ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ
ਡਿਜ਼ੀਟਲ ਯੁੱਗ ਵਿੱਚ ਸਮੇਂ ਦਾ ਹਾਣੀ ਹੋਣਾ ਜ਼ਰੂਰੀ -ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ
ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ
ਡਿਜ਼ੀਟਲ ਯੁੱਗ ਵਿੱਚ ਸਮੇਂ ਦਾ ਹਾਣੀ ਹੋਣਾ ਜ਼ਰੂਰੀ -ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ
ਫਿਰੋਜ਼ਪੁਰ, 21 ਫਰਵਰੀ, 2025: ਡੀ.ਏ.ਵੀ. ਕਾਲਜ ਫ਼ਿਰੋਜ਼ਪੁਰ ਛਾਉਣੀ ਦੇ ਪੋਸਟ ਗ੍ਰੈਜੂਏਟ ਵਿਭਾਗ (ਪੰਜਾਬੀ) ਵੱਲੋਂ ਜ਼ਿਲਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ‘ਡਿਜ਼ੀਟਲ ਯੁੱਗ ਵਿੱਚ ਮਾਤ ਭਾਸ਼ਾ’ ਵਿਸ਼ੇ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ।
ਇਸ ਗੋਸ਼ਟੀ ਵਿੱਚ ਮੁੱਖ ਬੁਲਾਰੇ ਵਜੋਂ ਪਹੁੰਚੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸਿੰਘ ਸੰਧੂ ਨੇ ਡਿਜ਼ੀਟਲ ਯੁੱਗ ਵਿੱਚ ਮਾਤ ਭਾਸ਼ਾ ਦੀ ਸਥਿਤੀ ਅਤੇ ਸੰਭਾਵਨਾਵਾਂ ਬਾਰੇ ਵਿਸਥਾਰ ਸਹਿਤ ਚਰਚਾ ਕਰਦਿਆਂ ਕਿਹਾ ਕਿ ਤਕਨੀਕ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹੈ। ਤਕਨੀਕ ਨੇ ਮਨੁੱਖ ਦੇ ਜੀਵਨ, ਰਹਿਣ-ਸਹਿਣ ਅਤੇ ਸੁਹਜ-ਸਵਾਦ ਵਿੱਚ ਵਾਧਾ ਅਤੇ ਵਿਕਾਸ ਕੀਤਾ ਹੈ। ਇਸੇ ਪ੍ਰਕਾਰ ਤਕਨੀਕ ਰਾਹੀਂ ਅਸੀਂ ਆਪਣੀ ਮਾਤ ਭਾਸ਼ਾ ਦਾ ਪ੍ਰਚਾਰ ਅਤੇ ਪਾਸਾਰ ਵੀ ਕਰ ਸਕਦੇ ਹਾਂ ਅਤੇ ਇਸ ਨੂੰ ਅਸੀਂ ਆਪਣੇ ਇਸ ਉਦੇਸ਼ ਹਿੱਤ ਇੱਕ ਮਹੱਤਵਪੂਰਨ ਸੰਦ ਵਜੋਂ ਵਰਤ ਸਕਦੇ ਹਾਂ। ਮਸਨੂਈ ਬੁੱਧੀ ਨੇ ਭਾਸ਼ਾ ਦੇ ਖੇਤਰ ਵਿੱਚ ਵੀ ਕ੍ਰਾਂਤੀਕਾਰੀ ਵਿਕਾਸ ਕੀਤਾ ਹੈ। ਮਨੁੱਖ ਅਤੇ ਮਸ਼ੀਨ ਵਿੱਚ ਸੰਵੇਦਨਾ ਦਾ ਫ਼ਰਕ ਸੀ। ਇਹ ਫ਼ਰਕ ਕਾਫੀ ਹੱਦ ਤੱਕ ਮਿਟਦਾ ਜਾ ਰਿਹਾ ਹੈ । ਮਸਨੂਈ ਬੁੱਧੀ ਨੇ ਤਕਨੀਕ ਦੇ ਮਾਧਿਅਮ ਰਾਹੀਂ ਪ੍ਰਾਪਤ ਡਾਟੇ ਦੀ ਸਮੀਖਿਆ, ਸਮਝ ਅਤੇ ਵਿਆਖਿਆ ਕਰਕੇ ਹੈਰਾਨੀਜਨਕ ਨਤੀਜੇ ਦਿੱਤੇ ਹਨ।
