Ferozepur News
ਡੀਸੀ ਦਫ਼ਤਰ ਕਾਮਿਆਂ ਵੱਲੋਂ 31 ਦਸੰਬਰ ਤੱਕ ਕੰਮ ਬੰਦ ਰੱਖਣ ਦੀ ਹਡ਼ਤਾਲ ਨੂੰ ਵਧਾਉਣ ਦਾ ਫ਼ੈਸਲਾ
ਡੀਸੀ ਦਫ਼ਤਰ ਕਾਮਿਆਂ ਵੱਲੋਂ 31 ਦਸੰਬਰ ਤੱਕ ਕੰਮ ਬੰਦ ਰੱਖਣ ਦੀ ਹਡ਼ਤਾਲ ਨੂੰ ਵਧਾਉਣ ਦਾ ਫ਼ੈਸਲਾ
ਫ਼ਿਰੋਜ਼ਪੁਰ 29 ਦਸੰਬਰ 2021 — ਪੰਜਾਬ ਰਾਜ ਜ਼ਿਲਾ (ਡੀ ਸੀ) ਦਫਤਰ ਕਰਮਚਾਰੀ ਯੂਨੀਅਨ ਦੀ ਸੂਬਾ ਪੱਧਰੀ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਅਤੇ ਸੂੁਬਾ ਚੇਅਰਮੈਨ ਓਮ ਪ੍ਰਕਾਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਮਾਲ ਵਿਭਾਗ ਦੇ ਮੰਗਾਂ ਪ੍ਰਤੀ ਰਵੱਈਏ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਪੀ ਐਸ ਐਮ ਐਸ ਯੂ ਵੱਲੋਂ ਦਿੱਤੀ ਗਈ ਕਲਮਛੋਡ਼ ਹਡ਼ਤਾਲ ਨੂੰ ਬਾਈ ਦਸੰਬਰ ਤੋਂ ਲਗਾਤਾਰ ਕਾਮਯਾਬ ਕਰਨ ਤੇ ਪੂਰਨ ਤਸੱਲੀ ਪ੍ਰਗਟ ਕੀਤੀ ਗਈ ਅਤੇ ਅੱਗੇ ਆਉਣ ਵਾਲੇ ਐਕਸ਼ਨ ਨੂੰ ਵੀ ਹੂਬਹੂ ਲਾਗੂ ਕਰਨ ਦਾ ਫ਼ੈਸਲਾ ਕੀਤਾ। ਪ੍ਰੰਤੂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਨੂੰ ਸਮੁੱਚੀ ਲੀਡਰਸ਼ਿਪ ਨੇ ਬੜੀ ਗੰਭੀਰਤਾ ਨਾਲ ਲਿਆ। ਖਾਸ ਕਰਕੇ ਜੋ ਮੁਲਾਜ਼ਮ ਵਿਰੋਧੀ ਪੰਜਾਬ ਸਰਕਾਰ ਵੱਲੋਂ ਧੜਾਧੜ ਫ਼ੈਸਲੇ ਲਏ ਜਾ ਰਹੇ ਹਨ ਜਾਂ ਮਾਲ ਵਿਭਾਗ ਨਾਲ ਹੋਈ 27 ਦਸੰਬਰ, 2021 ਦੀ ਮੀਟਿੰਗ ਵਿੱਚ ਡੀਸੀ ਕਾਮਿਆਂ ਦੀਆਂ ਮੰਨੀਆਂ ਹੋਈਆਂ ਮੰਗਾਂ ਵਿੱਚ ਸ਼ਾਮਲ ਪੁਨਰਗਠਨ ਨੂੰ ਰਿਵਿਊ ਕਰਨ ਅਤੇ ਖਤਮ ਕੀਤੀਆਂ ਅਸਾਮੀਆਂ ਨੂੰ ਬਹਾਲ ਕਰਨ ਦੇ ਵਿਸ਼ੇ ਤੇ ਕੋਈ ਵਿਚਾਰ ਕਰਨ ਤੋਂ ਵੀ ਮਨ੍ਹਾ ਕਰ ਦਿੱਤਾ ਗਿਆ। ਸੀਨੀਅਰ ਸਹਾਇਕ ਦੀ ਸਿੱਧੀ ਭਰਤੀ ਦੇ ਕੋਟੇ ਵਿਰੁੱਧ ਪਦ ਉੱਨਤੀਆਂ ਕਰਨ ਤੇ ਲਾਈ ਰੋਕ ਨੂੰ ਹਟਾਉਣ ਤੋਂ ਵੀ ਆਨਾਕਾਨੀ ਕੀਤੀ ਗਈ। ਕੋਈ ਵੀ ਮੰਗ ਤੁਰੰਤ ਲਾਗੂ ਕਰਨ ਸਬੰਧੀ ਜਾਂ ਨੋਟੀਫਿਕੇਸ਼ਨ ਜਾਰੀ ਕਰਨ ਲਈ ਕੋਈ ਭਰੋਸਾ ਨਹੀਂ ਦਿੱਤਾ ਗਿਆ। ਉਨ੍ਹਾਂ ਦੇ ਇਸ ਰਵੱਈਏ ਦੀ ਨਿੰਦਾ ਕਰਦਿਆਂ ਮੀਟਿੰਗ ਵਿੱਚ ਹਾਜ਼ਰ ਲੀਡਰਸਿਪ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਅਤੇ ਅੱਗੇ ਵਧਾਉਣ ਦੇ ਵਿਚਾਰ ਦਿੱਤੇ। ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਸੂਬਾ ਬਾਡੀ ਵੱਲੋਂ ਸਰਬਸੰਮਤੀ ਨਾਲ ਡੀ ਸੀ ਦਫਤਰਾਂ ਵਿਚ ਪੀ ਐੱਸ ਐੱਮ ਐੱਸ ਯੂ ਦੀ ਕਾਲ ਤੇ ਚੱਲ ਰਹੀ ਹੜਤਾਲ ਦੇ ਨਾਲ ਨਾਲ ਡੀ ਸੀ ਦਫਤਰਾਂ ਵਿੱਚ ਕੰਮ ਬੰਦ ਦੀ ਹਡ਼ਤਾਲ ਨੂੰ 31 ਦਸੰਬਰ, 2021 ਤਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਨਾਲ ਸਮੁੱਚੇ ਪੰਜਾਬ ਵਿੱਚ ਡੀਸੀ ਦਫ਼ਤਰ, ਐੱਸਡੀਐੱਮ ਦਫ਼ਤਰ, ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ 31 ਦਸੰਬਰ ਤਕ ਮੁਕੰਮਲ ਕੰਮ ਬੰਦ ਦੀ ਹਡ਼ਤਾਲ ਜਾਰੀ ਰੱਖੀ ਜਾਵੇਗੀ। ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। ਪੀ ਐਸ ਐਮ ਐਸ ਯੂ ਵੱਲੋਂ ਜੋ ਵੀ ਫ਼ੈਸਲਾ ਲਿਆ ਜਾਵੇਗਾ। ਉਸ ਨੂੰ ਵੀ ਲਾਗੂ ਕੀਤਾ ਜਾਵੇਗਾ।ਇਸ ਦੇ ਨਾਲ ਇਹ ਵੀ ਗੰਭੀਰਤਾ ਨਾਲ ਲਿਆ ਗਿਆ ਕਿ ਜੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਪ੍ਰਧਾਨ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਖੁੱਲ੍ਹਾ ਖ਼ਤ ਲਿਖ ਕੇ ਜਵਾਬ ਮੰਗਿਆ ਗਿਆ ਸੀ, ਉਸ ਤੇ ਵੀ ਕੋਈ ਜਵਾਬ ਨਾ ਦੇਣ ਨੂੰ ਅਤਿ ਮੰਦਭਾਗਾ ਅਤੇ ਕਾਂਗਰਸ ਪਾਰਟੀ ਦੀ ਹੈਂਕੜ ਨੂੰ ਦਰਸਾਉਂਦਾ ਹੈ। ਅੱਜ ਜਾਰੀ ਪ੍ਰੈੱਸ ਰਿਲੀਜ਼ ਰਾਹੀਂ ਫਿਰ ਮੁੱਖ ਮੰਤਰੀ , ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਅਸੀਂ ਸਵਾਲ ਕਰਦੇ ਹਾਂ ਕਿ ਜੇਕਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰਨਾ ਸਗੋਂ ਉਸ ਦੇ ਉਲਟ ਮੁਲਾਜ਼ਮ ਵਿਰੋਧੀ ਫੈਸਲੇ ਲੈਣੇ ਹਨ ਤਾਂ ਅਸੀਂ ਤੁਹਾਡੀ ਸਰਕਾਰ ਜਾਂ ਪਾਰਟੀ ਨੂੰ ਵੋਟ ਕਿਉਂ ਪਾਈਏ? ਇਸ ਦਾ ਕੋਈ ਵੀ ਜਵਾਬ ਨਾ ਆਉਣ ਦੀ ਸੂਰਤ ਵਿਚ ਨਵੇਂ ਸਾਲ ਤੋਂ ਕਾਂਗਰਸ ਪਾਰਟੀ ਨੂੰ ਕਿਸੇ ਮੁਲਾਜ਼ਮ ਵੱਲੋਂ ਵੀ ਵੋਟ ਨਾ ਪਾਏ ਜਾਣ ਦਾ ਫ਼ੈਸਲਾ ਲੈ ਲਿਆ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਸਵਾਲਾਂ ਦੇ ਬੈਨਰ/ਫਲੈਕਸੀਆਂ ਬਣਾ ਕੇ ਵੀ ਦਫਤਰਾਂ ਬਾਹਰ ਲਗਾਏ ਜਾਣਗੇ। ਇਸ ਦੀ ਸਾਰੀ ਜ਼ਿੰਮੇਵਾਰੀ ਇਨ੍ਹਾਂ ਦੀ ਹੋਵੇਗੀ।