Ferozepur News

ਫ਼ਿਰੋਜ਼ਪੁਰ: ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਆਜ਼ਾਦੀ ਦਿਵਸ ਮੌਕੇ ਲਹਿਰਾਇਆ ਤਿਰੰਗਾ

ਮੁੱਖ ਮੰਤਰੀ ਦੀ ਅਗਵਾਈ ਹੇਠ ਕੀਤਾ ਜਾਵੇਗਾ ਰਾਜ ਦਾ ਸਰਬਪੱਖੀ ਵਿਕਾਸ : ਹਰਭਜਨ ਸਿੰਘ

ਮੁੱਖ ਮੰਤਰੀ ਦੀ ਅਗਵਾਈ ਹੇਠ ਕੀਤਾ ਜਾਵੇਗਾ ਰਾਜ ਦਾ ਸਰਬਪੱਖੀ ਵਿਕਾਸ : ਹਰਭਜਨ ਸਿੰਘ

ਸਿੱਖਿਆ ਅਤੇ ਸਿਹਤ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਹਨ ਨਿਵੇਕਲੇ ਉਪਰਾਲੇ

ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਬਣੇ ਖਿੱਚ ਦਾ ਕੇਂਦਰ

ਮੁਹੱਲਾ ਕਲੀਨਿਕ ਦਾ ਕੀਤਾ ਗਿਆ ਉਦਘਾਟਨ

ਦਾਣਾ ਮੰਡੀ ਫਿਰੋਜ਼ਪੁਰ ਛਾਉਣੀ ਵਿਖੇ ਜ਼ਿਲ੍ਹਾ ਪੱਧਰੀ ਆਜ਼ਾਦੀ  ਦਿਵਸ ਸਮਾਰੋਹ ਦਾ ਆਯੋਜਨ

ਫ਼ਿਰੋਜ਼ਪੁਰ: ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਆਜ਼ਾਦੀ ਦਿਵਸ ਮੌਕੇ ਲਹਿਰਾਇਆ ਤਿਰੰਗਾ

ਫ਼ਿਰੋਜ਼ਪੁਰ 15 ਅਗਸਤ 2022.

ਅੱਜ ਸੁਤੰਤਰਤਾ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦਾ ਆਯੋਜਨ ਦਾਣਾ ਮੰਡੀ ਫਿਰੋਜ਼ਪੁਰ ਛਾਉਣੀ, ਫਰੀਦਕੋਟ ਰੋਡ ਵਿਖੇ ਕੀਤਾ ਗਿਆ, ਜਿਸ ਵਿਚ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡ, ਐਨ.ਸੀ.ਸੀ. ਸਕਾਊਟ ਤੇ ਗਾਈਡ ਦੀਆਂ ਟੁਕੜੀਆਂ ਤੋਂ ਸਲਾਮੀ ਲਈ।

ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਵਿਚ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਸੰਦੇਸ਼ ਵਿਚ ਮੁੱਖ ਮਹਿਮਾਨ ਸ੍ਰੀ ਹਰਭਜਨ ਸਿੰਘ ਕੈਬਿਨਟ ਮੰਤਰੀ ਪੰਜਾਬ ਨੇ ਕਿਹਾ ਕਿ ਅਨੇਕਾਂ ਸ਼ਹੀਦਾਂ ਸੁਤੰਤਰਤਾ ਸੰਗਰਾਮੀਆਂ ਦੀਆਂ ਅਦੁੱਤੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ ਹੈ ਅਤੇ ਇਸ ਅਵਸਰ ਤੇ ਅਸੀਂ ਆਜ਼ਾਦੀ ਦੇ ਪਰਵਾਨਿਆਂ ਤੇ ਸਮੂਹ ਸ਼ਹੀਦਾਂ, ਸੂਰਬੀਰਾਂ ਤੇ ਵੱਖ-ਵੱਖ ਆਜ਼ਾਦੀ ਦੀਆ ਲਹਿਰਾਂ ਵਿਚ ਹਿੱਸਾ ਪਾਉਣ ਵਾਲੇ ਯੋਧਿਆਂ, ਸੂਰਬੀਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਵੱਡੇ ਸਮਰਥਨ ਨਾਲ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਰਾਜ ਦਾ ਸਰਵ ਪੱਖੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਨੇ ਆਪਣੀ ਸਰਕਾਰ ਦੇ ਪਹਿਲੇ ਦਿਨਾ ਵਿਚ ਹੀ ਭ੍ਰਿਸ਼ਟਾਚਾਰ, ਨਸ਼ਿਆਂ ਦੇ ਖ਼ਾਤਮੇ ਅਤੇ ਬਿਜਲੀ ਮੁਆਫੀ ਵਰਗੇ ਇਤਿਹਾਸਕ ਫ਼ੈਸਲੇ ਲਏ ਹਨ, ਜਿਨ੍ਹਾਂ ਦੇ ਬਹੁਤ ਵਧੀਆ ਪਰਿਣਾਮ ਨਿਕਲ ਰਹੇ ਹਨ।

