ਡੀ.ਟੀ.ਐਫ. ਫਿਰੋਜ਼ਪੁਰ ਵੱਲੋਂ 5 ਅਗਸਤ ਨੂੰ ਰਾਜ ਪੱਧਰੀ ਮੋਟਰ ਸਾਈਕਲ ਰੋਸ਼ ਮਾਰਚ ਦੀਆਂ ਤਿਆਰੀਆਂ ਮੁਕੰਮਲ : ਸਾਈਆਂ ਵਾਲਾ
ਮੋਬਾਇਲ ਭੱਤੇ ਸਮੇਤ ਆਰਥਿਕ ਕਟੌਤੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ
ਡੀ.ਟੀ.ਐਫ. ਫਿਰੋਜ਼ਪੁਰ ਵੱਲੋਂ 5 ਅਗਸਤ ਨੂੰ ਰਾਜ ਪੱਧਰੀ ਮੋਟਰ ਸਾਈਕਲ ਰੋਸ਼ ਮਾਰਚ ਦੀਆਂ ਤਿਆਰੀਆਂ ਮੁਕੰਮਲ : ਸਾਈਆਂ ਵਾਲਾ
ਮੋਬਾਇਲ ਭੱਤੇ ਸਮੇਤ ਆਰਥਿਕ ਕਟੌਤੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ
ਫਿਰੋਜ਼ਪੁਰ, 3.8.2020: ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਲਗਾਤਾਰ ਤੇਜ ਕੀਤੇ ਜਾ ਆਰਥਿਕ ਹਮਲਿਆਂ ਖਿਲਾਫ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਰਾਜ ਪੱਧਰੀ ਸੰਘਰਸ਼ ਛੇੜਨ ਦਾ ਫੈਸਲਾ ਲਿਆ ਹੈ ਇਸ ਦੀਅਾਂ ਤਿਅਾਰੀਆਂ ਸੰਬੰਧੀ ਡੀ.ਟੀ.ਐਫ. ਜਿਲਾ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਾਈਆਂ ਵਾਲਾ ਅਤੇ ਜ਼ਿਲ੍ਹਾ ਸਕੱਤਰ ਬਲਰਾਮ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਦੀ ਆੜ ਵਿੱਚ ਹੱਕੀ ਸੰਘਰਸ਼ਾਂ ਨੂੰ ਦਬਾਉਣ, ਜ਼ੁਬਾਨਬੰਦੀ ਕਰਨ ਤੇ ਸਰਕਾਰੀ ਵਿਭਾਗਾਂ ਦੀ ਆਕਾਰ ਘਟਾਈ ਕਰਕੇ ਨਿੱਜੀਕਰਨ ਦੀ ਨੀਤੀ ਨੇ ਜਿੱਥੇ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਨੂੰ ਸਾਹਮਣੇ ਲਿਆਂਦਾ ਹੈ ਉੱਥੇ ਪੰਜਾਬ ਸਰਕਾਰ ਦਾ ਲੋਕ ਦੋਖੀ ਮਖੌਟਾ ਵੀ ਨੰਗਾ ਹੋਇਆ ਹੈ।
ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ 12 -12 ਘੰਟੇ ਅਧਿਆਪਕਾਂ ਤੋਂ ਆਨਲਾਈਨ ਪੜਾਈ ਦਾ ਕੰਮ ਲੈ ਰਹੀ ਹੈ ਅਤੇ ਬਦਲੇ ਵਿੱੱਚ ਦਿੱਤੇ ਜਾਂਦੇ ਨਿਗੂਣੇ ਮੋਬਾਇਲ ਭੱਤੇ ਤੇ ਵੀ ਕਾਟਾ ਲਗਾ ਦਿੱਤਾ ਹੈ ਜਦ ਕਿ ਅਾਪਣੇ ਮੰਤਰੀਆਂ – ਸੰਤਰੀਆਂ ਨੂੰ 15000-15000 ਰੁਪਏ ਮੋਬਾਇਲ ਭੱਤੇ ਦੇ ਕੇ ਲਾਹਾ ਖੱਟ ਰਹੇ ਹਨ । ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਲੋਕਾਂ ਦਾ ਖੂਨ ਨਿਚੋੜਨ ਤੇ ਤੁਲੀ ਹੋਈ ਹੈ। ਪੰਜਾਬ ਦੀ ਕੈਪਟਨ ਸਰਕਾਰ ਡੀ.