Ferozepur News

ਆਉਂਦੀਆਂ ਪਾਰਲੀਮਾਨੀ ਚੋਣਾਂ ਵਿਚ ਕਾਂਗਰਸ ਤੇ ਆਪ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਕੇ ਇਹਨਾਂ ਨੂੰ ਕਰਾਰਾ ਸਬਕ ਸਿਖਾਇਆ ਜਾਵੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਦਿੱਤਾ ਸੱਦਾ

ਆਉਂਦੀਆਂ ਪਾਰਲੀਮਾਨੀ ਚੋਣਾਂ ਵਿਚ ਕਾਂਗਰਸ ਤੇ ਆਪ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਕੇ ਇਹਨਾਂ ਨੂੰ ਕਰਾਰਾ ਸਬਕ ਸਿਖਾਇਆ ਜਾਵੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਦਿੱਤਾ ਸੱਦਾ
ਆਉਂਦੀਆਂ ਪਾਰਲੀਮਾਨੀ ਚੋਣਾਂ ਵਿਚ ਕਾਂਗਰਸ ਤੇ ਆਪ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਕੇ ਇਹਨਾਂ ਨੂੰ ਕਰਾਰਾ ਸਬਕ ਸਿਖਾਇਆ ਜਾਵੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਦਿੱਤਾ ਸੱਦਾ
 
ਕਾਂਗਰਸ ਤੇ ਆਪ ਵੱਲੋਂ ਸਰਹੱਦੀ ਪੱਟੀ ਨੂੰ ਅਣਡਿੱਠ ਕਰਨ ਦੇ ਤਰੀਕੇ ’ਤੇ ਹੈਰਾਨੀ ਪ੍ਰਗਟਾਈ
ਕਿਹਾ ਕਿ ਅਕਾਲੀ ਦਲ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਦੇ ਤੁਰੰਤ ਬਾਅਦ ਸਰਹੱਦੀ ਪੱਟੀ ਵਿਚ ਕਾਸ਼ਤਕਾਰਾਂ ਦੇ ਮਾਲਕਾਨਾਂ ਹੱਕ ਬਹਾਲ ਕਰੇਗਾ
 

ਗੁਰੂ ਹਰਿਸਹਾਇ/ਜਲਾਲਾਬਾਦ, 12 ਮਾਰਚ: 
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਪਾਰਲੀਮਾਨੀ ਚੋਣਾਂ ਵਿਚ ਕਾਂਗਰਸ ਤੇ ਆਪ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਕੇ ਦੋਵਾਂ ਪਾਰਟੀਆਂ ਨੂੰ ਕਰਾਰਾ ਸਬਕ ਸਿਖਾਇਆ ਜਾਵੇ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਦੀ ਪੰਜਾਬ ਬਚਾਓ ਯਾਤਰਾ ਤਹਿਤ ਗੁਰੂ ਹਰਿਸਹਾਇ ਅਤੇ ਜਲਾਲਾਬਾਦ ਹਲਕਿਆਂ ਦਾ ਦੌਰਾ ਕੀਤਾ, ਦਾ ਸਰਹੱਦੀ ਪੱਟੀ ਵਿਚ ਲੋਕਾਂ ਨੇ ਸ਼ਾਨਦਾਰ ਸਵਾਗਤ ਕੀਤਾ ਤੇ ਹਜ਼ਾਰਾਂ ਲੋਕ ਸੜਕ ਦੇ ਦੋਵੇਂ ਖੜ੍ਹੇ ਹੋ ਕੇ ਉਹਨਾਂ ਦੇ ਨਿੱਘੇ ਸਵਾਗਤ ਵਿਚ ਜੁਟੇ ਤੇ ਉਹਨਾਂ ਨਾਲ ਮੁਲਾਕਾਤ ਕਰਦੇ ਰਹੇ ਜਦੋਂ ਕਿ ਪਾਰਟੀ ਦੇ ਸੈਂਕੜੇ ਆਗੂ ਤੇ ਕਾਰਕੁੰਨ ਪਾਰਟੀ ਪ੍ਰਧਾਨ ਦੇ ਨਾਲ ਯਾਤਰਾ ਵਿਚ ਟਰੈਕਟਰ, ਕਾਰਾਂ ਤੇ ਜੀਪਾਂ ਲੈ ਕੇ ਸ਼ਾਮਲ ਹੋਏ।
