ਕੋਵਿਡ -19 ਦੇ ਮਰੀਜ਼ਾਂ ਦੇ ਸਹੀ ਇਲਾਜ ਅਤੇ ਮ੍ਰਿਤਕ ਦੇਹਾਂ ਦੀ ਸੰਭਾਲ ਲਈ ਬਣਾਈ ਗਈ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਕਮੇਟੀ
ਫਿਰੋਜ਼ਪੁਰ 10 ਅਗਸਤ 2020 ਡਿਪਟੀ ਕਮਿਸਨਰ ਸ੍ਰੀ. ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕੋਵਿਡ -19 ਦੇ ਮਰੀਜ਼ਾਂ ਦੇ ਸਹੀ ਇਲਾਜ ਅਤੇ ਮ੍ਰਿਤਕ ਦੇਹਾਂ ਦੀ ਸੰਭਾਲ ਕਰਵਾਉਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ।ਇਹ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲਾਂ ਅਤੇ ਹੋਰ ਹਸਪਤਾਲਾਂ ਦੇ ਨਿਰੀਖਣ ਤੇ ਨਿਗਰਾਨੀ ਵੀ ਕਰੇਗੀ। ਇਸ ਕਮੇਟੀ ਦੇ ਸਿਵਲ ਸਰਜਨ ਫਿਰੋਜ਼ਪੁਰ ਚੇਅਰਮੈਨ, ਡਿਪਟੀ ਮੈਡੀਕਲ ਕਮਿਸ਼ਨਰ ਮੈਂਬਰ, ਜ਼ਿਲ੍ਹਾ ਐਪਡੀਮਾਲੋਜਿਸਟ ਫਿਰੋਜ਼ਪੁਰ ਮੈਂਬਰ, ਐੱਸ.ਐੱਮ.ਓ ਫਿਰੋਜ਼ਸ਼ਾਹ ਮੈਂਬਰ ਅਤੇ ਐੱਸ.ਐੱਮ.ਓ. ਫਿਰੋਜ਼ਪੁਰ ਮੈਂਬਰ ਸੈਕਟਰੀ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ -19 ਨੂੰ ਦੇਖਦੇ ਹੋਏ ਇਸ ਕਮੇਟੀ ਦੇ ਅਧਿਕਾਰੀ ਹਸਪਤਾਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਸੰਬੰਧੀ ਵੀ ਕਦਮ ਚੁੱਕ ਸਕਦੇ ਹਨ। ਇਸ ਤੋਂ ਇਲਾਵਾ ਜਿਥੇ ਕਰੋਨਾ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ, ਉੱਥੇ ਅਜਿਹੇ ਮਰੀਜ਼ਾਂ ਦੇ ਪ੍ਰਬੰਧਨ ਅਤੇ ਫੁਟੇਜ ਦੀ ਜਾਂਚ ਲਈ ਵੀ ਅਧਿਕਾਰੀਆਂ ਜਾਂ ਸੰਸਥਾਵਾਂ ਦੇ ਸੁਝਾਅ ਲੈ ਸਕਦੇ ਹਨ ।ਉਨ੍ਹਾਂ ਕਿਹਾ ਕਿ ਕੋਵਿਡ ਇਲਾਜ ਵਾਲੇ ਸਾਰੇ ਹਸਪਤਾਲਾਂ ਵਿੱਚ ਹੈਲਪ ਡੈਸਕ ਬਣਾਇਆ ਜਾਵੇਗਾ, ਜਿੱਥੇ ਮਰੀਜਾਂ ਦਾ ਹਾਲਚਾਲ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਹ ਕਮੇਟੀ ਜ਼ਿਲ੍ਹੇ ਵਿੱਚ ਕੋਵਿਡ-19 ਨਾਲ ਸਬੰਧਿਤ ਹਸਪਤਾਲਾਂ ਦੀ ਚੈਕਿੰਗ ਅਤੇ ਮਰੀਜਾਂ ਨੂੰ ਮਿਲ ਰਹੇ ਇਲਾਜ ਦੀ ਪੜਤਾਲ ਵੀ ਕਰੇਗੀ।