ਡਿਪਟੀ ਕਮਿਸ਼ਨਰ ਵੱਲੋਂ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਵਿੱਚ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਦੀ ਸਥਾਪਨਾ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ
ਕਿਹਾ, ਮੈਰੀਟੋਰੀਅਸ ਸਕੂਲ ਆਈਸੋਲੇਸ਼ਨ ਸੈਂਟਰ 100 ਬੈੱਡ ਦਾ ਬਣਾਇਆ ਜਾਣਾ ਹੈ ਲੋੜ ਅਨੁਸਾਰ ਗਿਣਤੀ ਵਧਾਈ ਵੀ ਜਾਵੇਗੀ
ਫਿਰੋਜ਼ਪੁਰ 15 ਅਪ੍ਰੈਲ 2020 ਕੋਵਿਡ-19 (ਕੋਰੋਨਾ) ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਜ਼ਿਲ੍ਹੇ ਵਿੱਚ ਅਗਾਊਂ ਪ੍ਰਬੰਧਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਵਿੱਚ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਦੀ ਸਥਾਪਨਾ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ.) ਸ੍ਰ. ਰਵਿੰਦਰ ਸਿੰਘ ਅਤੇ ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ ਵੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਵੇਂ ਸਾਡੇ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਕੇਸ ਨਹੀਂ ਹੈ ਪਰ ਸਾਨੂੰ ਹੁਣੇ ਤੋਂ ਹੀ ਚੌਕੰਨੇ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਦੀ ਸਥਾਪਨਾ ਦਾ ਮਕਸਦ ਇਹ ਹੈ ਕਿ ਜੇਕਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਜੇਕਰ ਕਿਸੇ ਕੋਰੋਨਾ ਪੋਜੇਟਿਵ ਮਰੀਜ਼ ਦੀ ਪੁਸ਼ਟੀ ਹੁੰਦੀ ਹੈ ਤਾਂ ਇਸ ਸੈਂਟਰ ਵਿੱਚ ਉਸ ਮਰੀਜ਼ ਨੂੰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਆਈਸੋਲੇਸ਼ਨ ਸੈਂਟਰ 100 ਬੈੱਡ ਦਾ ਬਣਾਇਆ ਜਾਣਾ ਹੈ ਤੇ ਲੋੜ ਅਨੁਸਾਰ ਬੈੱਡਾਂ ਦੀ ਗਿਣਤੀ ਵਧਾਈ ਵੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਤੇ ਸਿੱਖਿਆ ਵਿਭਾਗ ਸਮੇਤ ਸਬੰਧਿਤ ਵਿਭਾਗੀ ਅਧਿਕਾਰੀਆਂ ਤੋਂ ਇਸ ਆਈਸੋਲੇਸ਼ਨ ਸੈਂਟਰ ਵਿੱਚ ਤੈਨਾਤ ਕੀਤੇ ਸੁਪਰਵਾਈਜ਼ਰਾਂ, ਸਕਿਉਰਿਟੀ ਗਾਰਡਾਂ, ਨਰਸਾਂ, ਸੇਵਾਦਾਰਾਂ ਤੇ ਸਫ਼ਾਈ ਸੇਵਕਾਂ ਦੀਆਂ ਲਿਸਟਾਂ ਦੀ ਪ੍ਰਾਪਤ ਕੀਤੀਆਂ ਤੇ ਕਿਹਾ ਕਿ ਸਵੀਪਰ ਤੇ ਸਕਿਉਰਿਟੀ ਗਾਰਡ ਹੋਰ ਲਗਾਏ ਜਾਣ। ਉਨ੍ਹਾਂ ਕਿਹਾ ਕਿ ਇਹ ਡਿਊਟੀ ਅਮਲਾ ਆਪਣੀ ਡਿਊਟੀ ਪ੍ਰਤੀ ਪੂਰੀ ਤਰ੍ਹਾਂ ਪਹਿਲਾ ਤੋਂ ਹੀ ਚੌਕੰਨਾ ਹੋ ਜਾਵੇ ਤੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵੇ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਸ ਆਈਸੋਲੇਸ਼ਨ ਸੈਂਟਰ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੋਵਿਡ-19 ਸੈਂਟਰ ਦੀ ਮੈਨੇਜਮੈਂਟ ਕਮੇਟੀ ਬਣਾਈ ਜਾਵੇ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਖ਼ੁਦ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਦੇ ਕਮਰਿਆਂ ਤੇ ਬਾਥਰੂਮਾਂ ਦੀ ਚੈਕਿੰਗ ਕੀਤੀ ਗਈ ਤੇ ਸਬੰਧਿਤ ਵਿਭਾਗਾਂ ਨੂੰ ਕਿਹਾ ਗਿਆ ਕਿ ਪਾਣੀ, ਸਫ਼ਾਈ ਆਦਿ ਪ੍ਰਬੰਧ ਪਹਿਲਾਂ ਤੋਂ ਹੀ ਮੁਕੰਮਲ ਕਰ ਲਏ ਜਾਣ।
ਇਸ ਮੌਕੇ ਐੱਸ.ਪੀ. ਆਪ੍ਰੇਸ਼ਨ ਬਲਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜਿੰਦਰ ਮਨਚੰਦਾ, ਡਿਪਟੀ ਡੀਈਓ ਮੋਗਾ ਪ੍ਰਗਟ ਸਿੰਘ ਬਰਾੜ ਅਤੇ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।