Ferozepur News

ਜਿਨ੍ਹਾਂ ਦੇ ਲਈ ਦਿਨ ਬਣਿਆ ਉਹ ਤਾਂ ਫਿਰਨ ਦਿਹਾੜੀ ਤੇ, ਲੈਣ-ਦੇਣ ਨਹੀਂ ਜਿਨ੍ਹਾਂ ਦਾ ਉਹ ਘਰ ਚ ਮੌਜਾਂ ਮਾਣੀ ਦੇ

ਜਿਨ੍ਹਾਂ ਦੇ ਲਈ ਦਿਨ ਬਣਿਆ ਉਹ ਤਾਂ ਫਿਰਨ ਦਿਹਾੜੀ ਤੇ, ਲੈਣ-ਦੇਣ ਨਹੀਂ ਜਿਨ੍ਹਾਂ ਦਾ ਉਹ ਘਰ ਚ ਮੌਜਾਂ ਮਾਣੀ ਦੇ

ਅੱਜ ਮਜ਼ਦੂਰ ਦਿਵਸ (1 ਮਈ) ਤੇ ਵਿਸ਼ੇਸ਼ !!!

ਕਿਸੇ ਵੀ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ, ਕਾਮਿਆਂ ਅਤੇ ਮਿਹਨਤਕਸ਼ਾਂ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਦੀ ਵੱਡੀ ਗਿਣਤੀ ਇਸ ਦੀ ਕਾਮਯਾਬੀ ਲਈ ਹੱਥੀਂ, ਅਕਲ-ਇਲਮ ਅਤੇ ਤਨਦੇਹੀ ਨਾਲ ਜੁਟੀ ਹੁੰਦੀ ਹੈ। ਕਿਸੇ ਵੀ ਉਦਯੋਗ ਵਿੱਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ। ਕਾਮਿਆਂ ਤੋਂ ਬਿਨਾਂ ਕੋਈ ਵੀ ਸਨਅਤੀ ਢਾਂਚਾ ਖੜਾ ਨਹੀਂ ਰਹਿ ਸਕਦਾ। ਭਾਰਤੀ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ’ਚ ਆਵਾਜ਼ ਉਠਾਈ ਸੀ ਅਤੇ ਉਸ ਸਮੇਂ ਦੇ ਹੰਕਾਰੀ ਅਤੇ ਲੁਟੇਰੇ ਹਾਕਮ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਉਸ ਦਾ ਹੰਕਾਰ ਤੋੜਿਆ ਅਤੇ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰਨ, ਨਾਮ ਜਪਣ, ਵੰਡ ਛਕਣ ਅਤੇ ਦਸਵੰਧ ਕੱਢਣ ਦਾ ਸੰਦੇਸ਼ ਦਿੱਤਾ। ਗ਼ਰੀਬ ਮਜ਼ਦੂਰ ਅਤੇ ਕਾਮੇ ਦਾ ਹਲੀਮੀ ਰਾਜ ਸਥਾਪਿਤ ਕਰਨ ਲਈ ਮਨਮੁਖ ਤੋਂ ਗੁਰਮੁਖ ਤਕ ਦੀ ਯਾਤਰਾ ਕਰਨ ਦਾ ਸੰਦੇਸ਼ ਦਿੱਤਾ।

ਪੂਰੀ ਦੁਨੀਆ ਵਿਚ 1 ਮਈ ਨੂੰ ‘ਵਿਸ਼ਵ ਮਜਦੂਰ ਦਿਵਸ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਮਜਦੂਰ ਦਿਵਸ ਮਨਾਉਣ ਦਾ ਮੁੱਖ ਉਦੇਸ਼ ਜਿਥੇ ਮਜਦੂਰਾਂ ਦੇ ਸੰਘਰਸ਼ ਭਰੇ ਜੀਵਣ ਅਤੇ ਉਹਨਾਂ ਦੀਆਂ ਸਮਾਜਿਕ ਅਤੇ ਆਰਥਿਕ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣਾ ਹੈ ਉਥੇ ਮਜਦੂਰਾਂ ਨੂੰ ਸਮੇਂ-ਸਮੇਂ ‘ਤੇ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਚੁਨੌਤੀਆਂ ਤੋਂ ਜਾਣੂ ਕਰਵਾਉਣਾ ਵੀ ਹੈ।

