Ferozepur News

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨਾਲ, ਮੁੱਖ ਮੰਤਰੀ ਦੇ ਰੁਝੇਵਿਆਂ ਕਾਰਨ ਹੁਣ ਮੀਟਿੰਗ 13 ਸਤੰਬਰ ਢਾਈ ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ

Ferozepur, August 27, 2019: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਵਿੱਚ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅੱਜ 27 ਅਗਸਤ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਢਾਈ ਵਜੇ ਮੀਟਿੰਗ ਹੋਣੀ ਸੀ, ਪਰ ਪੰਜਾਬ ਵਿੱਚ ਪਿਛਲੇ ਦਿਨੀਂ ਭਾਖੜਾ ਡੈਮ ਤੋਂ ਛੱਡੇ ਪਾਣੀ ਨਾਲ 8 ਜ਼ਿਲ੍ਹਿਆਂ ਵਿੱਚ ਮੱਚੀ ਤਬਾਹੀ ਦੇ ਮੱਦੇਨਜ਼ਰ ਮੁੱਖ ਮੰਤਰੀ ਦੇ ਰੁਝੇਵਿਆਂ ਕਾਰਨ ਹੁਣ ਇਹ ਮੀਟਿੰਗ 13 ਸਤੰਬਰ ਢਾਈ ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨਾਲ ਹੋਵੇਗੀ। 

ਇਸ ਸਬੰਧੀ ਅੱਜ ਕਿਸਾਨ ਆਗੂਆਂ ਨੂੰ ਮੁੱਖ ਮੰਤਰੀ ਦੇ ਦਫ਼ਤਰ ਤੋਂ ਉਨ੍ਹਾਂ ਦੇ ਓਐੱਸਡੀ ਐੱਮਪੀ ਸਿੰਘ ਵੱਲੋਂ ਬਾਰਡਰ ਰੇਂਜ ਅੰਮ੍ਰਿਤਸਰ ਦੇ ਆਈਜੀ ਸੁਰਿੰਦਰ ਸਿੰਘ ਪਰਮਾਰ ਨੇ ਫ਼ੋਨ 'ਤੇ ਜਾਣਕਾਰੀ ਦਿੱਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਭਾਖੜਾ ਡੈਮ ਵਿੱਚ ਵੱਧ ਪਾਣੀ ਇਕੱਠਾ ਕਰਕੇ ਇਕ ਦਮ ਛੱਡਣ ਨਾਲ ਪੰਜਾਬ ਵਿੱਚ ਬਹੁਤ ਵੱਡੀ ਤਬਾਹੀ ਹੋਈ ਹੈ, ਜੇਕਰ ਇਹੀ ਪਾਣੀ ਪਿਛਲੇ ਮਹੀਨੇ ਤੋਂ ਥੋੜ੍ਹਾ-ਥੋੜ੍ਹਾ ਕਰਕੇ ਛੱਡਿਆ ਜਾਂਦਾ ਤਾਂ ਐਨੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। 1988 ਤੋਂ ਬਾਅਦ ਪੰਜਾਬ ਵਿੱਚ ਸਤਲੁਜ ਅਤੇ ਦੂਜੇ ਦਰਿਆਵਾਂ 'ਤੇ ਬਣੇ ਐਡਵਾਂਸ ਬੰਨ੍ਹਾਂ ਦੀ ਮੁਰੰਮਤ ਨਹੀਂ ਕੀਤੀ ਗਈ ਅਤੇ ਦਰਿਆਵਾਂ ਵਿੱਚੋਂ ਨਾਜਾਇਜ਼ ਮਾਈਨਿੰਗ ਤੇ ਕਬਜ਼ੇ ਹੁਣ ਤੱਕ ਚੱਲਦੇ ਆ ਰਹੇ ਹਨ। ਇਸ ਕਰਕੇ ਵੱਧ ਪਾਣੀ ਆਉਣ ਨਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਲੁਧਿਆਣਾ, ਰੋਪੜ, ਜਲੰਧਰ, ਮੋਗਾ, ਕਪੂਰਥਲਾ ਅਤੇ ਫ਼ਿਰੋਜ਼ਪੁਰ ਦੇ ਕੁਝ ਹੱਦ ਤੱਕ ਅਤੇ ਤਰਨਤਾਰਨ ਦੇ ਸੈਂਕੜੇ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਨੇ ਬਹੁਤ ਵੱਡੀ ਬਰਬਾਦੀ ਕੀਤੀ ਹੈ। 
ਇਸ ਨਾਲ ਸ਼ਾਹਕੋਟ ਤਹਿਸੀਲ ਦੇ 45 ਪਿੰਡ, ਸੁਲਤਾਨਪੁਰ ਲੋਧੀ ਦੇ 20 ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਹੋਏ ਹਨ। ਇਨ੍ਹਾਂ ਹੜ੍ਹ ਪੀੜ੍ਹਤਾਂ ਨੂੰ ਕਿਸੇ ਕਿਸਮ ਦੀ ਰਾਹਤ ਦੇਣ ਤੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਫ਼ੇਲ੍ਹ ਹੈ ਅਤੇ ਡੰਗ ਟਪਾਓ ਦੀ ਨੀਤੀ ਜਾਰੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮਸਲੇ ਹੋਣ ਵਾਲੀ ਮੀਟਿੰਗ ਵਿੱਚ ਵੀ ਉਠਾਏ ਜਾਣਗੇ ਅਤੇ ਮੰਗ ਕੀਤੀ ਜਾਵੇਗੀ ਕਿ ਹੜ੍ਹ ਪੀੜ੍ਹਤਾਂ ਦੀ ਤਬਾਹ ਹੋਈ ਹਜ਼ਾਰਾਂ ਏਕੜ ਫ਼ਸਲ ਦਾ 40 ਹਜ਼ਾਰ ਰੁਪਏ ਪ੍ਰਤੀ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਅਤੇ ਹੜ੍ਹ ਪੀੜ੍ਹਤਾਂ ਦੇ ਢਹਿ ਗਏ ਮਕਾਨ ਅਤੇ ਉਨ੍ਹਾਂ ਨੂੰ ਮੈਡੀਕਲ ਦਵਾਈਆਂ, ਡੰਗਰਾਂ ਦਾ ਹਰਾ ਚਾਰਾ ਤੇ ਮਨੁੱਖਾਂ ਦੀ ਖਾਦ ਖ਼ੁਰਾਕ ਦਾ ਪ੍ਰਬੰਧ ਕੀਤਾ ਜਾਵੇ, ਟੁੱਟੇ ਹੋਏ ਬੰਨ੍ਹਾਂ ਦੀ ਮੁਰੰਮਤ ਕਰਕੇ ਸਾਰੇ ਬੰਨ੍ਹ ਕਾਨੂੰਨ ਮੁਤਾਬਿਕ ਮੁਰੰਮਤ ਕੀਤੇ ਜਾਣ..ਪੰਨੁੂ ਲੋਹਕਾ

Related Articles

Back to top button