ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਦੇਵ ਸਮਾਜ ਕਾਲਜ ਵਿਖੇ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਸਮਾਗਮ
ਲੜਕੀਆਂ ਦੀ ਪੜ੍ਹਾਈ ਤੇ ਵਿਸ਼ੇਸ਼ ਧਿਆਨ ਦੇ ਕੇ ਉਨਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਜਾਵੇ: ਫੌਜਾ ਸਿੰਘ ਸਰਾਰੀ
ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਦੇਵ ਸਮਾਜ ਕਾਲਜ ਵਿਖੇ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਸਮਾਗਮ
ਲੜਕੀਆਂ ਨੂੰ ਹਰੇਕ ਖੇਤਰ ‘ਚ ਸਫਲ ਬਣਾਉਣ ਲਈ ਸਿਰਫ਼ ਪ੍ਰੇਰਨਾ ਦੀ ਜ਼ਰੂਰਤ: ਭੁੱਲਰ
ਲੜਕੀਆਂ ਦੀ ਪੜ੍ਹਾਈ ਤੇ ਵਿਸ਼ੇਸ਼ ਧਿਆਨ ਦੇ ਕੇ ਉਨਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਜਾਵੇ: ਫੌਜਾ ਸਿੰਘ ਸਰਾਰੀ
ਫਿਰੋਜ਼ਪੁਰ, 24 ਜਨਵਰੀ 2023.
ਅੱਜ ਅੰਤਰਰਾਸ਼ਟਰੀ ਬਾਲੜੀ ਦਿਵਸ ਦੇ ਸਬੰਧ ਵਿੱਚ ਦੇਵ ਸਮਾਜ ਕਾਜਲਜ ਆਫ਼ ਐਜੂਕੇਸ਼ਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਅਤੇ ਗੁਰੂਹਰਸਹਾਏ ਹਲਕੇ ਦੇ ਵਿਧਾਇਕ ਸ. ਫੌਜਾ ਸਿੰਘ ਸਰਾਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਸਾਡੇ ਧਾਰਮਿਕ ਗ੍ਰੰਥਾਂ ‘ਚ ਵੀ ਔਰਤ ਨੂੰ ਉੱਚਾ ਰੁਤਬਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਬਹੁਤੇ ਖੇਤਰਾਂ ‘ਚ ਲੜਕੀਆਂ ਲੜਕਿਆਂ ਦੇ ਮੁਕਾਬਲੇ ਅੱਗੇ ਨਿਕਲ ਗਈਆਂ ਹਨ ਅਤੇ ਉਹ ਆਪਣੀ ਸਮਰੱਥਾ ਨੂੰ ਹਰੇਕ ਖੇਤਰ ‘ਚ ਸਾਬਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਹਰੇਕ ਖੇਤਰ ‘ਚ ਸਫਲ ਬਣਾਉਣ ਲਈ ਸਿਰਫ਼ ਪ੍ਰੇਰਨਾ ਦੀ ਜ਼ਰੂਰਤ ਹੈ ਅਤੇ ਅਜੋਕੇ ਸਮੇਂ ‘ਚ ਲੜਕੀਆਂ ਲਈਹਰੇਕ ਖੇਤਰ ਵਿੱਚ ਮੌਕੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਹਰ ਖੇਤਰ ‘ਚ ਅੱਗੇ ਵੱਧ ਰਹੀਆਂ ਹਨ ਅਤੇ ਹੁਣ ਮਹਿਲਾਵਾਂ ਫਾਈਟਰ ਜਹਾਜ਼ ਦੀਆਂ ਵੀ ਪਾਇਲਟ ਹਨ ਅਤੇ ਫੌਜ ਵਿੱਚ ਅਧਿਕਾਰੀ ਵੀ ਹਨ ਜੋ ਉਨ੍ਹਾਂ ਦੀ ਵੱਧ ਰਹੀ ਸ਼ਕਤੀ ਦਾ ਪ੍ਰਤੀਕ ਹੈ।
