Ferozepur News

ਦਵਾਈ ਵਿਕਰੇਤਾ ਕੋਲੋਂ ਲੁਟੇਰਿਆਂ ਨੇ ਕੀਤੀ ਸਵਾ ਦੋ ਲੱਖ ਦੀ ਲੁੱਟ, ਮਾਮਲਾ ਦਰਜ

ਦਵਾਈ ਵਿਕਰੇਤਾ ਕੋਲੋਂ ਲੁਟੇਰਿਆਂ ਨੇ ਕੀਤੀ ਸਵਾ ਦੋ ਲੱਖ ਦੀ ਲੁੱਟ, ਮਾਮਲਾ ਦਰਜ

ਫਿਰੋਜ਼ਪੁਰ 7 ਅਪ੍ਰੈਲ (ਮਨੀਸ਼ ਅਰੋੜਾ): ਫਿਰੋਜ਼ਪੁਰ ਸ਼ਹਿਰ ਸਥਿਤ ਬੇਦੀ ਕਾਲੋਨੀ ਇਕ ਦਵਾਈ ਵਿਕਰੇਤਾ ਕੋਲੋਂ ਤਿੰਨ ਲੁਟੇਰਿਆਂ ਵੱਲੋਂ ਸਵਾ 2 ਲੱਖ ਰੁਪਏ ਦੀ ਲੁੱਟ ਖੋਹ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਤਿੰਨ ਅਣਪਛਾਤੇ ਲੁਟੇਰਿਆਂ ਖਿਲਾਫ 379-ਬੀ ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਜੇ ਕੁਮਾਰ ਪੁੱਤਰ ਕਿਦਾਰ ਨਾਥ ਵਾਸੀ ਫੇਸ-2 ਬੇਦੀ ਕਾਲੌਨੀ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਗੁਪਤਾ ਮੈਡੀਕੋਜ ਨਾਮ ਦੀ ਦੁਕਾਨ ਮੱਲਾਂਵਾਲਾ ਰੋਡ ਭਗਤ ਸਿੰਘ ਕਾਲੋਨੀ ਸਿਟੀ ਫਿਰੋਜ਼ਪੁਰ ਵਿਖੇ ਹੈ। ਵਿਜੇ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਮਮਤਾ ਨਾਲ ਐਕਟਿਵਾ ਤੇ ਸਵਾਰ ਹੋ ਕੇ ਆਪਣੇ ਘਰ ਬੇਦੀ ਕਾਲੌਨੀ ਨੂੰ ਜਾ ਰਹੇ ਸੀ ਤੇ ਉਸ ਦੇ ਮੋਢੇ ਤੇ ਬੈਗ ਟੰਗਿਆ ਹੋਇਆ ਸੀ, ਜਿਸ ਵਿਚ ਕਰੀਬ ਸਵਾ 2 ਲੱਖ ਰੁਪਏ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਵਿਜੇ ਕੁਮਾਰ ਨੇ ਦੱਸਿਆ ਕਿ ਜਦ ਉਹ ਆਪਣੇ ਘਰ ਦੇ ਮੋੜ ‘ਤੇ ਪਹੁੰਚੇ ਤਾਂ 3 ਅਣਪਛਾਤੇ ਲੁਟੇਰੇ ਜੋ ਮੋਟਰਸਾਈਕਲ ਤੇ ਆਏ ਤੇ ਝਪਟ ਮਾਰ ਕੇ ਉਸ ਦਾ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਐਕਟਿਵਾ ਦੀ ਚਾਬੀ ਵੀ ਕੱਢ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ 3 ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button