Ferozepur News
ਉਸਾਰੀ ਕਿਰਤੀਆਂ ਨੂੰ ਵੀ ਮਿਲੇਗਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਲਾਭ-ਡਿਪਟੀ ਕਮਿਸ਼ਨਰ
ਉਸਾਰੀ ਕਿਰਤੀਆਂ ਨੂੰ ਵੀ ਮਿਲੇਗਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਲਾਭ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਵਿੱਚ 5500 ਤੋਂ ਵਧੇਰੇ ਉਸਾਰੀ ਕਿਰਤੀ ਰਜਿਸਟਰਡ-ਰਾਜ ਕੁਮਾਰ ਗਰਗ.
ਉਸਾਰੀ ਕਿਰਤੀਆਂ ਨੂੰ ਭਲਾਈ ਸਕੀਮਾਂ ਤਹਿਤ 4.41 ਕਰੋੜ ਤੋਂ ਵਧੇਰੇ ਦਾ ਮਿਲਿਆ ਮਾਲੀ ਲਾਭ
ਲੜਕੀ ਦੇ ਵਿਆਹ ਤੇ ਦਿੱਤੀ ਜਾਂਦੀ ਹੈ 31 ਹਜਾਰ ਰੁਪਏ ਸ਼ਗਨ ਦੀ ਰਾਸ਼ੀ
ਉਸਾਰੀ ਕਿਰਤੀਆਂ ਦੇ ਬੀਮੇ ਲਈ 21 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟਰੇਸ਼ਨ
ਫਿਰੋਜਪੁਰ 18 ਅਪ੍ਰੈਲ 2016( Harish Monga) ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਨੀਲੇ ਕਾਰਡ ਧਾਰਕਾਂ, ਜੇ ਫ਼ਾਰਮ ਧਾਰਕ ਕਿਸਾਨਾਂ ਅਤੇ ਕਰ ਰਹਿਤ ਸਕੀਮ ਤਹਿਤ ਜੁੜੇ ਵਪਾਰੀਆਂ ਨੂੰ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ 50 ਹਜ਼ਾਰ ਰੁਪਏ ਤੱਕ ਦੇ ਮੁਫ਼ਤ ਇਲਾਜ ਦੇ ਲਾਭ ਬਾਅਦ ਹੁਣ ਪੰਜਾਬ ਇਮਾਰਤੀ ਤੇ ਹੋਰ ਉਸਾਰੀ ਕਿਰਤੀਆਂ ਭਲਾਈ ਬੋਰਡ ਨਾਲ ਜੁੜੇ ਉਸਾਰੀ ਕਿਰਤੀਆਂ ਨੂੰ ਵੀ ਇਸ ਦੇ ਘੇਰੇ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਸੂਚੀਬੱਧ ਕੀਤੇ ਹਸਪਤਾਲਾਂ ਵਿੱਚ ਬੋਰਡ ਨਾਲ ਰਜਿਸਟਰਡ ਉਸਾਰੀ ਕਿਰਤੀਆਂ ਦੇ ਪਰਿਵਾਰ ਦੇ ਮੁਖੀ ਸਮੇਤ ਪੰਜ ਮੈਂਬਰਾਂ ਨੂੰ ਸਲਾਨਾ 50 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਅਤੇ ਦੁਰਘਟਨਾ ਵਿੱਚ ਮੌਤ ਹੋਣ ਜਾਂ ਸਰੀਰਕ ਤੌਰ 'ਤੇ ਨਕਾਰਾ ਹੋਣ ਦੀ ਸੂਰਤ ਵਿੱਚ ਪੰਜ ਲੱਖ ਰੁਪਏ ਦਾ ਮੁਆਵਜ਼ਾ/ਬੀਮਾ ਮੁਹੱਈਆ ਕਰਵਾਇਆ ਜਾਵੇਗਾ।
ਸਕੀਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਕਿਰਤ ਕਮਿਸ਼ਨਰ ਸ੍ਰੀ ਰਾਜ ਕੁਮਾਰ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਇਮਾਰਤੀ ਤੇ ਹੋਰ ਉਸਾਰੀ ਕਿਰਤੀਆਂ ਭਲਾਈ ਬੋਰਡ ਨਾਲ ਜੁੜੇ ਉਸਾਰੀ ਕਿਰਤੀਆਂ ਲਈ ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਦੀ ਸ਼ੁਰੂਆਤ 21 ਅਪ੍ਰੈਲ ਤੋਂ ਕੀਤੀ ਜਾ ਰਹੀ ਹੈ ਜਿਸ ਤਹਿਤ ਸਬੰਧਤ ਕਿਰਤ ਇੰਸਪੈਕਟਰਾਂ ਵੱਲੋਂ ਉਨ੍ਹਾਂ ਨੂੰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਸਕੀਮ ਵਿੱਚ ਸ਼ਾਮਿਲ ਹੋਣ ਸਬੰਧੀ ਵਧੇਰੇ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਫਿਰੋਜਪੁਰ ਜ਼ਿਲ੍ਹਾ ਇਸ ਤੋਂ ਪਹਿਲਾਂ ਉਸਾਰੀ ਕਿਰਤੀਆਂ ਨੂੰ ਬੋਰਡ ਨਾਲ ਰਜਿਸਟਰਡ ਕਰਕੇ ਮਾਲੀ ਲਾਭ ਦਿਵਾਉਣ ਵਿੱਚ ਵੀ ਮੋਹਰੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਬੋਰਡ ਨਾਲ 5500 ਤੋਂ ਵਧੇਰੇ ਉਸਾਰੀ ਕਿਰਤੀ ਰਜਿਸਟਰਡ ਹੋ ਚੁੱਕੇ ਹਨ। ਸਹਾਇਕ ਕਿਰਤ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿੱਚ ਸਾਲ 2012 ਤੋਂ ਹੁਣ ਤੱਕ ਪੰਜਾਬ ਇਮਾਰਤੀ ਤੇ ਹੋਰ ਉਸਾਰੀ ਕਾਮੇ ਭਲਾਈ ਬੋਰਡ ਨਾਲ ਜੁੜੇ ਉਸਾਰੀ ਕਿਰਤੀਆਂ ਨੂੰ ਲਗਭਗ 4.41 ਕਰੋੜ ਰੁਪਏ ਦੀ ਮਾਲੀ ਰਾਸ਼ੀ ਸਹਾਇਤਾ ਵਜੋਂ ਇਨ੍ਹਾਂ ਕਿਰਤੀਆਂ ਦੀ ਮੌਤ ਬਾਅਦ ਜਾਂ ਹੋਰਨਾਂ ਸਕੀਮਾਂ ਤਹਿਤ ਪਰਿਵਾਰਾਂ ਨੂੰ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਨੇ ਦੱਸਿਆ ਕਿ ਬੋਰਡ ਨਾਲ ਰਜਿਸਟਰਡ ਉਸਾਰੀ ਕਾਮਿਆਂ ਦੀਆਂ ਧੀਆਂ ਦੇ ਵਿਆਹ 'ਤੇ 31 ਹਜ਼ਾਰ ਰੁਪਏ ਦੀ ਸ਼ਗਨ ਸਕੀਮ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫ਼ਾ ਰਾਸ਼ੀ, ਵਰਦੀ ਤੇ ਸਟੇਸ਼ਨਰੀ ਭੱਤਾ ਵੱਖਰੇ ਤੌਰ 'ਤੇ ਦਿੱਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੋ ਸਾਲ ਵਿੱਚ ਇੱਕ ਵਾਰ ਉਸਾਰੀ ਕਾਮੇ ਨੂੰ ਪਰਿਵਾਰ ਨਾਲ ਯਾਤਰਾ 'ਤੇ ਜਾਣ ਲਈ 2 ਹਜ਼ਾਰ ਰੁਪਏ ਦੀ ਐਲ.ਟੀ.ਸੀ. ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੋਰਡ ਨਾਲ ਰਜਿਸਟਰਡ ਮਜ਼ਦੂਰ ਨੂੰ 60 ਸਾਲ ਦੀ ਉਮਰ ਬਾਅਦ 5 ਹਜ਼ਾਰ ਤੋਂ 20 ਹਜ਼ਾਰ ਰੁਪਏ ਸਲਾਨਾ ਪੈਨਸ਼ਨ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਜਿਸ ਵਾਸਤੇ ਰਜਿਸਟ੍ਰੇਸ਼ਨ ਦੀ ਮਿਆਦ ਘੱਟੋ-ਘੱਟ ਪੰਜ ਸਾਲ ਹੋਣੀ ਜ਼ਰੂਰੀ ਹੈ।