ਏ. ਦੀਆਂ ਕਿਸ਼ਤਾਂ ਦੱਬ ਕੇ, ਮੁਲਾਜ਼ਮਾਂ ਸਿਰ 200 ਰੁਪਏ ਪ੍ਰਤੀ ਮਹੀਨਾ ਡਿਵੈਲਪਮੈਂਟ ਟੈਕਸ ਦਾ ਜਜੀਆ ਮੜ੍ਹ ਕੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਗਾਤਾਰ ਲਮਕਾ ਰਹੀ ਹੈ। ਨਵੇਂ ਭਰਤੀ ਹੋਣ ਵਾਲ਼ੇ ਕਰਮਚਾਰੀਆਂ ਦਾ ਤਨਖਾਹ ਸਕੇਲ ਕੇਂਦਰੀ ਪੈਟਰਨ ਅਨੁਸਾਰ ਕਰਨਾ ਤੇ ਕੋਰੋਨਾ ਸੰਕਟ ਦੌਰਾਨ ਇੰਟਰਨੈੱਟ ਦੀ ਦਿਨ ਭਰ ਵਰਤੋਂ ਦੇ ਚਲਦਿਆਂ ਨਿਗੂਣੇ ਮੋਬਾਇਲ ਭੱਤੇ ਵਿੱਚ ਕਟੌਤੀ ਦੇ ਫੈਸਲੇ ਸਰਕਾਰਾਂ ਦੀ ਮੁਲਾਜ਼ਮ ਵਿਰੋਧੀ ਨੀਤੀ ਦਾ ਪੁਖਤਾ ਸਬੂਤ ਹਨ। ਸਮਾਰਟ ਸਕੂਲ ਨੀਤੀ ਰਾਹੀਂ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਤੋਂ ਪੱਲਾ ਝਾੜ ਕੇ ਐਨ.ਜੀ.ਓ. ਤੇ ਹੋਰ ਸਮਾਜਿਕ ਸੰਸਥਾਵਾਂ ਦੇ ਰਹਿਮੋ-ਕਰਮ ਤੇ ਛੱਡਣਾ,ਸਕੂਲਾਂ ਨੂੰ ਮਰਜ ਕਰਨਾ,ਖਾਲੀ ਪੋਸਟਾਂ ਦਾ ਖਾਤਮਾ, ਬੱਜਟ-ਕਟੌਤੀ ਅਤੇ ਸਰਕਾਰੀ ਵਿਭਾਗਾਂ ਦੀ ਅਕਾਰ-ਘਟਾਈ ਕਰਨ ਵੱਲ ਨੂੰ ਰਫਤਾਰ ਫੜਨ ਦੇ ਕਦਮ ਹਨ।
ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਹੱਕੀ ਸੰਘਰਸ਼ਾਂ ਨੂੰ ਦਬਾਉਣ ਲਈ ਜ਼ੁਬਾਨਬੰਦੀ ਕਰਨ ਦੇ ਤਾਨਾਸ਼ਾਹੀ ਫੁਰਮਾਨਾਂ ਦੀ ਸਖਤ ਸ਼ਬਦਾਂ ਵਿੱੱਚ ਨਿਖੇਧੀ ਕੀਤੀ। ਗੁਰਦੇਵ ਸਿੰਘ ਅਤੇ ਸੰਦੀਪ ਕੁਮਾਰ ਬਲਾਕ ਪ੍ਰਧਾਨ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ 5 ਅਗਸਤ ਨੂੰ ਪੰਜਾਬ ਭਰ ਵਿੱਚ ਮੋਟਰਸਾਈਕਲ ਰੋਸ ਮਾਰਚ ਕਰ ਕੇ ਲੋਕ ਵਿਰੋਧੀ ਨੀਤੀਆਂ ਨੂੰ ਜੱਗ ਜ਼ਾਹਿਰ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਆਗੂ ਗੁਰਦੇਵ ਸਿੰਘ, ਗੁਰਸੇਵਕ ਸਿੰਘ,ਸਤੀਸ਼ ਕੁਮਾਰ, ਸੰਦੀਪ ਕੁਮਾਰ, ਗੁਰਪ੍ਰੀਤ ਮੱਲੋਕੇ, ਸੰਤੋਖ ਸਿੰਘ,ਅਜੇ ਕੁਮਾਰ,ਵਿਸ਼ਾਲ ਗੁਪਤਾ,ਵਿਸ਼ਾਲ ਕੁਮਾਰ,ਮਨਪ੍ਰੀਤ ਸਿੰਘ, ਅਮਨ ਬਤਰਾ, ਰਖਵੰਤ ਸਿੰਘ,ਕੁਲਦੀਪ ਸਿੰਘ,ਵਿਸ਼ਾਲ ਸਹਿਗਲ,ਨਸੀਬ ਕੁਮਾਰ,ਗੁਰਪਾਲ ਸੰਧੂ, ਕੁਲਵਿੰਦਰ ਹਰਦਾਸਾ,ਰਤਨਦੀਪ ਸਿੰਘ, ਗੁਰਮੀਤ ਸਿੰਘ ਤੂੰਬੜ ਭੰਨ ਆਦਿ ਆਗੂ ਵੀ ਹਾਜ਼ਿਰ ਸਨ।