ਇਸ ਮੌਕੇ ਗੁਰੂ ਨਾਨਕ ਦੇਵ ਕਾਲਜ ਫ਼ਿਰੋਜ਼ਪੁਰ ਛਾਉਣੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਹਾਇਕ ਪ੍ਰੋਫ਼ੈਸਰ ਡਾ. ਕੁਲਬੀਰ ਮਲਿਕ ਨੇ ਚਿੰਤਾ ਪ੍ਰਗਟ ਕਿਹਾ ਕਰਦਿਆਂ ਕਿਹਾ ਕਿ ਤਕਨੀਕ ਦੇ ਇਸ ਅਦਭੁੱਤ ਵਿਕਾਸ ਨਾਲ ਮਨੁੱਖ ਅੰਦਰੋਂ ਮਨੁੱਖਤਾ ਖ਼ਤਮ ਹੋ ਰਹੀ ਹੈ । ਮਨੁੱਖ ਅੰਦਰੋਂ ਸੰਵੇਦਨਾ ਕਦੇ ਵੀ ਖ਼ਤਮ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਮਨੁੱਖ ਦੀਆਂ ਮੂਲਭੂਤ ਲੋੜਾਂ ਬਹੁਤ ਥੋੜੀਆਂ ਹਨ, ਇਸ ਕਰਕੇ ਸਾਨੂੰ ਤਕਨੀਕ ਦਾ ਗੁਲਾਮ ਬਣ ਕੇ ਆਪਣੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਨਾਲ ਜੂਝਣਾ ਨਹੀਂ ਚਾਹੀਦਾ। ਤਕਨੀਕ ਲਈ ਮਨੁੱਖ, ਮਨੁੱਖ ਨਹੀਂ ਸਗੋਂ ਮੰਡੀ ਦੀ ਇੱਕ ਵਸਤੂ ਹੈ। ਸਾਨੂੰ ਚਾਹੀਦਾ ਹੈ ਕਿ ਤਕਨੀਕ ਦੇ ਅਜਿਹੇ ਪ੍ਰਭਾਵ ਤੋਂ ਬਚਦੇ ਹੋਏ ਮੰਡੀ ਦੀ ਵਸਤੂ ਨਾ ਬਣ ਕੇ ਆਪਣੇ ਅੰਦਰਲੇ ਮਨੁੱਖ ਨੂੰ ਹਮੇਸ਼ਾ ਜਿਉਂਦਾ ਰੱਖੀਏ।
ਇਸ ਮੌਕੇ ‘ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਸੀਮਾ ਅਰੋੜਾ ਨੇ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਅਜਿਹੇ ਸਿਰਜਨਾਤਮਕ ਉਪਰਾਲਿਆਂ ਸਦਕਾ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਰੰਤਰ ਕਾਰਜ ਕਰ ਰਿਹਾ ਹੈ ਜੋ ਕਿ ਸ਼ਲਾਘਾਯੋਗ ਹੈ। ਮੰਚ ਸੰਚਾਲਨ ਕਰਦਿਆਂ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਡਾ. ਅੰਮ੍ਰਿਤਪਾਲ ਕੌਰ ਨੇ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਦੀਆਂ ਸਭ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ ਦੇ ਦਿਹਾੜੇ ‘ਡਿਜ਼ੀਟਲ ਯੁੱਗ ਵਿੱਚ ਮਾਤ ਭਾਸ਼ਾ’ ਵਿਸ਼ੇ ਤੇ ਜੋ ਸੰਵਾਦ ਸਿਰਜਿਆ ਗਿਆ ਹੈ ਉਹ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਅਧਿਆਪਕਾਂ ਲਈ ਵੀ ਬੇਹੱਦ ਲਾਹੇਵੰਦ ਹੋਰ ਨਿਬੜਿਆ ਹੈ।
ਇਸ ਮੌਕੇ ਤੇ ਕਾਲਜ ਦਾ ਸਟਾਫ਼, ਵਿਦਿਆਰਥੀ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਸ੍ਰੀ ਰਮਨ ਕੁਮਾਰ ਸੀਨੀਅਰ ਸਹਾਇਕ ਅਤੇ ਰਵੀ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