ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਪਦਮ ਸ੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਸ਼ਾਨਦਾਰ ਕਵੀ ਦਰਬਾਰ
ਨੌਜਵਾਨ ਸ਼ਾਇਰਾਂ ਦੀ ਸ਼ਾਇਰੀ ਨੇ ਸਰੋਤਿਆਂ ਦਾ ਮਨ ਮੋਹਿਆ
ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਪਦਮ ਸ੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਸ਼ਾਨਦਾਰ ਕਵੀ ਦਰਬਾਰ
- ਨੌਜਵਾਨ ਸ਼ਾਇਰਾਂ ਦੀ ਸ਼ਾਇਰੀ ਨੇ ਸਰੋਤਿਆਂ ਦਾ ਮਨ ਮੋਹਿਆ
ਫਿਰੋਜ਼ਪੁਰ 3 ਜੁਲਾਈ ( ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੀ ਯੋਗ ਸਰਪ੍ਰਸਤੀ ਅਧੀਨ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਡਾ. ਜਗਦੀਪ ਸੰਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫਤਰ ਫ਼ਿਰੋਜ਼ਪੁਰ ਵੱਲੋਂ ਯੁਵਾ ਸਾਹਿਤਕ ਮੰਚ ਅਤੇ ਰੈੱਡ ਰੀਬਨ ਕਲੱਬ, ਐਸ.ਬੀ.ਐਸ ਯੂਨੀਵਰਸਿਟੀ ਦੇ ਸਹਿਯੋਗ ਨਾਲ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਨਿੱਘੀ ਯਾਦ ਨੂੰ ਸਮਰਪਿਤ ਨੌਜਵਾਨ ਕਵੀਆਂ ਦਾ ਕਵੀ ਦਰਬਾਰ ‘ਜਦੋਂ ਤੱਕ ਲਫ਼ਜ਼ ਜਿਉਂਦੇ ਨੇ …’ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ਤੋਂ ਬਾਅਦ ਹੋਈ। ਇਸ ਸਮਾਗਮ ਵਿਚ ਪੂਰੇ ਪੰਜਾਬ ਵਿੱਚੋਂ ਨੌਜਵਾਨ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕਰ ਕੇ ਸਮਾਗਮ ਨੂੰ ਸਫ਼ਲ ਬਣਾਇਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਆਏ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ. ਜਸਵੰਤ ਸਿੰਘ ਬੜੈਚ ਨੇ ਭਾਸ਼ਾ ਵਿਭਾਗ, ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕੇ ਅੱਜ ਨੌਜਵਾਨ ਸ਼ਾਇਰਾਂ ਦੀ ਸ਼ਾਇਰੀ ਸੁਣ ਕੇ ਉਨ੍ਹਾਂ ਨੂੰ ਮਾਣ ਅਤੇ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਸਾਡੀ ਅਗਲੀ ਪੀੜ੍ਹੀ ਵਿੱਚ ਸੰਵੇਦਨਾ ਅਜੇ ਬਾਕੀ ਹੈ। ਉਨ੍ਹਾਂ ਨੇ ਨੌਜਵਾਨ ਸ਼ਾਇਰਾਂ ਨੂੰ ਵਧਾਈ ਦਿੰਦਿਆਂ ਕਿਹਾ ਕੇ ਉਨ੍ਹਾਂ ਨੂੰ ਜਿੱਥੇ ਇਕ ਵੱਡੀ ਸਾਹਿਤਕ ਹਸਤੀ ਦੀ ਯਾਦ ਵਿੱਚ ਹੋ ਰਹੇ ਸਮਾਗਮ ਵਿੱਚ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ ਉੱਥੇ ਇਹ ਵੀ ਮਾਣ ਵਾਲੀ ਗੱਲ ਹੈ ਕੇ ਉਨ੍ਹਾਂ ਨੇ ਅੱਜ ਸ਼ਹੀਦਾਂ ਦੀ ਧਰਤੀ ਫ਼ਿਰੋਜ਼ਪੁਰ ਵਿਖੇ ਆਪਣਾ ਕਲਾਮ ਪੇਸ਼ ਕੀਤਾ।
ਇਸ ਤੋਂ ਬਾਅਦ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਵਲੋਂ ਆਏ ਹੋਏ ਮਹਿਮਾਨਾਂ ਦੀ ਜਾਣ-ਪਹਿਚਾਣ ਕਰਵਾਉਦਿਆਂ ਸਵਾਗਤ ਕੀਤਾ ਗਿਆ ਅਤੇ ਸਮੁੱਚੇ ਪੰਜਾਬ ਵਿਚੋਂ ਆਏ ਹੋਏ ਕਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕੇ ਪੰਜਾਬ ਦੀ ਅਗਲੀ ਪੀੜ੍ਹੀ ਦੀਆਂ ਪੁੰਗਰਦੀਆਂ ਕਲਮਾਂ ਦੇ ਕਲਾਮ ਨੂੰ ਸੁਣਨ ਦਾ ਮੌਕਾ ਮਿਲਿਆ ਹੈ। ਪਦਮ ਸ਼੍ਰੀ ਸੁਰਜੀਤ ਪਾਤਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਾਇਰੀ ਜਿੱਥੇ ਪੰਜਾਬ ਦਾ ਮਾਣ ਹੈ, ਉੱਥੇ ਉਹਨਾਂ ਦੀ ਸ਼ਖਸ਼ੀਅਤ ਵੀ ਉਸੇ ਮਾਣ ਦੇ ਹਾਣ ਦੀ ਹੈ। ਉਨ੍ਹਾਂ ਦਾ ਚਲੇ ਜਾਣਾ ਸਾਹਿਤਕ ਜਗਤ ਲਈ ਹੀ ਘਾਟਾ ਨਹੀਂ ਸਗੋਂ ਇਹ ਪੰਜਾਬ ਅਤੇ ਪੰਜਾਬੀਅਤ ਲਈ ਇੱਕ ਵੱਡਾ ਖਲਾਅ ਹੈ। ਉਹਨਾਂ ਨੇ ਸਮਾਗਮ ਨੂੰ ਸਫ਼ਲ ਬਨਉਣ ਵਿਚ ਯੁਵਾ ਸਾਹਿਤਕ ਮੰਚ ਅਤੇ ਰੈੱਡ ਰੀਬਨ ਕਲੱਬ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸੰਬੋਧਨ ਕਰਦਿਆਂ ਸ਼ਾਇਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਸੁਰਜੀਤ ਪਾਤਰ ਨੇ ਕਲਮ ਰਾਹੀਂ ਸਾਨੂੰ ਚੰਗਾ ਸਾਹਿਤ ਸੁਨਣ ਅਤੇ ਪੜ੍ਹਣ ਦੀ ਸੂਝ ਦਿੱਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਆਏ ਪ੍ਰੋ. ਕੁਲਦੀਪ ਸਿੰਘ ਨੇ ਕਵੀ ਦਰਬਾਰ ਦੀਆਂ ਮਿਆਰੀ ਰਚਨਾਵਾਂ ਸੁਣਨ ਤੋਂ ਬਾਅਦ ਮਾਣ ਨਾਲ ਕਿਹਾ ਕਿ ਹੁਣ ਸ਼ਾਇਰੀ ਦਾ ਭਵਿੱਖ ਸੁਨਹਿਰਾ ਹੈ। ਵਿਸ਼ੇਸ ਮਹਿਮਾਨ ਵਜੋਂ ਆਏ ਸ. ਗੁਰਪ੍ਰੀਤ ਸਿੰਘ ਛਾਬੜਾ ਨੇ ਨੌਜਵਾਨ ਸ਼ਾਇਰਾਂ ਦੀ ਸ਼ਾਇਰੀ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੀਆਂ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਕਵੀ ਦਰਬਾਰ ਵਿੱਚ ਨੌਜਵਾਨ ਸ਼ਾਇਰ ਵਰਿੰਦਰ ਔਲਖ, ਸੰਦੀਪ ਔਲਖ, ਰੀਤ ਨਿਆਬ, ਬੰਟੀ ਝਾੜੋਂ, ਅੰਜਲੀ ਬੰਗਾ, ਮਨੀ ਖਾਨ, ਸਨੀ ਪੱਖੋ ਕੇ, ਸਾਗਰਦੀਪ, ਕੈਲੀ, ਕੇਵਲ ਕ੍ਰਾਂਤੀ,ਰਣਜੀਤ, ਅਨਵਰ, ਰੋਮੀ ਸਿੱਧੂ, ਸੋਹਬਤ ਮੀਤ, ਦੀਪੀ, ਮਨਦੀਪ ਬਲੇਰ, ਜਸਮਨ, ਮੀਤ ਰਾਮਗੜ੍ਹੀਆ,ਹਰਮਨ ਖਹਿਰਾ ਅਤੇ ਹੈਰੀ ਭੋਲੂਵਾਲੀਆ ਨੇ ਸ਼ਾਇਰੀ ਦਾ ਐਸਾ ਰੰਗ ਬਣਿਆ ਕਿ ਸਰੋਤੇ ਝੂੰਮਣ ਲੱਗ ਪਏ।
ਇਸ ਮੌਕੇ ਉੱਘੇ ਗਾਇਕ ਬਲਕਾਰ ਗਿੱਲ ਨੇ ਸੁਰਜੀਤ ਪਾਤਰ ਜੀ ਦੀ ਰਚਨਾ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ’ ਤਰੁੰਨਮ ਵਿਚ ਪੇਸ਼ ਕਰ ਕੇ ਸਮਾਗਮ ਨੂੰ ਸਿਖ਼ਰ ‘ਤੇ ਪਹੁੰਚਾ ਦਿੱਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਰਜਿਸਟਰਾਰ ਡਾ. ਗਗਨਪ੍ਰੀਤ ਸਿੰਘ ਅਰਨੇਜਾ, ਯੁਵਾ ਸਾਹਿਤਕ ਮੰਚ ਦੇ ਅਹੁਦੇਦਾਰ ਹਜੂਰ ਸਿੰਘ, ਰਸ਼ਪਾਲ ਦਇਆ ਸਿੰਘ, ਅਨਵਰ, ਸਾਗਰ ਦੀਪ, ਵਰਿੰਦਰ ਸਿੰਘ, ਸੁਦਿਪਤ ਬਹਿਰਾ ਅਤੇ ਰੈੱਡ ਰੀਬਨ ਕਲੱਬ ਦੇ ਨੋਡਲ ਅਫ਼ਸਰ ਸ.ਗੁਰਪ੍ਰੀਤ ਸਿੰਘ, ਗੁਰਜੀਵਨ ਸਿੰਘ, ਅਮਰਜੀਤ ਸਿੰਘ, ਯਸ਼ਪਾਲ, ਅਭਿਨੀਤ, ਵਰਿੰਦਰ ਸ਼ਹਿਬਾਜ਼ ਅਤੇ ਅੰਸ਼ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ‘ਤੇ ਹਰੀਸ਼ ਮੋਂਗਾ, ਮਹਿੰਦਰ ਸਿੰਘ, ਜਗਦੀਪ ਸਿੰਘ ਮਾਂਗਟ ਤੋਂ ਇਲਾਵਾ ਬਹੁਤ ਸਾਰੇ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਜ਼ਿਲ੍ਹਾ ਭਾਸ਼ਾ ਦਫ਼ਤਰ, ਫਿਰੋਜ਼ਪੁਰ ਤੋਂ ਖੋਜ ਅਫ਼ਸਰ ਦਲਜੀਤ ਸਿੰਘ, ਸੀਨੀਅਰ ਸਹਾਇਕ ਰਮਨ ਕੁਮਾਰ, ਰਵੀ ਕੁਮਾਰ ਅਤੇ ਦੀਪਕ ਵੀ ਹਾਜ਼ਰ ਸਨ।