ਕੈਂਟ ਬੋਰਡ ਦੀ ਚੱਲੀ ਮੀਟਿੰਗ 'ਚ ਚੂੰਗੀ ਖਤਮ ਕਰਨ ਤੋਂ ਮਗਰੋਂ ਲਗਾਇਆ ਜਾ ਰਿਹਾ ਸੀ ਵੀਹਕਲ ਟੈਕਸ
ਸਾਬਕਾ ਅਕਾਲੀ ਵਿਧਾਇਕ ਦੇ 'ਲਾਡਲਿਆਂ' ਵਲੋਂ ਸ਼ਰੇਆਮ ਕੈਂਟ ਬੋਰਡ ਦਫਤਰ 'ਚ ਗੁੰਡਗਰਦੀ
-ਭਾਜਪਾ ਕੌਂਸਲਰ ਜੋਰਾ ਸਿੰਘ ਸੰਧੂ ਦੀ ਕੁੱਟਮਾਰ ਕਰਕੇ ਕੀਤਾ ਜ਼ਖਮੀ
-ਕੈਂਟ ਬੋਰਡ ਦੀ ਚੱਲੀ ਮੀਟਿੰਗ 'ਚ ਚੂੰਗੀ ਖਤਮ ਕਰਨ ਤੋਂ ਮਗਰੋਂ ਲਗਾਇਆ ਜਾ ਰਿਹਾ ਸੀ ਵੀਹਕਲ ਟੈਕਸ
-ਜੋਰਾ ਸਿੰਘ ਸੰਧੂ ਨੇ ਸਬੂਤ ਪੇਸ਼ ਕਰਕੇ ਪੀਸੀਸੀ ਅੱਗੇ ਕੀਤੇ ਸੀ ਪੇਸ਼
———————
– ਫਿਰੋਜ਼ਪੁਰ: ਆਏ ਦਿਨ ਵਿਵਾਦਾਂ ਦੇ ਘੇਰੇ 'ਚ ਘਿਰੇ ਕੈਂਟ ਬੋਰਡ ਦਫਤਰ ਫਿਰੋਜ਼ਪੁਰ ਵਿਚ ਆਏ ਦਿਨ ਨਵੀਂ ਤੋਂ ਨਵੀਂ ਘਟਨਾ ਵਾਪਰ ਰਹੀ ਹੈ। ਬੀਤੀ ਸ਼ਾਮ ਸਾਬਕਾ ਅਕਾਲੀ ਦਲ ਦੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਲੜਕੇ ਅਤੇ ਕੈਂਟ ਬੋਰਡ ਦੇ ਵਾਈਸ ਪ੍ਰਧਾਨ ਸੁਰਿੰਦਰ ਸਿੰਘ ਬੱਬੂ 'ਤੇ ਉਸ ਦੇ ਭਰਾ ਰੋਹਿਤ ਡੱਬੂ ਵਲੋਂ ਵਾਰਡ ਨੰਬਰ ਦੇ ਕੌਂਸਲਰ ਜੋਰਾ ਸਿੰਘ ਸੰਧੂ ਦੀ ਪੱਗ ਲਾਉਣ ਤੋਂ ਮਗਰੋਂ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਨੇ ਸਾਬਕਾ ਅਕਾਲੀ ਵਿਧਾਇਕ ਦੇ ਦੋਵੇਂ ਲੜਕਿਆਂ ਸਮੇਤ ਛੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਸਿਵਲ ਹਸਪਤਾਲ ਵਿਖੇ ਜੇਰੇ ਇਲਾਜ਼ ਵਾਰਡ ਨੰਬਰ ਤਿੰਨ ਦੇ ਕੌਂਸਲਰ ਜੋਰਾ ਸਿੰਘ ਸੰਧੂ ਨੇ ਦੱਸਿਆ ਕਿ ਬੀਤੇ ਦਿਨ ਕੈਂਟ ਬੋਰਡ ਦਫਤਰ ਫਿਰੋਜ਼ਪੁਰ ਵਿਖੇ ਅਧਿਕਾਰੀਆਂ ਦੇ ਨਾਲ ਕੈਂਟ ਦੇ ਸਾਰੇ ਕੌਂਸਲਰਾਂ ਦੀ ਮੀਟਿੰਗ ਚੱਲ ਰਹੀ ਸੀ। ਇਸ ਦੌਰਾਨ ਕੈਂਟ ਬੋਰਡ ਦੇ ਅਧਿਕਾਰੀਆਂ ਵਲੋਂ ਜੀਐਸਟੀ ਬਿੱਲ ਦੇ ਮੁਤਾਬਿਕ ਛਾਉਣੀ ਫਿਰੋਜ਼ਪੁਰ ਵਿਚ ਚੂੰਗੀ ਖਤਮ ਕਰਨ ਦੇ ਫੈਸਲੇ ਨੂੰ ਜੀ ਆਇਆ ਕਿਹਾ ਅਤੇ ਇਸ ਦੇ ਨਾਲ ਹੀ ਕੈਂਟ ਬੋਰਡ ਦੇ ਅਧਿਕਾਰੀਆਂ ਵਲੋਂ ਇਹ ਕਿਹਾ ਗਿਆ ਕਿ ਹੁਣ ਚੂੰਗੀ ਤਾਂ ਛਾਉਣੀ ਵਿਚ ਖਤਮ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਛਾਉਣੀ ਵਿਚ ਵੀਹਕਲ ਟੈਕਸ ਲਗਾ ਦਿੱਤਾ ਜਾਵੇਗਾ ਜਿਸ ਨਾਲ ਕੈਂਟ ਬੋਰਡ ਨੂੰ ਕਮਾਈ ਹੋਵੇਗੀ। ਇਸ ਫੈਸਲੇ ਦਾ ਵਿਰੋਧ ਕਰਦਿਆ ਜੋਰਾ ਸਿੰਘ ਸੰਧੂ ਨੇ ਕੁਝ ਸਬੂਤ ਕੈਂਟ ਬੋਰਡ ਦੇ ਪੀਸੀਪੀ ਨੂੰ ਪੇਸ਼ ਕੀਤੇ, ਜਿਸ ਤੇ ਉਨ੍ਹਾਂ ਨੇ ਚਰਚਾ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਸੋਚਣਾ ਵਾਲਾ ਹੈ ਅਤੇ ਜਲਦ ਹੀ ਇਸ ਦੇ ਗੌਰ ਕੀਤਾ ਜਾਵੇਗਾ। ਜੋਰਾ ਸਿੰਘ ਸੰਧੂ ਨੇ ਦੱਸਿਆ ਕਿ ਮੀਟਿੰਗ ਖਤਮ ਹੋਣ ਤੋਂ ਮਗਰੋਂ ਜਦੋਂ ਉਹ ਕੈਂਟ ਬੋਰਡ ਮੀਟਿੰਗ ਹਾਲ ਵਿਚੋਂ ਬਾਹਰ ਹੀ ਨਿਕਲ ਰਹੇ ਸਨ ਤਾਂ ਇਸ ਦੌਰਾਨ ਕੈਂਟ ਬੋਰਡ ਦੇ ਵਾਈਸ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਅਤੇ ਕੈਂਟ ਬੋਰਡ ਦੇ ਦੋ ਨੰਬਰ ਵਾਰਡ ਦੇ ਕੌਂਸਲਰ ਰੋਹਿਤ ਗਿੱਲ ਡੱਬੂ ਅਤੇ ਚਾਰ ਪੰਜ ਹੋਰ ਅਣਪਛਾਤਿਆਂ ਨੇ ਪਹਿਲੋਂ ਤਾਂ ਉਸ ਨਾਲ ਗਾਲੀ ਗਲੋਚ ਕੀਤਾ ਤੇ ਬਾਅਦ ਵਿਚ ਉਸ ਦੀ ਪੱਗ ਲਾ ਦਿੱਤੀ ਅਤੇ ਦਾੜੀ ਪੁੱਟੀ। ਇਸ ਤੋਂ ਮਗਰੋਂ ਜੋਰਾ ਸਿੰਘ ਸੰਧੂ ਉਤੇ ਸੁਰਿੰਦਰ ਸਿੰਘ ਬੱਬੂ, ਰੋਹਿਤ ਗਿੱਲ ਅਤੇ ਚਾਰ ਪੰਜ ਹੋਰ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ ਤੇ ਉਸ ਦੇ ਸਿਰ ਵਿਚ ਸੱਟਾਂ ਮਾਰੀਆਂ। ਮਾਮਲੇ ਦਾ ਪਤਾ ਲੱਗਦਿਆ ਹੀ ਛਾਉਣੀ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਦੋਵਾਂ ਧਿਰ ਨੂੰ ਛੁਡਵਾ ਦਿੱਤਾ। ਸੱਟਾਂ ਲੱਗਣ ਕਾਰਨ ਜੋਰਾ ਸਿੰਘ ਸੰਧੂ ਨੂੰ ਉਸ ਦੇ ਸਮਰਥਕਾਂ ਵਲੋਂ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰ ਵਲੋਂ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਜੋਰਾ ਸਿੰਘ ਸੰਧੂ ਨੇ ਦੱਸਿਆ ਕਿ ਉਸ ਵਲੋਂ ਸਬੰਧਤ ਥਾਣਾ ਛਾਉਣੀ ਦੀ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ।
——————
ਸਾਬਕਾ ਅਕਾਲੀ ਵਿਧਾਇਕ ਦੇ ਦੋਵੇਂ ਲੜਕਿਆਂ ਸਮੇਤ 6 ਖਿਲਾਫ ਮਾਮਲਾ ਦਰਜ: ਪੁਲਿਸ
——————
ਇਸ ਸਬੰਧੀ ਜਦੋਂ ਥਾਣਾ ਕੈਂਟ ਫਿਰੋਜ਼ਪੁਰ ਦੇ ਐਸਐਚਓ ਅਭਿਨਵ ਚੋਹਾਨ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ਼ ਵਾਰਡ ਨੰਬਰ ਤਿੰਨ ਦੇ ਕੌਂਸਲਰ ਜੋਰਾ ਸਿੰਘ ਸੰਧੂ ਵਲੋਂ ਜੋ ਬਿਆਨ ਦਰਜ ਕਰਵਾਏ ਗਏ ਹਨ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਿਆ ਸਾਬਕਾ ਅਕਾਲੀ ਦਲ ਦੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਲੜਕੇ ਕੈਂਟ ਬੋਰਡ ਦੇ ਵਾਈਸ ਪ੍ਰਧਾਨ ਸੁਰਿੰਦਰ ਸਿੰਘ ਬੱਬੂ, ਰੋਹਿਤ ਗਿੱਲ ਡੱਬੂ ਅਤੇ 4-5 ਅਣਪਛਾਤੇ ਵਿਅਕਤੀਆਂ ਦੇ ਖਿਲਾਫ 295-ਏ, 323, 149, 506 ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।