ਪੰਜਾਬ ਰਾਜ ਸਬ ਜੂਨੀਅਰ ਸਵਿਮਿੰਗ ਚੈਂਪੀਅਨਸ਼ਿਪ 26 ਅਤੇ 27 ਮਈ ਨੂੰ ਫ਼ਿਰੋਜ਼ਪੁਰ ਵਿਖੇ ਹੋਵੇਗੀ
ਫ਼ਿਰੋਜ਼ਪੁਰ 20 ਮਈ ( Vikramditya Sharma) ਪੰਜਾਬ ਸਵਿਮਿੰਗ ਐਸੋਸੀਏਸ਼ਨ ਵੱਲੋਂ 32ਵੀਂ ਪੰਜਾਬ ਰਾਜ ਸਬ ਜੂਨੀਅਰ ਸਵਿਮਿੰਗ ਚੈਂਪੀਅਨਸ਼ਿਪ 26 ਅਤੇ 27 ਮਈ ਨੂੰ ਡੀ.ਪੀ.ਐੱਸ (ਦਿੱਲੀ ਪਬਲਿਕ ਸਕੂਲ) ਫ਼ਰੀਦਕੋਟ ਰੋਡ ਫ਼ਿਰੋਜ਼ਪੁਰ ਦੇ ਤੈਰਾਕੀ ਹਾਲ ਵਿਖੇ ਕਰਵਾਈ ਜਾਵੇਗੀ, ਜਿਸ ਵਿਚ ਰਾਜ ਭਰ ਤੋਂ ਗਰੁੱਪ III ਅਤੇ IV ਦੇ ਕਰੀਬ 200 ਤੈਰਾਕ ਭਾਗ ਲੈਣਗੇ। ਜ਼ਿਲ੍ਹਾ ਸਵਿਮਿੰਗ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਸੂਚ ਅਤੇ ਸਕੱਤਰ ਤਰਲੋਚਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਰਾਜ ਪੱਧਰੀ ਤੈਰਾਕੀ ਪ੍ਰਤੀਯੋਗਤਾ ਦਾ ਉਦਘਾਟਨ 26 ਮਈ 2018 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਆਪਣੇ ਕਰ ਕਮਲਾਂ ਨਾਲ ਕਰਨਗੇ ਜਦ ਕਿ ਜੇਤੂਆਂ ਨੂੰ ਇਨਾਮਾਂ ਦੀ ਵੰਡ 27 ਮਈ ਸ਼ਾਮ ਨੂੰ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਕਰਨਗੇ।
ਜ਼ਿਲ੍ਹਾ ਸਵਿਮਿੰਗ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਪ੍ਰਧਾਨ ਸ੍ਰ: ਸੂਚ ਅਤੇ ਸਕੱਤਰ ਤਰਲੋਚਨ ਭੁੱਲਰ ਨੇ ਦੱਸਿਆ ਕਿ ਕਰੀਬ 15 ਸਾਲ ਬਾਅਦ ਫ਼ਿਰੋਜ਼ਪੁਰ ਵਿਚ ਹੋ ਰਹੀ ਰਾਜ ਪੱਧਰੀ ਸਵਿਮਿੰਗ ਪ੍ਰਤੀਯੋਗਤਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਮੁੱਚੀ ਚੈਂਪੀਅਨਸ਼ਿਪ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜ ਭਰ ਤੋਂ ਆਉਣ ਵਾਲੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਸਕੂਲ ਅਹਾਤੇ ਵਿਚ ਹੀ ਰਹਿਣ ਦਾ ਯੋਗ ਪ੍ਰਬੰਧ ਕੀਤਾ ਗਿਆ ਅਤੇ ਕਿਸੇ ਖਿਡਾਰੀ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਹਰ ਸੰਭਵ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਮੌਕੇ ਤੈਰਾਕੀ ਕੋਚ ਗਗਨ ਮਾਟਾ, ਸੁਰੇਸ਼ ਮਾਟਾ, ਵੀ.ਕੇ ਸ਼ਰਮਾ, ਸੰਜੀਵ ਗੁਲਾਟੀ, ਤੇਜਿੰਦਰ ਪਾਲ ਸਿੰਘ, ਸਟੇਟ ਅਵਾਰਡੀ ਗੁਰਿੰਦਰ ਸਿੰਘ, ਸੰਜੇ ਗੁਪਤਾ, ਜਰਨੈਲ ਸਿੰਘ, ਇਕਬਾਲ ਸਿੰਘ ਪਾਲ, ਗੁਰਨਾਮ ਸਿੰਘ, ਮੇਹਰਦੀਪ ਸਿੰਘ, ਹਰਿੰਦਰ ਭੁੱਲਰ, ਤਰਲੋਕ ਜਿੰਦਲ,ਰਾਜ ਬਹਾਦਰ ਸਿੰਘ, ਮੈਡਮ ਨੀਰਜ ਦੇਵੜਾ, ਮੈਡਮ ਜਸਵੀਰ ਕੌਰ ਆਦਿ ਐਸੋਸੀਏਸ਼ਨ ਦੇ ਮੈਂਬਰ ਅਤੇ ਨੁਮਾਇੰਦੇ ਹਾਜ਼ਰ ਸਨ