ਸਰਦਾਰ ਸੁਖਬੀਰ ਬਾਦਲ, ਜਿਹਨਾਂ ਦੇ ਨਾਲ ਗੁਰੂ ਹਰਿਸਹਾਇ ਵਿਚ ਸਰਦਾਰ ਵਰਦੇਵ ਸਿੰਘ ਮਾਨ ਅਤੇ ਜਲਾਲਾਬਾਦ ਵਿਚ ਸਰਦਾਰ ਸਤਿੰਦਰਜੀਤ ਸਿੰਘ ਮੰਟਾ ਵੀ ਸਨ, ਨੇ ਹੈਰਾਨੀ ਪ੍ਰਗਟ ਕੀਤੀ ਕਿ ਕਾਂਗਰਸ ਤੇ ਆਪ ਦੋਵਾਂ ਨੇ ਕਿਸ ਤਰੀਕੇ ਨਾਲ ਸਰਹੱਦੀ ਪੱਟੀ ਨੂੰ ਅਣਡਿੱਠ ਕੀਤਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਉਹਨਾਂ ਸਾਰੇ ਕਾਸ਼ਤਕਾਰਾਂ ਦੇ ਮਾਲਕਾਨਾਂ ਹੱਕ ਬਹਾਲ ਕਰਾਂਗੇ ਜਿਹਨਾਂ ਨੂੰ ਹੁਣ ਤੱਕ ਇਹ ਹੱਕ ਨਹੀਂ ਮਿਲੇ।
ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਪ੍ਰਕਿਰਿਆ ਆਰੰਭ ਕੀਤੀ ਸੀ ਪਰ ਫਿਰ ਕਾਂਗਰਸ ਦੀ ਸਰਕਾਰ ਆ ਗਈ ਜਿਸਨੇ ਤੁਹਾਨੂੰ ਮਾਲਕਾਨਾ ਹੱਕ ਦੇਣ ਤੋਂ ਨਾਂਹ ਕਰ ਦਿੱਤੀ। ਉਹਨਾਂ ਕਿਹਾ ਕਿ ਅਸੀਂ ਸਾਡੀ ਸਰਕਾਰ ਬਣਨ ’ਤੇ ਇਹ ਹੱਕ ਤੁਹਾਨੂੰ ਤੁਰੰਤ ਦੇ ਦਿਆਂਗੇ।
ਸਰਦਾਰ ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਸੇਵਾ ਕੇਂਦਰ ਤੇ ਸੁਵਿਧਾ ਕੇਂਦਰ ਜੋ ਅਕਾਲੀ ਦਲ ਦੀ ਸਰਕਾਰ ਸਮੇਂ ਸਰਹੱਦੀ ਪੱਟੀ ਵਿਚ ਖੋਲ੍ਹੇ ਗਏ ਸਨ, ਉਹ ਬੰਦ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਲੋਕਾਂ ਨੇ ਆ ਕੇ ਦੱਸਿਆ ਹੈ ਕਿ ਉਹਨਾਂ ਨੂੰ ਤਾਂ ਪੀਣ ਵਾਲਾ ਸਾਫ ਪਾਣੀ ਵੀ ਨਹੀਂ ਮਿਲ ਰਿਹਾ ਕਿਉਂਕਿ ਅਕਾਲੀ ਦਲ ਵੱਲੋਂ ਲਗਾਏ ਆਰ ਓ ਪਲਾਂਟ ਵੀ ਬੰਦ ਪਏ ਹਨ। ਅਨੇਕਾਂ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਆਟਾ-ਦਾਲ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਵੀ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਤੇ ਅਸੀਂ ਲੋਕਾਂ ਲਈ ਇਹ ਸਹੂਲਤਾਂ ਬਹਾਲ ਕਰਨ ਵਾਸਤੇ ਵਚਨਬੱਧ ਹਾਂ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਦੇ ਵੀ ਪੰਜਾਬੀਆਂ ਨੂੰ ਹੇਠਾਂ ਨਹੀਂ ਲੱਗਣ ਦੇਵੇਗਾ ਜਿਵੇਂ ਕਾਂਗਰਸ ਤੇ ਆਪ ਨੇ ਕੀਤਾ ਹੈ। ਉਹਨਾਂ ਕਿਹਾ ਕਿ ਸਾਡੇ ਵਾਸਤੇ ਖੇਤਰੀ ਇੱਛਾਵਾਂ ਸਭ ਤੋਂ ਅਹਿਮ ਹਨ। ਉਹਨਾਂ ਕਿਹਾ ਕਿ ਸਾਡਾ ਖੇਤਰੀ ਇੱਛਾਵਾਂ ਦੀ ਰਾਖੀ ਦਾ ਇਤਿਹਾਸ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਸਰਵ ਪੱਖੀ ਵਿਕਾਸ ਹੋਇਆ ਜਿਸ ਕਾਰਨ ਸਮਾਜ ਦੇ ਹਰ ਵਰਗ ਭਾਵੇਂ ਉਹ ਕਿਸਾਨ, ਔਰਤਾਂ, ਕਮਜ਼ੋਰ ਵਰਗ, ਨੌਜਵਾਨ, ਵਪਾਰ ਤੇ ਉਦਯੋਗ ਅਤੇ ਸਰਕਾਰੀ ਮੁਲਾਜ਼ਮ ਸਨ, ਸਭ ਨੂੰ ਲਾਭ ਪੁੱਜਾ।
ਸਰਦਾਰ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਵੀ ਸੱਦਾ ਦਿੱਤਾ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਤੇ ਪੰਥਕ ਸੰਸਥਾਵਾਂ ’ਤੇ ਇਸ ਕਰ ਕੇ ਹਮਲੇ ਹੁੰਦੇ ਰਹੇ ਹਨ ਕਿਉਂਕਿ ਚੋਣਾਂ ਵਿਚ ਅਕਾਲੀ ਦਲ ਕਮਜ਼ੋਰ ਹੋ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਪੰਥ ਦਾ ਕਿਵੇਂ ਨੁਕਸਾਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੂੰ ਤੋੜਿਆ ਗਿਆ ਤੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਦਿੱਤੀ ਗਈ। ਮਹਾਰਾਸ਼ਟਰ ਸਰਕਾਰ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕਰਨ ਦਾ ਯਤਨ ਕੀਤਾ ਤੇ ਦਿੱਲੀ ਕਮੇਟੀ ’ਤੇ ਤਾਂ ਕਬਜ਼ਾ ਕੀਤਾ ਹੀ ਹੋਇਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਵਿਚ ਨਸ਼ਾ ਤਸਕਰੀ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਆਪ ਵਿਧਾਇਕ ਨਾ ਸਿਰਫ ਨਸ਼ਾ ਤਸਕਰਾਂ ਨਾਲ ਰਲੇ ਹੋਏ ਬਲਕਿ ਉਹਨਾਂ ਤੋਂ ਮਹੀਨੇ ਵਸੂਲ ਰਹੇ ਹਨ। ਉਹਨਾਂ ਕਿਹਾ ਕਿ ਆਪ ਵਿਧਾਇਕ ਪੁਲਿਸਦੇ  ਕੰਮਕਾਜ ਵਿਚ ਦਖਲਅੰਦਾਜ਼ੀ ਕਰ ਰਹੇ ਹਨ ਤੇ ਪੁਲਿਸ ਨੂੰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਤੋਂ ਰੋਕ ਰਹੇ ਹਨ।
ਉਹਨਾਂ ਕਿਹਾ ਕਿ ਨਸ਼ਿਆਂ ਦੇ ਪਸਾਰ ਦੇ ਨਾਲ-ਨਾਲ ਗੁੰਡਾਵਰਦੀ ਤੇ ਫਿਰੌਤੀਆਂ ਵਸੂਲਣ ਦੇ ਸਭਿਆਚਾਰ ਕਾਰਨ ਪੰਜਾਬ ਪਛੜ ਰਿਹਾ ਹੈ ਤੇ ਇਥੇ ਕੋਈ ਨਿਵੇਸ਼ ਨਹੀਂ ਹੋ ਰਿਹਾ ਤੇ ਘਰੇਲੂ ਉਦਯੋਗ ਵੀ ਹਿਜ਼ਰਤ ਕਰ ਕੇ ਉੱਤਰ ਪ੍ਰਦੇਸ਼ ਤੇ ਹੋਰ ਥਾਵਾਂ ’ਤੇ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button