ਮਜਦੂਰ ਦਿਵਸ ਦੀ ਸ਼ੁਰੂਆਤ ਮਜਦੂਰ ਯੂਨੀਅਨ ਲਹਿਰ ਦੇ ਰੂਪ ਵਿਚ ਹੋਈ। ਜੋ ਕਿ ਵਿਸ਼ੇਸ਼ ਤੌਰ ‘ਤੇ ਇਸ ਗੱਲ ‘ਤੇ ਜ਼ੋਰ ਦਿੰਦੀ ਸੀ ਕਿ ਦਿਨ ਦੇ 24 ਘੰਟਿਆਂ ਦੀ ਵੰਡ ਇਸ ਤਰਾਂ ਕੀਤੀ ਜਾਵੇ ਕਿ ਇਸ ਨਾਲ ਕੰਮ ਦੇ ਨਾਲ-ਨਾਲ ਮਜਦੂਰਾਂ ਦੇ ਵਿਅਕਤੀਤੱਵ ਦਾ ਵੀ ਵਿਕਾਸ ਹੋ ਸਕੇ ਜਿਵੇ ਅੱਠ ਘੰਟੇ ਕੰਮ ਲਈ, ਅੱਠ ਘੰਟੇ ਆਰਾਮ ਲਈ ਅਤੇ ਅੱਠ ਘੰਟੇ ਦਿਲ ਪ੍ਰਚਾਵਾ ਲਈ ਆਦਿ ਲਈ ਨਿਰਧਾਰਿਤ ਕੀਤੇ ਜਾਣ।

ਮਜਦੂਰ ਦਿਵਸ ਨੂੰ ‘ਲੇਬਰ ਡੇ”ਮਈ ਡੇ’ ਅਤੇ ‘ਅੰਤਰਰਾਸ਼ਟਰੀ ਕਾਮਿਆਂ ਦਾ ਦਿਨ’ ਦੇ ਨਾਵਾਂ ਨਾਲ ਵੀ ਜਾਣਿਆ ਜਾਦਾਂ ਹੈ। ਇਸ ਦਿਨ ਲੱਗ ਭੱਗ ਸਾਰੇ ਦੇਸ਼ਾ ਵਿਚ ਹੀ ‘ਕੰਮ ਕਾਜੀ ਲੋਕਾਂ’ ਅਤੇ ਮਜਦੂਰ ਯੂਨੀਅਨਾਂ ਦੁਆਰਾ ਗਲੀਆਂ ਵਿਚ ਮਾਰਚ ਪਾਸ ਕੀਤੇ ਜਾਂਦੇ ਹਨ। ਦੁਨੀਆ ਦੇ 80 ਤੋਂ ਵੀ ਵੱਧ ਦੇਸ਼ਾ ਵਿਚ 1 ਮਈ ਨੂੰ ਰਾਸ਼ਟਰੀ ਛੁੱਟੀ ਕੀਤੀ ਜਾਂਦੀ ਹੈ। ਕਈ ਦੇਸ਼ਾ ਵਿਚ ਇਹ ਗੈਰ ਸਰਕਾਰੀ ਤੌਰ ‘ਤੇ ਵੀ ਮਨਾਇਆ ਜਾਂਦਾ ਹੈ।

