Ferozepur News

ਨਸ਼ੇ ਦੇ ਖਿਲਾਫ ਡੀ.ਸੀ ਫਿਰੋਜ਼ਪੁਰ ਨੇ ਸ਼ੁਰੂ ਕੀਤੀ ਨਵੀਂ ਮੁਹਿੰਮ:ਵਨ ਡੇਅ, ਵਨ ਸਕੂਲ 

ਨਸ਼ੇ ਦੇ ਖਿਲਾਫ ਡੀ.ਸੀ ਫਿਰੋਜ਼ਪੁਰ ਨੇ ਸ਼ੁਰੂ ਕੀਤੀ ਨਵੀਂ ਮੁਹਿੰਮ:ਵਨ ਡੇਅ, ਵਨ ਸਕੂਲ 
ਡੀ.ਸੀ, ਏ.ਡੀ.ਸੀ ਅਤੇ ਸਮੂਹ ਐਸ.ਡੀ.ਐਮਜ਼ ਦੇ ਲਈ ਰੋਜ਼ਾਨਾ ਸਵੇਰੇ ਅਸੈਂਬਲੀ ਸਮੇਂ ਇੱਕ ਸਕੂਲ ਵਿਚ ਪਹੁੰਚਣਾ ਲਾਜ਼ਮੀ, ਬੱਚਿਆ ਦੇ ਨਾਲ ਨਸ਼ੇ ਦੀ ਸਮੱਸਿਆ ਤੇ ਕਰਨਗੇ ਗੱਲਬਾਤ 
ਡਿਪਟੀ ਕਮਿਸ਼ਨਰ ਨੇ ਪੰਜ ਦਿਨਾ ਵਿਚ ਪੰਜ ਸਕੂਲਾਂ ਦਾ ਖ਼ੁਦ ਕੀਤਾ ਦੌਰਾ, ਬੱਚਿਆ ਨੂੰ ਨਸ਼ੇ ਨਾਲ ਪੀੜਿਤ ਵਿਅਕਤੀਆਂ ਦੇ ਲੱਛਣਾਂ, ਨਸ਼ਾ ਕਰਨ ਵਾਲੀਆ ਦੀ ਸੂਚਨਾ ਸਕੂਲ ਦੇ ਮਾਸਟਰ ਨੂੰ ਦੇਣ ਲਈ ਕਿਹਾ