ਵਿਧਾਇਕ ਸ. ਫੌਜਾ ਸਿੰਘ ਸਰਾਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੁੜੀਆਂ ਸਾਡਾ ਮਾਣ ਹਨ, ਇਸ ਕਾਰਨ ਸਾਨੂੰ ਸਭਨਾਂ ਨੂੰ ਕੁੜੀਆਂ ਨੂੰ ਪਿਆਰ ਤੇ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਉਨਾਂ ਦੀ ਪੜ੍ਹਾਈ ਤੇ ਵਿਸ਼ੇਸ਼ ਧਿਆਨ ਦੇ ਕੇ ਉਨਾਂ ਨੂੰ ਸਮਾਜ ਵਿੱਚ ਆਪਣੇ ਪੈਰਾਂ ਤੇ ਖੜਾ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕੋਈ ਵੀ ਸਮਾਜ ਤਾਂ ਹੀ ਮਜ਼ਬੂਤ ਅਤੇ ਸਪੰਨ ਹੋ ਸਕਦਾ ਹੈ ਜੇਕਰ ਅਸੀਂ ਮੁੰਡੀਆਂ ਦੇ ਨਾਲ-ਨਾਲ ਕੁੜੀਆਂ ਲਈ ਵੀ ਸਮਾਨ ਅਧਿਕਾਰ ਪਰਿਵਾਰਿਕ ਪੱਧਰ ਤੋਂ ਲੈ ਕੇ ਸਮਾਜ ਦੇ ਹਰ ਖੇਤਰ ਵਿੱਚ ਲਾਗੂ ਕਰਵਾ ਸਕੀਏ। ਉਨਾਂ ਕਿਹਾ ਕਿ ਜੇਕਰ ਇੱਕ ਕੁੜੀ ਪੜ੍ਹਦੀ ਹੈ ਤਾਂ ਉਸ ਨਾਲ ਘੱਟੋ ਘੱਟ ਦੋ ਪਰਿਵਾਰ ਪੜ੍ਹ ਜਾਂਦੇ ਹਨ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਕੌਰ ਨੇ ਦੱਸਿਆ ਕਿ ਇਸ ਮੌਕੇ ਜਿਲ੍ਹੇ ਵਿਚ 21 ਨਵ-ਜੰਮੀਆਂ ਧੀਆਂ ਦੀ ਲੋਹੜੀ ਅਤੇ ਜਿਲ੍ਹੇ ਵਿਚ ਵੱਖ-ਵੱਖ ਖੇਤਰਾਂ ਵਿਚ ਚੰਗਾ ਨਾਮਨਾ ਖੱਟਣ ਵਾਲੀਆਂ 60 ਧੀਆਂ ਨੂੰ ਅਤੇ ਮਾਪਿਆ ਦੀਆਂ ਇਕਲੌਤੀਆਂ 11 ਧੀਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ 18 ਜਨਵਰੀ 2023 ਤੋਂ 24 ਜਨਵਰੀ 2023 ਤੱਕ ਇਹ ਹਫਤਾ ਰਾਸ਼ਟਰੀ ਬਾਲੜੀਆਂ ਨੂੰ ਸਮਰਪਿਤ ਰਿਹਾ ਹੈ। ਇਸ ਵਿਭਾਗ ਵੱਲੋ ਭੇਜੀਆਂ ਗਈਆਂ ਦਿਨ-ਵਾਰ ਗਤੀਵਿਧੀਆਂ ਅਨੁਸਾਰ ਜਿਲ੍ਹੇ ਦੇ ਆਗਣਵਾੜੀ ਵਰਕਰਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਜਿਸ ਵਿਚ ਉਨ੍ਹਾਂ ਦੁਆਰਾ ਸੁੰਹ ਚੁੱਕ ਸਮਾਗਮ/ਗ੍ਰਾਮ ਸਭਾ/ਦੀਵਾਰਾਂ ਤੇ ਬੇਟੀ ਬਚਾਉ ਬੇਟੀ ਪੜ੍ਹਾਓ ਦੇ ਸਟਿਕਰ ਲਗਾਣਾ, ਡਰਾਇੰਗ ਮੁਕਾਬਲੇ ਅਤੇ ਬੇਟੀ ਬਚਾਓ ਬੇਟੀ ਪੜਾਓ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਕੀਤੀ ਗਈ।
ਇਸ ਮੌਕੇ ਡਿਪਟੀ ਡੀ.ਈ.ਓ ਸੈਕੰਡਰੀ ਸ੍ਰੀ ਕੋਮਲ ਅਰੋੜਾ, ਡਿਪਟੀ ਡੀ.ਈ.ਓ ਪ੍ਰਾਇਮਰੀ ਸ੍ਰੀ ਸੁਖਵਿੰਦਰ ਸਿੰਘ, ਪ੍ਰਿੰਸੀਪਲ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਡਾ. ਸਮਿੰਦਰ ਕੌਰ, ਸਮੂਹ ਸੁਪਰਵਾਈਜ਼ਰ, ਬਲਾਕ ਕੋਆਡੀਨੇਟਰ, ਆਗਣਵਾੜੀ ਵਰਕਰ ਅਤੇ ਹੈਲਪਰ ਆਦਿ ਹਾਜ਼ਰ ਸਨ।