ਮਜਦੂਰ ਦਿਵਸ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਇਸ ਦੀ ਨੀਂਹ ਇਕ ਤੱਤਕਾਲੀਨ ਕਾਰਣ ਨਾਲ ਰੱਖੀ ਗਈ ਜਦੋਂ 1886 ਈ: ਨੂੰ ਸ਼ਿਕਾਗੋ (ਅਮਰੀਕਾ) ਵਿਖੇ ਹੇਅ ਮਾਰਕੀਟ ਵਿਚ ਕਿਸੇ ਅਨਜਾਣ ਵਿਅਕਤੀ ਦੁਆਰਾ ਪੁਲਿਸ ‘ਤੇ ਸੁਟੇ ਗਏ ਬੰਬ ਦੇ ਪ੍ਰਤੀਕਰਮ ਵਜੋਂ ਪੁਲਿਸ ਦੁਆਰਾ ਉਹਨਾਂ ਕਾਮਿਆਂ ਅਤੇ ਮਜ਼ਦੂਰਾਂ ‘ਤੇ ਅੰਨੇਵਾਹ ਗੋਲੀਆਂ ਚਲਾਈਆਂ ਗਈਆ ਜੋ ਕਿ ਆਪਣੇ ਲਈ ‘ਅੱਠ ਘੰਟੇ ਕੰਮ’ ਦੀ ਮੰਗ ਲਈ ਹੜਤਾਲ ‘ਤੇ ਬੈਠੇ ਸਨ। ਇਸ ਅੰਨੇਵਾਹ ਫਾਇਰਿੰਗ ਵਿਚ ਕਈ ਪ੍ਰਦਰਸ਼ਨਕਾਰੀ ਮਜ਼ਦੂਰ ਮਾਰੇ ਗਏ। 1889 ਵਿਚ ਪੈਰਿਸ ਵਿਚ ਬਣੇ ਮਜਦੂਰਾਂ ਦੇ ਸੰਗਠਨ ‘ਇੰਟਰਨੈਸ਼ਨਲ ਸੈਕਿੰਡ ਕਾਂਗਰਸ’ ਨੇ ਇਸ ਘਟਨਾ ਪ੍ਰਤੀ ਵਿਰੋਧ ਪ੍ਰਗਟ ਕਰਨ ਲਈ ਇਸ ਦੀ ਵਰੇਗੰਢ ਮਨਾਉਣ ਦਾ ਪ੍ਰਸਤਾਵ ਪੇਸ਼ ਕੀਤਾ ਤੇ ਸਿੱਟੇ ਵਜੋਂ 1 ਮਈ 1890 ਨੂੰ ‘ਸ਼ਿਕਾਗੋ ਗੋਲੀ ਕਾਂਡ’ ਦੀ ਪਹਿਲੀ ਵਰੇਗੰਢ ਮਨਾਈ ਗਈ। ਇਸ ਦਿਨ ਤੋਂ ਹੀ ਮਈ ਦਿਵਸ ਮਨਾਉਣ ਦੀ ਸ਼ੁਰੂਆਤ ਹੋ ਗਈ।

ਇਸ ਤੋਂ ਬਾਅਦ 1894 ਤੇ ਫੇਰ 1919 ਨੂੰ ਮਈ ਦਿਵਸ ਮਨਾਉਦਿਆਂ ‘ਉਹੀ’ (ਸ਼ਿਕਾਗੋ) ਵਿਚ ਮਜਦੂਰ ਵਿਰੋਧੀ ਸਰਕਾਰੀ ਵਤੀਰੇ ਨੇ ਮਈ ਦਿਵਸ ਨੂੰ ਮਜਦੂਰ ਦਿਵਸ ਦੇ ਰੂਪ ਵਿਚ ਮਨਾਉਣ ਦੀ ਨੀਂਹ ਹੋਰ ਵੀ ਮਜਬੂਤ ਕਰ ਦਿੱਤੀ। ਅਜਿਹੀਆਂ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀਆਂ ਮਜਦੂਰ ਵਿਰੋਧੀ ਘਟਨਾਂਵਾਂ ਨੂੰ ਦੇਖਦੇ ਹੋਏ ਨੀਦਰਲੈਡ ਵਿਚ ‘ਇੰਟਰਨੈਸ਼ਨਲ ਸ਼ੋਸ਼ਲਿਸਟ ਕਾਨਫਰੰਸ’ ਸੱਦੀ ਗਈ ਜਿਸ ਵਿਚ ਦੁਨੀਆ ਭਰ ਤੋਂ ਸਾਰੇ ਸਮਾਜਿਕ ਲੋਕਤੰਤਰੀ ਸੰਗਠਨਾਂ, ਪਾਰਟੀਆ, ਵਪਾਰ ਸੰਗਠਨਾਂ ਨੂੰ ਮਈ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਜਿਸ ਦਾ ਉਦੇਸ਼ ਕੰਮ ਕਰਨ ਦੇ 8 ਘੰਟੇ ਨਿਰਧਾਰਤ ਕਰਨ ਦੀ ਕਾਨੂੰਨੀ ਵਿਵਸਥਾ ਯਕੀਨੀ ਬਨਾਉਣਾ ਸੀ ਅਤੇ ਇਸ ਲਈ ਅੰਤਰਰਾਸ਼ਟਰੀ ਪੱਧਰ ‘ਤੇ 1 ਮਈ ਨੂੰ ‘ਕੰਮ ਛੱਡ’ ਕੇ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਮਨਵਾਉਣ ਦਾ ਆਦੇਸ਼ ਦਿੱਤਾ ਗਿਆ। ਇੰਝ ਪੂਰੇ ਵਿਸ਼ਵ ਵਿਚ ਮਈ ਦਿਵਸ ਨੂੰ ਮਜ਼ਦੂਰ ਦਿਵਸ ਦੇ ਰੂਪ ਵਿਚ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ।

