਰੋ. ਘਈ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਗੁਰਤੇਜ ਕੋਹਾਰਵਾਲਾ ਦੀ ਕਾਵਿ-ਕਲਾ ਵਿੱਚ ਉਨ੍ਹਾਂ ਦੇ ਪਿਤਾ ਪ੍ਰਸਿੱਧ ਕਵੀ ਹਰਮੰਦਰ ਕੋਹਾਰਵਾਲਾ ਦਾ ਪਿਤਰੀ ਅਸਰ ਵੀ ਹੈ। ਉਨ੍ਹਾਂ ਅਨੁਸਾਰ ਗੁਰਤੇਜ ਇੱਕ ਬਹੁ-ਵਿਧਾਈ ਕਲਾਕਾਰ ਹੈ ਅਤੇ ਉਸ ਨੂੰ ਗ਼ਜ਼ਲ ਦੇ ਨਾਲ-ਨਾਲ ਨਜ਼ਮ ਵੀ ਲਿਖਣੀ ਚਾਹੀਦੀ ਹੈ। ਇੱਕ ਖ਼ੂਬਸੂਰਤ ਟਿੱਪਣੀ ਕਰਦਿਆਂ ਕਿਹਾ ਕਿ ਕਵੀ ਕਵਿਤਾ ਲਿਖਣ ਨਾਲ ਨਹੀਂ ਸਗੋਂ ਕਵਿਤਾ ਜਿਉਣ ਨਾਲ ਕਵੀ ਬਣਦਾ ਹੈ। ਇਸ ਪ੍ਰਕਾਰ ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਕਲਾਤਮਿਕ ਸਮਾਗਮ ਹੋ ਨਿਬੜਿਆ।

ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਪੰਡਿਤ ਸਤੀਸ਼ ਕੁਮਾਰ ਸ਼ਰਮਾ ਨੇ ਗੁਰਤੇਜ ਕੋਹਾਰਵਾਲਾ ਅਤੇ ਪ੍ਰੋ. ਜਸਪਾਲ ਘਈ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਆਰ.ਐੱਸ.ਡੀ. ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਹ ਦੋਵੇਂ ਵੱਡੇ ਸ਼ਾਇਰ ਇਸ ਸੰਸਥਾ ਵਿੱਚ ਬਤੌਰ ਅਧਿਆਪਕ ਕਾਰਜਸ਼ੀਲ ਰਹੇ ਹਨ। ਖੋਜ ਅਫ਼ਸਰ ਸ. ਦਲਜੀਤ ਸਿੰਘ ਨੇ ਭਾਸ਼ਾ ਵਿਭਾਗ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਰ.ਐੱਸ.ਡੀ. ਕਾਲਜ ਵਿੱਚ ਅਜਿਹਾ ਸ਼ਾਨਦਾਰ ਸਮਾਗਮ ਆਯੋਜਿਤ ਕਰ ਸਕਣਾ ਸਾਡੇ ਲਈ ਖ਼ੁਸ਼ੀ ਭਰਿਆ ਅਨੁਭਵ ਹੈ ਅਤੇ ਉਨ੍ਹਾਂ ਨੇ ਕਾਲਜ ਮੈਨੇਜਮੈਂਟ ਪ੍ਰਿੰਸੀਪਲ, ਸਟਾਫ਼ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬੀ ਵਿਭਾਗ ਅਤੇ ਭਾਸ਼ਾ ਮੰਚ ਵੱਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਣ ਦੀ ਪ੍ਰਰੇਨਾ ਦਿੱਤੀ। ਪੰਜਾਬੀ ਵਿਭਾਗ ਵੱਲੋਂ ਧੰਨਵਾਦ ਕਰਦਿਆਂ ਡਾ. ਮਨਜੀਤ ਕੌਰ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਾਗਮ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਲਾਹੇਵੰਦ ਰਿਹਾ ਅਤੇ ਨਵੀਆਂ ਕਲਮਾਂ ਨੂੰ ਸੇਧ ਮਿਲੇਗੀ।

ਇਸ ਮੌਕੇ ’ਤੇ ਸਾਹਿਤਕ ਜਗਤ ਤੋਂ ਸ੍ਰੀ ਹਰਮੀਤ ਵਿਦਿਆਰਥੀ, ਡਾ. ਕੁਲਬੀਰ ਮਲਿਕ, ਬਲਵਿੰਦਰ ਪਨੇਸਰ, ਅਮਨਦੀਪ ਜੌਹਲ, ਪਟਵਾਰੀ ਮੰਗਤ ਰਾਮ ਤੋਂ ਇਲਾਵਾ ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੀ. ਐੱਸ. ਢਿੱਲੋਂ, ਨਵਦੀਪ ਸਿੰਘ ਜੂਨੀ. ਸਹਾਇਕ, ਪੰਜਾਬੀ ਵਿਭਾਗ ਤੋਂ ਡਾ. ਅਮਨਦੀਪ ਸਿੰਘ. ਡਾ. ਜੀਤਪਾਲ ਸਿੰਘ, ਪ੍ਰੋ. ਯਾਦਵਿੰਦਰ ਸਿੰਘ, ਪ੍ਰੋ. ਬਲਤੇਜ ਸਿੰਘ, ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

 

Related Articles

Leave a Reply

Your email address will not be published. Required fields are marked *

Back to top button