Ferozepur News

ਐਸ ਬੀ ਐਸ ਕੈਂਪਸ ਵਿਖੇ ਰੋਜ਼ਗਾਰ ਮੇਲੇ ਨੂੰ ਮਿਲਿਆ ਭਰਵਾਂ ਹੁੰਗਾਰਾ 

ਫਿਰੋਜ਼ਪੁਰ:- ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਮੁਹਿੰਮ ਦੌਰਾਨ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ  ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਨੂੰ ਵੱਡੀ ਗਿਣਤੀ ਵਿੱਚ ਵੱਖ ਵੱਖ ਕੰਪਨੀਆਂ ਅਤੇ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਵਿੱਚ ਮੇਲੇ ਦੇ ਪਹਿਲੇ ਦਿਨ 14  ਕੰਪਨੀਆਂ ਆਈਆਂ ਅਤੇ 350 ਦੇ ਕਰੀਬ ਰੋਜ਼ਗਾਰ ਦੇ ਚਾਹਵਾਨ ਵਿਦਿਆਰਥੀ ਪਹੁੰਚੇ। ਸੰਸਥਾ ਵੱਲੋਂ ਇਸ ਮੇਲੇ ਨੂੰ ਸਾਰਥਿਕ ਬਣਾਉਣ ਲਈ ਵਿਆਪਕ ਪੱਧਰ ਤੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਰੋਜ਼ਗਾਰ ਦੇ ਚਾਹਵਾਨ ਉਮੀਦਵਾਰਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ।
                                ਉਹਨਾਂ ਅੱਗੇ ਦੱਸਿਆ ਕਿ ਜ਼ਿਲੇ ਦੇ ਏਡੀਸੀ ਸ੍ਰੀ ਵਿਨੀਤ ਕੁਮਾਰ ਆਈ ਏ ਐਸ ਨੇ ਵਿਸ਼ੇਸ਼ ਤੌਰ ਤੇ ਸੰਸਥਾ ਦਾ ਦੌਰਾ ਕਰਕੇ ਇਸ ਰੋਜ਼ਗਾਰ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਹਰ ਕੰਪਨੀ ਦੇ ਨੁਮਾਇੰਦਿਆਂ ਨਾਲ ਉਹਨਾਂ ਦੁਆਰਾ ਅਪਣਾਈ ਜਾ ਰਹੀ ਚੋਣ ਵਿਧੀ ਬਾਰੇ ਜਾਣਕਾਰੀ ਹਾਸਲ ਕੀਤੀ।ਉਹਨਾਂ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਰੋਜ਼ਗਾਰ ਲਈ ਉਹਨਾਂ ਦੀਆਂ ਤਰਜੀਹਾਂ ਬਾਰੇ ਪੁੱਛਿਆ ।ਉਹਨਾਂ ਉਮੀਦਵਾਰਾਂ ਨੂੰ ਆਈ ਹੋਈ ਹਰ ਕੰਪਨੀ ਤੱਕ ਪਹੁੰਚ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਉਹਨਾਂ ਦੀਆਂ ਰੋਜ਼ਗਾਰ ਪ੍ਰਾਪਤੀ ਦੀਆਂ ਸੰਭਾਵਨਾਵਾਂ ਵਧ ਸਕਣ।ਸੰਸਥਾ ਦੇ ਟਰੇਨਿੰਗ ਅਤੇ ਪਲੇਸਮੈਂਟ ਸੈਲ ਦੇ ਮੁਖੀ ਡਾ. ਵਿਸ਼ਾਲ ਸ਼ਰਮਾ ਨੇ ਕਿਹਾ ਕਿ 8 ਮਾਰਚ ਤੱਕ ਚੱਲਣ ਵਾਲੇ ਇਸ ਰੋਜ਼ਗਾਰ ਮੇਲੇ ਦੇ ਚਲਦਿਆਂ ਇਸ ਸੰਸਥਾ ਵਿੱਚੋਂ ਵੱਡੀ ਗਿਣਤੀ ਵਿੱਚ ਨੌਕਰੀ ਦੇ ਚਾਹਵਾਨ ਯੋਗ ਵਿਦਿਆਰਥੀ ਰੋਜ਼ਗਾਰ ਪ੍ਰਾਪਤ ਕਰਕੇ ਪੰਜਾਬ ਸਰਕਾਰ ਦੀ ਇਸ ਮੁਹਿੰਮ ਨੂੰ ਸਫਲ ਬਣਾਉਣਗੇ।

Related Articles

Back to top button