ਜੇਕਰ ਕਿਰਤੀ ਨੂੰ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਜਰਤ ਨਹੀਂ ਮਿਲਦੀ ਤਾਂ ਸਮਝੋ ਕਿ ਉਸ ਨਾਲ ਨਿਆਂ ਨਹੀਂ ਹੋ ਰਿਹਾ। ਵਿਕਸਤ ਦੇਸ਼ਾਂ ਸਮੇਤ ਸਾਰੇ ਵਿਸ਼ਵ ਵਿੱਚ ਹੀ ਕਿਸਾਨ ਅਤੇ ਕਿਰਤੀ ਔਖੇ ਹਨ, ਭਾਵੇਂਕਿ ਕੁਝ ਦੇਸ਼ਾਂ ਵਿੱਚ ਕਾਮਿਆਂ ਦੇ ਸੰਗਠਿਤ ਹੋਣ ਕਾਰਨ ਬਹੁਤ ਸਾਰੇ ਲਾਭ ਮਿਲ ਜਾਂਦੇ ਹਨ ਜਿਸ ਨਾਲ ਜ਼ਿੰਦਗੀ ਦੇ ਆਖ਼ਰੀ ਵਰ੍ਹੇ ਸੌਖੇ ਬੀਤ ਜਾਂਦੇ ਹਨ। ਸਾਡੇ ਦੇਸ਼ ਵਿੱਚ ਖੇਤੀ ਮਜ਼ਦੂਰਾਂ/ਕਿਸਾਨਾਂ ਅਤੇ ਛੋਟੇ-ਵੱਡੇ ਕਸਬਿਆਂ ਵਿੱਚ ਕੰਮ ਕਰਦੇ ਕਿਰਤੀਆਂ ਲਈ ਜੀਵਨ ਨਿਰਬਾਹ ਦੇ ਬਹੁਤੇ ਚੰਗੇ ਸਾਧਨ ਉਪਲਬਧ ਨਹੀਂ ਹਨ। ਸਰਕਾਰੀ ਹਦਾਇਤਾਂ ਅਤੇ ਨਿਯਮਾਂ ਦੇ ਬਾਵਜੂਦ ਕਾਮਿਆਂ ਨੂੰ ਬੈਠਣ, ਆਰਾਮ ਕਰਨ ਅਤੇ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਹਨ।