ਸ੍ਰੀ ਹਰਭਜਨ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਦੀ ਧਰਤੀ ਦਾ ਜਰ੍ਹਾ-ਜਰ੍ਹਾ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਸ਼ਹੀਦਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ  ਪੰਜਾਬੀਆ ਨੇ ਵੱਧ ਚੜ੍ਹ ਕੇ ਕੁਰਬਾਨੀਆਂ ਕੀਤੀਆਂ ਜਿਸ ਤੇ ਪੂਰੇ ਦੇਸ਼ ਨੂੰ ਮਾਣ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ, ਸਿਹਤ ਸਹੂਲਤਾ, ਕਿਸਾਨਾਂ, ਮਜ਼ਦੂਰਾ, ਵਪਾਰੀਆਂ ਸਮੇਤ ਰਾਜ ਦੇ ਹਰ ਵਰਗ ਦੀ ਉੱਨਤੀ ਤੇ ਵਿਕਾਸ ਲਈ ਵੱਡੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿਕਾਸ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਨੇ ਸਿਹਤ ਸੰਭਾਲ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਿਹਤ ਸਹੂਲਤਾ ਪੱਖੋਂ ਪੰਜਾਬ ਨੂੰ ਬਹੁਤ ਹੀ ਜਲਦੀ ਹੋਰ ਮਜ਼ਬੂਤ ਕੀਤਾ ਜਾਵੇਗਾ।  ਇਸ ਤੋਂ ਪਹਿਲਾਂ ਸ੍ਰੀ ਹਰਭਜਨ ਸਿੰਘ ਕੈਬਿਨਟ ਮੰਤਰੀ ਪੰਜਾਬ ਵੱਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ।

ਇਸ ਸਮਾਗਮ ਵਿਚ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ, ਸੁਤੰਤਰਤਾ ਸੰਗਰਾਮੀਆਂ, ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ, ਖਿਡਾਰੀਆਂ, ਵਿਦਿਆਰਥੀਆਂ, ਅਧਿਕਾਰੀਆਂ, ਕਰਮਚਾਰੀਆਂ ਆਦਿ ਨੂੰ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਦੇਸ਼ ਭਗਤੀ ਨੂੰ ਦਰਸਾਉਂਦਾ ਰੰਗਾਂ ਰੰਗ ਸਭਿਆਚਾਰ ਪ੍ਰੋਗਰਾਮ ਤੋਂ ਇਲਾਵਾ ਪੰਜਾਬ ਦੇ ਲੋਕ ਨਾਚਾਂ ਗਿੱਧਾ ਤੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਕੈਬਨਿਟ ਮੰਤਰੀ ਨੇ ਵਾਟਰ ਸਿਪਲਾਈ ਅਤੇ ਸੀਵਰੇਜ਼ ਬੋਰਡ ਦਫ਼ਤਰ ਵਿਖੇ ਬਣਾਏ ਗਏ ਮਹੁੱਲਾ ਕਲੀਨਿਕ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਚੋਣਾਂ ਦੇ ਪ੍ਰਚਾਰ ਦੌਰਾਨ ਮੁਹੱਲਾ ਕਲੀਨਿਕ ਖੋਲਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਪੂਰਾ ਕਰਦਿਆਂ ਅੱਜ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਸੁਤੰਤਰਤਾ ਦਿਵਸ ਮੌਕੇ ਸੂਬੇ ਵਿੱਚ 75 ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ ਨਾਲ ਆਮ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾ ਮਿਲਣਗੀਆਂ।

ਇਸ ਸਮਾਗਮ ਵਿਚ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ, ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆ, ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ, ਐੱਸ.ਐੱਸ.ਪੀ. ਸ੍ਰੀ ਸੁਰਿੰਦਰ ਲਾਂਬਾ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸਾਗਰ ਸੇਤੀਆ, ਐਸ.ਡੀ.ਐਮ. ਸ. ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ, ਰਾਜਨੀਤਿਕ ਆਗੂ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਅਧਿਆਪਕ, ਪੰਚਾਇਤਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button