ਡਿਪਟੀ ਕਮਿਸ਼ਨਰ ਨੇ ਸਕੂਲ ਅਧਿਆਪਕ ਲਈ ਲਾਪਤਾ 12 ਸਾਲ ਦੇ ਲੜਕੇ ਨੂੰ ਵਾਪਸ ਲਿਆਉਣ ਲਈ ਲਖਨਊ ਭੇਜੀ ਕਾਰ, ਦੋ ਮਹੀਨਿਆਂ ਬਾਅਦ ਬੱਚੇ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ
ਬੱਚਾ ਦਾਦੀ ਨੂੰ ਮਿਲਣ ਲਈ ਕਰਫਿਊ ਤੋਂ ਪਹਿਲਾਂ ਮਾਲਗੱਡੀ ਵਿਚ ਬੈਠ ਕੇ ਰਵਾਨਾ ਹੋ ਗਿਆ ਸੀ, ਪਰ ਬੱਚਾ ਲਖਨਊ ਪਹੁੰਚ ਗਿਆ
ਫਿਰੋਜ਼ਪੁਰ, 29 ਮਈ
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਕੁਲਵੰਤ ਸਿੰਘ ਦੇ ਯਤਨਾਂ ਸਦਕਾ, ਇੱਕ 12 ਸਾਲਾ ਲੜਕਾ ਸ਼ੁੱਕਰਵਾਰ ਨੂੰ ਦੋ ਮਹੀਨਿਆਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕਿਆ ਹੈ। ਬੱਚਾ ਆਪਣੀ ਦਾਦੀ ਨੂੰ ਮਿਲਣ ਲਈ ਦੋ ਮਹੀਨੇ ਪਹਿਲਾਂ ਇਕ ਮਾਲ ਗੱਡੀ ਵਿਚ ਬੈਠ ਗਿਆ ਸੀ, ਪਰ ਬਿਹਾਰ ਪਹੁੰਚਣ ਦੀ ਬਜਾਏ ਲਖਨਊ ਪਹੁੰਚ ਗਿਆ। ਬੱਚੇ ਨੂੰ ਲੱਭਣ ਲਈ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸੇ ਦੌਰਾਨ ਲਖਨਊ ਪ੍ਰਸ਼ਾਸਨ ਦੀ ਬਾਲ ਭਲਾਈ ਕਮੇਟੀ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਬੱਚਾ ਲਖਨਊ ਹੋਣ ਬਾਰੇ ਸੂਚਨਾ ਮਿਲੀ, ਜਿਸ ‘ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ, ਬੱਚੇ ਨੂੰ ਫਿਰੋਜ਼ਪੁਰ ਵਾਪਸ ਲਿਆਉਣ ਲਈ 27 ਮਈ ਨੂੰ ਫਿਰੋਜ਼ਪੁਰ ਤੋਂ ਲਖਨਊ ਇੱਕ ਕਾਰ ਰਵਾਨਾ ਕੀਤੀ ਗਈ।
ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਬੱਚਾ ਬਿਹਾਰ ਵਿਚ ਰਹਿੰਦੀ ਆਪਣੀ ਦਾਦੀ ਨੂੰ ਮਿਲਣ ਲਈ ਇਕ ਮਾਲਗੱਡੀ ਵਿਚ ਬੈਠ ਗਿਆ ਸੀ। ਪਰਿਵਾਰ ਉਸਦੀ ਭਾਲ ਕਰਦਾ ਰਿਹਾ ਪਰ ਉਹ ਲਖਨਊ ਪਹੁੰਚ ਗਿਆ ਸੀ। ਜਿਵੇਂ ਹੀ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਬੱਚਾ ਲਖਨਊ ਵਿੱਚ ਹੈ ਤੇ ਸੁਰੱਖਿਅਤ ਹੈ, ਉਸਨੂੰ ਲਿਆਉਣ ਲਈ ਇੱਕ ਬਾਲ ਭਲਾਈ ਕਮੇਟੀ ਦੇ ਮੈਂਬਰ ਨੂੰ ਕਾਰ ਵਿੱਚ ਲਖਨਊ ਭੇਜਿਆ ਅਤੇ ਕਮੇਟੀ ਮੈਂਬਰ ਬੱਚੇ ਨੂੰ ਫਿਰੋਜ਼ਪੁਰ ਵਾਪਸ ਲੈ ਆਏ, ਜਿਸ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਨੇ ਉਨ੍ਹਾਂ ਦੇ ਪਿਤਾ ਦੇ ਹਵਾਲੇ ਕਰ ਦਿੱਤਾ। ਡਿਪਟੀ ਕਮਿਸ਼ਨਰ ਨੇ ਬੱਚੇ ਨੂੰ ਇੱਕ ਚਾਕਲੇਟ ਬਾਕਸ ਵੀ ਦਿੱਤਾ, ਅਤੇ ਨਾਲ ਹੀ ਸਮਝਾਇਆ ਕਿ ਭਵਿੱਖ ਵਿੱਚ ਉਹ ਆਪਣੇ ਆਪ ਘਰੋਂ ਇੱਕਲਾ ਬਾਹਰ ਨਹੀਂ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ‘ਤੇ ਨਜ਼ਰ ਰੱਖਣ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਬੱਚੇ ਦੇ ਪਿਤਾ ਉਦੈ ਸ਼ੰਕਰ ਕੁਮਾਰ ਜੋ ਸਥਾਨਕ ਸਕੂਲ ਵਿਚ ਅਧਿਆਪਕ ਹਨ, ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਦਾ ਇਸ ਮਦਦ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਉਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੱਚੇ ਦੇ ਲਖਨਊ ਵਿੱਚ ਹੋਣ ਦੀ ਸੂਚਨਾ ਮਿਲੀ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਇੱਕ ਕਾਰ ਨੂੰ ਉਸਦੇ ਬੇਟੇ ਨੂੰ ਘਰ ਵਾਪਸ ਲਿਆਉਣ ਲਈ ਰਵਾਨਾ ਕੀਤਾ ਗਿਆ। ਦੋ ਮਹੀਨਿਆਂ ਬਾਅਦ, ਉਹ ਆਪਣੇ ਬੱਚੇ ਨੂੰ ਵਾਪਸ ਲੈ ਕੇ ਬਹੁਤ ਖੁਸ਼ ਹੈ।