ਆਰਥਿਕ ਵਿਕਾਸ ਦੇ ਹਰ ਕੰਮ ਵਿੱਚ ਕਿਰਤੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਖੇਤੀ ਆਧਾਰਿਤ ਹਰਾ ਇਨਕਲਾਬ ਜਾਂ ਸਨਅਤੀ ਤਰੱਕੀ, ਕਿਸੇ ਵੀ ਰੂਪ ਵਿੱਚ ਕਿਰਤੀਆਂ ਦੀ ਹੱਡਭੰਨਵੀਂ ਮਿਹਨਤ ਤੋਂ ਬਿਨਾਂ ਸੰਭਵ ਨਹੀਂ ਸੀ। ਦੇਸ਼ ਦੀ ਇੱਕ-ਤਿਹਾਈ  ਕਿਰਤੀਆਂ ਅਤੇ ਗ਼ਰੀਬ ਕਿਸਾਨਾਂ ਦੀ ਅਬਾਦੀ  ਗ਼ਰੀਬੀ ਰੇਖਾ ਤੋਂ ਥੱਲੇ ਨਰਕ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਵਿਸ਼ਵ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਵੱਲੋਂ 22 ਦੇਸ਼ਾਂ ਦੇ ਗ਼ਰੀਬ ਕਾਮਿਆਂ ਦੇ ਜੀਵਨ ਪੱਧਰ ਦਾ ਸਰਵੇ ਕੀਤਾ ਹੈ ਜਿਸ ਅਨੁਸਾਰ ਭਾਰਤ ਆਪਣੇ ਕਿਰਤੀਆਂ ਦੀ ਗ਼ਰੀਬੀ ਘਟਾਉਣ ਵਿੱਚ ਨੇਪਾਲ, ਬੰਗਲਾਦੇਸ਼ ਅਤੇ ਰਵਾਂਡਾ ਵਰਗੇ ਮੁਲਕਾਂ ਤੋਂ ਵੀ ਪਿੱਛੇ ਹੈ। ਗ਼ਰੀਬੀ ਰੇਖਾ ਨੂੰ ਖ਼ਤਮ ਕਰਨ ਲਈ ਅਜੇ ਪੰਜਾਹ ਸਾਲ ਹੋਰ ਲੱਗ ਸਕਦੇ ਹਨ। ਸੜਕਾਂ ’ਤੇ ਰੋੜੀ ਕੁੱਟਣ ਵਾਲਿਆਂ ਨੂੰ ਕਾਰਾਂ ’ਤੇ ਚੜ੍ਹਣ ਦਾ ਮੌਕਾ ਕਦੋਂ ਮਿਲੇਗਾ? ਖੇਤ ਵਿੱਚ ਮੁਸ਼ੱਕਤ ਕਰਕੇ ਅਨਾਜ ਪੈਦਾ ਕਰਨ ਵਾਲੇ ਕਿਰਤੀ ਨੂੰ ਕਦੋਂ ਢਿੱਡ ਭਰਵਾਂ ਖਾਣਾ ਮਿਲੇਗਾ? ਕਪਾਹ ਪੈਦਾ ਕਰਨ ਵਾਲੇ ਕਾਮਿਆਂ ਨੂੰ ਕਦੋਂ ਪਿੰਡਾ ਢੱਕਣ ਲਈ ਲੋੜੀਂਦਾ ਕੱਪੜਾ ਮਿਲੇਗਾ? ਬਹੁਮੰਜ਼ਲੇ ਫਲੈਟ ਉਸਾਰਨ ਵਾਲੇ ਮਜ਼ਦੂਰਾਂ ਨੂੰ ਕਦੋਂ ਆਪਣੀ ਛੱਤ ਮਿਲੇਗੀ? ਸਾਡੇ ਦੇਸ਼ ਲਈ ਇਹ ਵੱਡੀਆਂ ਚੁਣੌਤੀਆਂ ਹਨ ਜਿਸ ਵਿੱਚੋਂ ਸਫ਼ਲ ਹੋ ਕੇ ਪਾਰ ਲੰਘਣਾ ਕਠਿਨ ਇਮਤਿਹਾਨ ਹੈ।

ਦੁਨੀਆ ਭਰ ਦੇ ਦੇਸ਼ ਇਸ ਦਿਨ ਨੂੰ ਆਪਣੇ-ਆਪਣੇ ਢੰਗ ਨਾਲ ਮਨਾਉਦੇਂ ਹਨ। ਸਮਾਜਵਾਦੀ ਅਤੇ ਕਮਿਊਨਿਸਟ ਦੇਸ਼ਾਂ ਵਿਚ ਜਿਵੇਂ ਚੀਨ, ਕਿਊਬਾ, ਰੂਸ ਵਿਚ ਸਰਕਾਰੀ ਛੁੱਟੀ ਹੋਣ ਦੇ ਨਾਲ-ਨਾਲ ਰਾਸ਼ਟਰ ਪੱਧਰ ਤੇ ਸੈਨਿਕ ਪਰੇਡ ਵੀ ਆਯੋਜਿਤ ਕੀਤੀ ਜਾਂਦੀ ਹੈ ਤੇ ਕਈ ਤਰਾਂ ਦੇ ਪਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।

ਕੈਨੇਡਾ ਵਿਚ ਸਰਕਾਰੀ ਤੌਰ ‘ਤੇ ਮਜ਼ਦੂਰ ਦਿਵਸ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਮਨਾਉਦੇ ਹਨ ਜਦੋ ਕਿ 1 ਮਈ ਨੂੰ ਮਜ਼ਦੂਰ ਦਿਵਸ ਵਪਾਰ ਸੰਗਠਨਾਂ ਅਤੇ ਯੂਨੀਅਨਾਂ ਦੁਆਰਾ ਮਨਾਇਆਂ ਜਾਂਦਾ ਹੈ।

