ਡੀ.ਆਈ.ਜੀ. ਫਿਰੋਜਪੁਰ ਰੇਂਜ ਖ਼ਿਲਾਫ਼ ਕਾਮਰੇਡਾਂ ਕੀਤਾ ਰੋਸ ਪ੍ਰਦਰਸ਼ਨ, ਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਵਿਸ਼ਵਾਸ ਦਿਵਾਉਣ ਤੇ ਰੋਸ ਪ੍ਰਦਰਸ਼ਨ ਕੀਤਾ ਸਮਾਪਤ
ਡੀ.ਆਈ.ਜੀ. ਫਿਰੋਜਪੁਰ ਰੇਂਜ ਖ਼ਿਲਾਫ਼ ਕਾਮਰੇਡਾਂ ਕੀਤਾ ਰੋਸ ਪ੍ਰਦਰਸ਼ਨ
ਡੀਆਈਜੀ ਵੱਲੋਂ ਆਗੂਆਂ ਨਾਲ ਮੀਟਿੰਗ ਚ ਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਵਿਸ਼ਵਾਸ ਦਿਵਾਉਣ ਤੇ ਰੋਸ ਪ੍ਰਦਰਸ਼ਨ ਕੀਤਾ ਸਮਾਪਤ!
ਫਿਰੋਜ਼ਪੁਰ ( ) ਭਾਰਤੀ ਕਮਿਊਨਿਸਟ ਪਾਰਟੀ(ਸੀਪੀਆਈ) ਜਿਲਾ ਫਾਜ਼ਿਲਕਾ ਵੱਲੋਂ ਅੱਜ ਡੀ.ਆਈ.ਜੀ. ਫਿਰੋਜ਼ਪੁਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਸੂਬਾ ਕੌਂਸਲ ਮੈਂਬਰ ਕਾਮਰੇਡ ਸੁਰਿੰਦਰ ਢੰਡੀਆਂ, ਸੀਪੀਆਈ ਬਲਾਕ ਗੁਰੂਹਰਸਹਾਏ ਦੇ ਸਕੱਤਰ ਕਾਮਰੇਡ ਬਲਵੰਤ ਚੋਹਾਣਾ,ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਨਰਿੰਦਰ ਢਾਬਾਂ,ਤੇਜਾ ਅਮੀਰ ਖਾਸ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਮੀਤ ਸਕੱਤਰ ਹਰਭਜਨ ਛੱਪੜੀ ਵਾਲਾ ਨੇ ਕੀਤੀ। ਡੀਆਈਜੀ ਫਿਰੋਜ਼ਪੁਰ ਖਿਲਾਫ ਕੀਤੇ ਜਾਣ ਵਾਲੇ ਅਰਥੀ ਫੂਕ ਮੁਜ਼ਾਹਰੇ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਡੀਆਈਜੀ ਦੀ ਅਗਵਾਈ ਵਿੱਚ ਕੀਤੀ ਗਈ ਇਨਕੁਆਰੀ ਵਿੱਚ ਥਾਣਾ ਅਮੀਰ ਖਾਸ ਵਿੱਚ ਦਰਜ਼ ਮੁੱਕਦਮਾ ਨੰਬਰ 44 ਕਰਾਸ ਕੇਸ ਦੀਆਂ ਧਾਰਾਵਾਂ 365 ਅਤੇ 379 ਬੀ ਨਜਾਇਜ਼ ਤੌਰ ਤੇ ਇੱਕ ਤਰਫਾ ਪੜਤਾਲ ਕਰਕੇ ਮੁਕਦਮੇ ਦੇ ਸੰਗੀਨ ਜੁਰਮਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ।
ਆਗੂਆਂ ਨੇ ਡੀਆਈਜੀ ਤੇ ਸਿੱਧੇ ਤੌਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਵਫ਼ਦ ਡੀ.ਆਈ. ਜੀ. ਫਿਰੋਜ਼ਪੁਰ ਰੇਜ਼ ਨੂੰ ਮਿਲ ਚੁੱਕਿਆ ਹੈ ਅਤੇ ਉਹਨਾਂ ਵੱਲੋਂ ਗੱਲ ਸੁਨਣ ਦੀ ਬਜਾਏ ਉਲਟਾ ਟਾਲ ਮਟੋਲ ਕੀਤਾ ਜਾ ਰਿਹਾ ਸੀ, ਜਿਸ ਕਾਰਨ ਸਾਨੂੰ ਮਜ਼ਬੂਰ ਹੋ ਕੇ ਇਨਸਾਫ ਲੈਣ ਲਈ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਅੱਜ ਦੇ ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਫਾਜ਼ਿਲਕਾ ਅਤੇ ਫਿਰੋਜਪੁਰ ਨਾਲ ਸੰਬੰਧਿਤ ਭਾਰਤੀ ਕਮਿਊਨਿਸਟ ਪਾਰਟੀ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਜਦੋਂ ਫਿਰੋਜ਼ਪੁਰ ਵੱਲ ਆ ਰਹੇ ਸਨ ਤਾਂ ਖਾਈ ਤੋਂ ਬਾਅਦ ਬਣੇ ਓਵਰ ਬਰਿਜ ਤੋਂ ਬਾਅਦ ਤੁਰੰਤ ਪੁਲਿਸ ਵੱਲੋਂ ਬੈਰੀਗੇਟ ਲਗਾ ਕੇ ਰੋਕ ਦਿੱਤਾ ਗਿਆ।