ਫ਼ਿਰੋਜ਼ਪੁਰ, 7 ਜੁਲਾਈ:
ਨਸ਼ੇ ਦੀ ਸਮੱਸਿਆ ਦੇ ਖਿਲਾਫ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ.ਚੰਦਰ ਗੈਂਦ ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦਾ ਨਾਮ ਵਨ-ਡੇਅ, ਵਨ ਸਕੂਲ ਹੈ। ਇਸ ਦੇ ਤਹਿਤ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਅਤੇ ਸਮੂਹ ਐਸ.ਡੀ.ਐਮਜ਼ ਲਈ ਰੋਜ਼ਾਨਾ ਸਵੇਰੇ ਅਸੈਂਬਲੀ ਪੀਰੀਅਡ ਦੇ ਸਮੇਂ ਇੱਕ ਸਕੂਲ ਦਾ ਦੌਰਾ ਕਰਨਾ ਲਾਜ਼ਮੀ ਹੈ। ਇਹ ਸਾਰੇ ਅਧਿਕਾਰੀ ਰੋਜ਼ਾਨਾ ਸਵੇਰੇ ਸਰਕਾਰੀ ਸਕੂਲਾਂ ਵਿਚ ਜਾ ਕੇ ਬੱਚਿਆਂ ਨਾਲ ਨਸ਼ੇ ਦੀ ਸਮੱਸਿਆ ਤੇ ਗੱਲਬਾਤ ਕਰਨਗੇ। ਉਨ੍ਹਾਂ ਨੂੰ ਨਸ਼ੇ ਨਾਲ ਹੋਣ ਵਾਲੇ ਨੁਕਸਾਨ, ਪਰਿਵਾਰ ਤੇ ਪੈਣ ਵਾਲੇ ਅਸਰ, ਨਸ਼ੇ ਦੀ ਗ੍ਰਿਫ਼ਤ ਵਿਚੋਂ ਕਿਸ ਤਰ੍ਹਾਂ ਨਿਕਲਿਆ ਜਾ ਸਕਦਾ ਹੈ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸੂਚਨਾ ਦੇਣ ਲਈ ਪ੍ਰੇਰਿਤ ਕਰਨਗੇ। 
ਡਿਪਟੀ ਕਮਿਸ਼ਨਰ ਸ੍ਰੀ.ਚੰਦਰ ਗੈਂਦ ਨੇ ਖ਼ੁਦ ਇਸ ਮਿਸ਼ਨ ਦੇ ਤਹਿਤ ਪਿਛਲੇ ਪੰਜ ਦਿਨਾਂ ਤੋ ਪੰਜ ਸਕੂਲਾਂ ਦਾ ਦੌਰਾ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਦਸ ਕਿੱਲੋਮੀਟਰ ਵਿਚ ਆਉਣ ਵਾਲੇ 88 ਸਕੂਲਾਂ ਦੀ ਇਸ ਦੌਰੇ ਲਈ ਚੋਣ ਕੀਤੀ ਹੈ, ਜਿੱਥੇ ਉਹ ਰੋਜ਼ਾਨਾ ਦੌਰਾ ਕਰਨਗੇ। ਆਪਣੇ ਦੌਰੇ ਦੌਰਾਨ ਉਨ੍ਹਾ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ), ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੁਕਨਾਂ ਬੇਂਗੂ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਮਦੋਟ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਮਮਦੋਟ ਵਿਚ 1500 ਤੋ ਜ਼ਿਆਦਾ ਬੱਚਿਆ ਨੂੰ ਸੰਬੋਧਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਇਸ ਸਬੰਧੀ ਕਈ ਬੱਚਿਆ ਨਾਲ ਨਿੱਜੀ ਤੌਰ ਤੇ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਬੱਚਿਆ ਨੂੰ ਨਸ਼ੇ ਵਿਚ ਫਸੇ ਵਿਅਕਤੀਆਂ ਦੇ ਲੱਛਣ ਦੱਸਦੇ ਹੋਏ ਇਸ ਤਰ੍ਹਾਂ ਦੋ ਲੋਕਾਂ ਤੋ ਸਾਵਧਾਨ ਰਹਿਣ ਲਈ ਕਿਹਾ ਅਤੇ ਬੱਚਿਆ ਨੂੰ ਇਸ ਤਰ੍ਹਾਂ ਦੇ ਲੋਕਾਂ ਦੀ ਸੰਗਤ ਤੋ ਦੂਰ ਰਹਿਣ ਲਈ ਕਿਹਾ। ਉਨ੍ਹਾਂ ਬੱਚਿਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ-ਆਪਣੇ ਏਰੀਏ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਸੂਚਨਾ ਆਪਣੇ ਸਕੂਲ ਦੇ ਟੀਚਰ ਨੂੰ ਦੇਣ ਅਤੇ ਟੀਚਰ ਨੂੰ ਆਗ੍ਰਹਿ ਕੀਤਾ ਕਿ ਉਹ ਬੱਚਿਆ ਦੀ ਇਨਪੁੱਟਸ ਨੂੰ ਹਲਕੇ ਵਿਚ ਲੈਣ ਦੀ ਬਜਾਏ ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਨ। ਡਿਪਟੀ ਕਮਿਸ਼ਨਰ ਨੇ ਬੱਚਿਆ ਨੂੰ ਕਿਹਾ ਕਿ ਅਗਰ ਉਨ੍ਹਾਂ ਨੂੰ ਸ਼ੱਕ ਪੈਦਾ ਹੈ ਤਾ ਉਹ ਆਪਣੇ ਮਾਂ-ਬਾਪ ਤੋ ਜ਼ਰੂਰ ਪੁੱਛਣ ਕਿ ਕਿਤੇ ਉਹ ਨਸ਼ੇ ਦੇ ਕਾਰੋਬਾਰ ਨਾਲ ਤਾਂ ਨਹੀਂ ਜੁੜੇ ਹੋਏ। 
ਡਿਪਟੀ ਕਮਿਸ਼ਨਰ ਸ੍ਰੀ.ਚੰਦਰ ਗੈਂਦ ਨੇ ਦੱਸਿਆ ਕਿ ਜਿਸ ਤਰ੍ਹਾਂ ਉਹ ਪਿੰਡ-ਪਿੰਡ ਘੁੰਮ ਰਹੇ ਹਨ, ਇਸ ਤਰ੍ਹਾਂ ਸਮੂਹ ਐਸ.ਡੀ.ਐਮਜ਼ ਅਤੇ ਏ.ਡੀ.ਸੀ  ਵੱਲੋਂ ਵੀ ਆਪਣੇ-ਆਪਣੇ ਏਰੀਏ ਵਿਚ ਪੈਂਦੇ ਸਕੂਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆ ਦੇ ਮਨ ਵਿਚ ਹੁਣ ਤੋ ਹੀ ਨਸ਼ੇ ਦੀ ਸਮੱਸਿਆ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਨਾਲ ਭਵਿੱਖ ਵਿਚ ਚੰਗੇ ਨਤੀਜੇ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਸੀ ਲੋਕ ਘੱਟ ਤੋ ਘੱਟ ਆਉਣ ਵਾਲੀ ਨਸਲ ਨੂੰ ਇਸ ਬੁਰਾਈ ਤੋ ਦੂਰ ਰੱਖਣ ਲਈ ਤਾ ਯਤਨ ਕਰ ਸਕਦੇ ਹਾਂ। ਅਗਰ ਹੁਣ ਤੋ ਹੀ ਉਨ੍ਹਾਂ ਦੇ ਮਨ ਵਿਚ ਇਸ ਬੁਰੀ ਦੇ ਖਿਲਾਫ ਜਾਗਰੂਕਤਾ ਪੈਦਾ ਹੋ ਜਾਵੇਗੀ ਤਾਂ ਉਹ ਜ਼ਿੰਦਗੀ ਭਰ ਇਸ ਤੋ ਦੂਰ ਰਹਿਣਗੇ। ਇਸ ਤਰ੍ਹਾਂ ਬੱਚਿਆ ਦੇ ਸਹਿਯੋਗ ਨਾਲ ਪੁਲਿਸ ਨਸ਼ਾ ਵੇਚਣ ਵਾਲੀਆ ਤੱਕ ਵੀ ਪਹੁੰਚ ਸਕਦੀ ਹੈ ਕਿਉਂਕਿ ਬੱਚਿਆ ਤੋ ਮਿਲਣ ਵਾਲੀ ਸੂਚਨਾ ਪੁਲਿਸ-ਪ੍ਰਸ਼ਾਸਨ ਲਈ ਕਾਫ਼ੀ ਫ਼ਾਇਦੇਮੰਦ ਹੋਵੇਗੀ। 
ਨਸ਼ੇ ਦੀ ਸਮੱਸਿਆ ਤੇ ਗੱਲਬਾਤ ਤੋ ਇਲਾਵਾ ਡਿਪਟੀ ਕਮਿਸ਼ਨਰ ਹਰ ਸਕੂਲ ਵਿਚ ਪੌਦੇ ਵੀ ਲਗਾ ਰਹੇ ਹਨ। ਬੱਚਿਆ ਨੂੰ ਆਪਣੇ ਨਾਮ ਦਾ ਇੱਕ ਪੌਦਾ ਲਗਾਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਦੀ ਦੇਖਰੇਖ ਕਰਨ ਅਤੇ ਉਨ੍ਹਾਂ ਨੂੰ ਰੋਜ਼ਾਨਾ ਪਾਣੀ ਦੇਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪੰਜ ਸਕੂਲਾਂ ਵਿਚ ਪੌਦੇ ਲਗਾਏ ਗਏ ਹਨ। 

Related Articles

Back to top button