ਅਮਰੀਕਾ ਵਿਚ ਸਰਕਾਰੀ ਤੌਰ ‘ਤੇ 1 ਮਈ ਨੂੰ ਮਜ਼ਦੂਰ ਦਿਵਸ ਨਾ ਮੰਨ ਕੇ ‘ਲਾਅ ਡੇ’ (ਕਾਨੂੰਨ ਦਿਵਸ) ਦੇ ਰੂਪ ਵਿਚ ਮਨਾਇਆ ਜਾਂਦਾ ਹੈ ਅਤੇ ਸਰਕਾਰੀ ਛੁੱਟੀ ਵੀ ਕੀਤੀ ਜਾਂਦੀ ਹੈ ਜਦੋ ਕਿ ਵਪਾਰ ਸੰਗਠਨਾਂ ਅਤੇ ਯੂਨੀਅਨਾਂ ਵਲੋਂ ਇਸ ਨੂੰ ‘ਮਜ਼ਦੂਰ ਦਿਵਸ’ ਵਜੋ ਮਨਾਉਣ ਦੇ ਯਤਨ ਅਜੇ ਤਕ ਚਲ ਰਹੇ ਹਨ।

ਜਾਪਾਨ ਵਿਚ ਇਸ ਦਿਨ ਨੂੰ ਸਰਕਾਰੀ ਛੁੱਟੀ ਨਾ ਹੋ ਕੇ ਕੇਵਲ ‘ਕੰਮ ਨਾ ਕਰ ਕੇ’ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਕਿਉਕਿ 1 ਮਈ ਦਾ ਦਿਨ ਜਾਪਾਨ ਦੀਆ ਸਰਕਾਰੀ ਛੁੱਟੀਆਂ (ਜੋ 29 ਅਪ੍ਰੈਲ ਤੋ ਸ਼ੁਰੂ ਹੁੰਦੀਆਂ ਹਨ) ਵਿਚ ਆਉਦਾ ਹੈ।

ਮਲੇਸ਼ੀਆ, ਸਿੰਘਾਪੁਰ, ਬਰਾਜ਼ੀਲ, ਨੇਪਾਲ, ਸਪੇਨ ਆਦਿ ਵਿਚ ਵੀ ਮਈ ਦਿਵਸ ਤੇ ਸਰਕਾਰੀ ਤੌਰ ‘ਤੇ ਛੁੱਟੀ ਕਰ ਕੇ ਮਨਾਇਆ ਜਾਂਦਾ ਹੈ। ਇੰਗਲੈਡ ਵਿਚ ਵੀ ਇਸ ਨੂੰ ‘ਲੰਡਨ ਮਈ ਦਿਵਸ’ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।

ਭਾਰਤ ਵਿਚ ਇਸ ਦੀ ਸ਼ੁਰੂਆਤ 1 ਮਈ 1923 ਨੂੰ ਮਦਰਾਸ ਤੋਂ ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਵਲੋਂ ਕੀਤੀ ਗਈ। ਇਸ ਸਮੇਂ ਪਹਿਲੀ ਵਾਰ ਭਾਰਤ ਵਿਚ ਲਾਲ ਝੰਡਾ ਵਰਤਿਆ ਗਿਆ।