ਆਗੂਆਂ ਵੱਲੋਂ ਇਸ ਗੱਲ ਲਈ ਦੱਸਣ ਤੇ ਕਿ ਉਹਨਾਂ ਨੇ ਪ੍ਰਦਰਸ਼ਨ ਫਿਰੋਜ਼ਪੁਰ ਜਾ ਕੇ ਕਰਨਾ ਹੈ ਅਤੇ ਸੰਵਿਧਾਨਿਕ ਤੌਰ ਤੇ ਉਨਾਂ ਨੂੰ ਆਪਣਾ ਰੋਸ ਜਤਾਉਣ ਤੋਂ ਨਹੀਂ ਰੋਕ ਸਕਦੇ ਤਾਂ ਪੁਲਿਸ ਅਧਿਕਾਰੀਆਂ ਨੇ ਆਗੂਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਫਿਰੋਜ਼ਪੁਰ ਆਉਣ ਲਈ ਇਜਾਜ਼ਤ ਦੇ ਦਿੱਤੀ। ਇਸ ਤੋਂ ਬਾਅਦ ਜਦੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਾਮਰੇਡਾਂ ਦਾ ਲਾਲ ਝੰਡਿਆਂ ਦਾ ਕਾਫਲਾ ਫਿਰੋਜ਼ਪੁਰ ਐਂਟਰ ਕਰਨ ਲੱਗਿਆ ਤਾਂ ਤੁਰੰਤ ਉੱਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਡੀਆਈਜੀ ਨਾਲ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਮੀਟਿੰਗ ਲਈ ਡੀਆਈਜੀ ਨੇ ਸਮਾਂ ਮੰਗਿਆ ਅਤੇ ਆਗੂਆਂ ਨੇ ਜਾ ਕੇ ਡੀਆਈਜੀ ਨਾਲ ਮੀਟਿੰਗ ਕੀਤੀ।
ਡੀਆਈਜੀ ਨੇ ਵਿਸ਼ਵਾਸ ਦਵਾਇਆ ਕਿ ਉਹਨਾਂ ਆਪਣੇ ਵਿਭਾਗ ਦੇ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਜਾਣਕਾਰੀ ਲਈ ਹੈ, ਪਤਾ ਲੱਗਾ ਹੈ ਕਿ ਉਹਨਾਂ ਦਾ ਮਾਮਲਾ ਜਾਇਜ਼ ਹੈ ਅਤੇ ਉਸਨੂੰ ਮੈਰਿਟ ਦੇ ਆਧਾਰ ਤੇ ਜਲਦੀ ਹੱਲ ਕੀਤਾ ਜਾਵੇਗਾ ਅਤੇ ਘਾਟਾ ਜੁਰਮ ਨੂੰ ਪਹਿਲੀ ਇਨਕਰੀ ਦੇ ਅਧਾਰ ਤੇ ਫਿਰ ਸ਼ਾਮਿਲ ਕੀਤਾ ਜਾਵੇਗਾ। ਪੀੜਿਤ ਧਿਰ ਨੂੰ ਪੂਰਾ ਇਨਸਾਫ ਮਿਲੇਗਾ।
ਇਸ ਤਰ੍ਹਾਂ ਦਾ ਵਿਸ਼ਵਾਸ ਦਿਵਾਉਣ ਤੇ ਆਗੂਆਂ ਨੇ ਅੱਜ ਦੇ ਇਸ ਰੋਸ ਪ੍ਰਦਰਸ਼ਨ ਦੀ ਸਮਾਪਤੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿ੍ਸ਼ਨ ਧਰਮੂ ਵਾਲਾ, ਬਲਵਿੰਦਰ ਮਹਾਲਮ, ਜਰਨੈਲ ਢਾਬਾਂ, ਸਰਬਜੀਤ ਬੰਨ ਵਾਲਾ, ਜੰਮੂ ਰਾਮ ਬੰਨ ਵਾਲਾ, ਕਰਨੈਲ ਬੱਘੇਕੇ, ਸ਼ੁਬੇਗ ਝੰਗੜ ਭੈਣੀ, ਕੁਲਦੀਪ ਬੱਖੂਸ਼ਆਹ, ਰਾਜਵਿੰਦਰ ਨੌਲਾ, ਡਾਕਟਰ ਸੁਰਜੀਤ ਧਰਮੂ ਵਾਲਾ,ਅਸ਼ੋਕ ਕੰਬੋਜ, ਗੁਰਦਿਆਲ, ਰਣਜੀਤ ਖਿਲਚੀਆਂ ਆਦਿ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।