ਭਾਰਤ ਵਿਚ ਮਈ ਦਿਵਸ ਨੂੰ ‘ਬੈਂਕ ਹਾਲੀ ਡੇ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਭਾਰਤ ਵਿਚ ਇਸ ਦਿਨ 1960 ਨੂੰ ਬੰਬਈ (ਪੁਰਾਣਾ ਨਾਂ) ਨੂੰ ਵੱਖ ਵੱਖ ਬੋਲੀ(ਮਰਾਠੀ ਅਤੇ ਗੁਜਰਾਤੀ) ਦੇ ਆਧਾਰ ਤੇ ਵੰਡ ਕੇ ਦੋ ਰਾਜ ਬਣਾਏ ਗਏ ਮਹਾਂਰਾਸ਼ਟਰ (ਮੁੰਬਈ) ਅਤੇ ਗੁਜਰਾਤ ਅਤੇ ਦੋਨਾਂ ਨੂੰ ਹੀ ‘ਰਾਜ’ ਦਾ ਦਰਜਾ ਦਿੱਤਾ ਗਿਆ। ਸੋ ਇਸ ਦਿਨ ਮਹਾਂਰਾਸ਼ਟਰ ਵਿਚ ਮਹਾਂਰਾਸ਼ਟਰ ਡੇ ਅਤੇ ਗੁਜਰਾਤ ਵਿਚ ਗੁਜਰਾਤ ਡੇ ਅਤੇ ਪੂਰੇ ਭਾਰਤ ਵਿਚ ਇਸ ਦਿਨ ਨੂੰ ਮਜ਼ਦੂਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਮਜ਼ਦੂਰਾਂ ਅਤੇ ਸਮੂਹ ਕਾਮਿਆਂ ਦੇ ਵਿਹੜੇ ਸਦਾ ਚਾਨਣ ਰਹੇ ਅਤੇ ਖ਼ੁਸ਼ੀਆਂ ਭਰੀ ਸਵੈਮਾਣ ਵਾਲੀ ਜ਼ਿੰਦਗੀ ਜਿਉਣ ਦਾ ਸਭ ਨੂੰ ਹੱਕ ਹੋਵੇ। ਅੱਜ ਸਾਡੇ ਜਾਗਣ ਦਾ ਸਮਾਂ ਹੈ। ਜੇਕਰ ਮਜ਼ਦੂਰ ਅਤੇ ਕਿਸਾਨਾਂ ਦੀ ਜ਼ਿੰਦਗੀ ਬਿਹਤਰ ਨਹੀਂ ਹੋਵੇਗੀ ਤਾਂ ਇਹ ਵਿਵਸਥਾ ਵੀ ਲੰਮਾ ਸਮਾਂ ਜਿਉਂਦੀ ਨਹੀਂ ਰਹਿ ਸਕੇਗੀ। ਦੁਨੀਆਂ ਵਿੱਚ ਅਮਨ, ਸ਼ਾਂਤੀ ਅਤੇ ਸਥਿਰਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਸਭ ਕਾਮਿਆਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਸੁਧਾਰ ਕਦੋਂ ਅਤੇ ਕਿੰਨਾ ਆਉਂਦਾ ਹੈ? ਕਿਸੇ ਕਵੀ ਨੇ ਮਜ਼ਦੂਰ ਦੇ ਦਿਲ ਦਾ ਦਰਦ ਮਹਿਸੂਸ ਕਰਦੇ ਹੋਏ ਠੀਕ ਲਿਖਿਆ ਹੈ-

ਇੱਕ ਮਈ ਹੈ ਆ ਗਈ ਕਹਿੰਦੇ ਮਜ਼ਦੂਰ ਦਿਵਸ ਦੀ ਛੁੱਟੀ ਐ,

ਦਿਹਾੜੀਦਾਰ ਜੋ ਮਰਜ਼ੀ ਦੇਖ ਲਓ ਪੈਰਾਂ ਚ ਜੁੱਤੀ ਟੁੱਟੀ ਐ।

ਸਰਕਾਰੀ ਬਾਬੂ ਛੁੱਟੀ ਕਰਕੇ ਘਰ ਚ ਮੌਜਾਂ ਕਰਦੇ ਨੇ,

ਮਜ਼ਦੂਰ ਬੰਦੇ ਤਾਂ ਅੱਜ ਦੇ ਦਿਨ ਵੀ ਸਿਖਰ ਦੁਪਹਿਰੇ ਸੜ੍ਹਦੇ ਨੇ।

ਜਿਨ੍ਹਾਂ ਦੇ ਲਈ ਦਿਨ ਬਣਿਆ ਉਹ ਤਾਂ ਫਿਰਨ ਦਿਹਾੜੀ ਤੇ

ਲੈਣ-ਦੇਣ ਨਹੀਂ ਜਿਨ੍ਹਾਂ ਦਾ ਉਹ ਘਰ ਚ ਮੌਜਾਂ ਮਾਣੀ ਦੇ।

 

ਵਿਜੈ ਗੁਪਤਾ, ਸ. ਸ. ਅਧਿਆਪਕ

ਸੰਪਰਕ 977 990 3800

ਸ੍ਰੋਤ – ਇੰਟਰਨੈੱਟ

Related Articles

Back to top button