ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਅਰਪਿਤ ਕਰਕੇ ਆਈ ਡੀ ਪੀ ਨੇ ਸ਼ੁਰੂ ਕੀਤਾ ਲੋਕ ਚੇਤਨਾ ਮਾਰਚ
ਫਿਰੋਜ਼ਪੁਰ 21 ਮਾਰਚ (ਏ. ਸੀ. ਚਾਵਲਾ): ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੰਟਰਨੈਸਨਲਿਸਟ ਡੈਮੋਕ੍ਰੇਟਿਕ ਪਲੇਟਫਾਰਮ, ਆਈ ਡੀ ਪੀ ਵਲੋਂ ਅੱਜ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਅਰਪਿਤ ਕਰਨ ਤੋਂ ਬਾਅਦ ਮੋਟਰਸਾਈਕਲਾਂ ਦੇ ਵੱਡੇ ਕਾਫ਼ਲੇ ਦੇ ਰੂਪ ਵਿਚ ਸਮਾਜਿਕ ਤਬਦੀਲੀ ਦੇ ਨਾਅਰੇ ਲਗਾਉਂਦਾ ਹੋਇਆ ਫਿਰੋਜ਼ਪੁਰ ਵੱਲ ਨੂੰ ਰਵਾਨਾ ਹੋਇਆ। ਕਾਫ਼ਲੇ ਵਿਚ ਸ਼ਾਮਲ ਵਰਕਰਾਂ ਦੇ ਵੱਖ ਵੱਖ ਮੰਗਾਂ ਵਾਲੇ ਗਾਉਨ ਪਾਏ ਹੋਏ ਸਨ। ਸ਼ਰਧਾਂਜ਼ਲੀ ਅਰਪਿਤ ਕਰਨ ਸਮੇਂ ਇਕੱਠੇ ਹੋਏ ਕਾਫ਼ਲੇ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਈ ਡੀ ਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਤੋਂ ਵਿਦੇਸ਼ੀ ਗੁਲਾਮੀ ਦਾ ਜੂਲਾ ਲਾਹੁਣ ਲਈ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਫਾਂਸੀ ਦੇ ਰੱਸੇ ਨੂੰ ਚੁੰਮਿਆ। ਪਰ ਸਥਿਤੀ ਦਾ ਮਜ਼ਾਕ ਦੇਖੋ ਕਿ ਸੂਰਬੀਰਾਂ ਦੀ ਇਹ ਧਰਤੀ ਹੁਣ ਸਿਆਸੀ ਤੌਰ ਉਤੇ ਲਾਲਚੀ ਅਤੇ ਖੌਫਜ਼ਦਾ ਆਗੂਆਂ ਅਤੇ ਲੋਕਾਂ ਦੀ ਧਰਤੀ ਬਣਦੀ ਜਾ ਰਹੀ ਹੈ। ਵਿਕਾਸ ਦਾ ਕਾਰਪੋਰੇਟ ਪੱਖੀ ਮਾਡਲ ਆਰਥਿਕ ਤੌਰ ਉਤੇ ਕੁਝ ਖਾਸ ਕੰਪਨੀਆਂ ਜਾਂ ਪਰਿਵਾਰਾਂ ਦੀ ਜਕੜ ਮਜ਼ਬੂਤ ਕਰਨ ਦਾ ਰਾਹ ਤਿਆਰ ਕਰ ਰਿਹਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵਪਾਰ ਦਾ ਹੀ ਹਿੱਸਾ ਬਣ ਗਈਆਂ ਹਨ। ਇਸੇ ਕਰਕੇ ਸਰਕਾਰਾਂ ਕਾਰਪੋਰੇਟ ਦੇ ਰਾਹ ਦੀਆਂ ਰੁਕਾਵਟਾਂ ਦੂਰ ਕਰਨ ਦਾ ਸਾਧਨ ਬਣ ਕੇ ਰਹਿ ਗਈ ਹੈ। ਦੇਸ਼ ਦੇ ਆਗੂਆਂ ਨੇ ਸਿਆਸਤ ਨੂੰ ਇਕ ਵਪਾਰ ਬਣਾ ਦਿੱਤਾ ਹੈ। ਸੂਬਾ ਆਗੂ ਮਾਸਟਰ ਲੱਖਾ ਸਿੰਘ ਮਾਨਸਾ, ਪ੍ਰੀਤਮ ਸਿੰਘ ਫਾਜ਼ਿਲਕਾ ਅਤੇ ਗੁਰਮੀਤ ਸਿੰਘ ਥੂਹੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਬਜ਼ਟ ਵਿਚ 5 ਲੱਖ 89 ਹਜ਼ਾਰ ਕਰੋੜ ਰੁਪਏ ਦੀਆਂ ਰਿਆਇਤਾਂ ਦੇ ਕੇ ਇਨ•ਾਂ ਨੂੰ ਮਾਲਾ ਮਾਲ ਕਰ ਦਿੱਤਾ ਹੈ, ਜਦਕਿ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ 2 ਲੱਖ 60 ਹਜ਼ਾਰ ਰੁਪਏ ਤੋਂ ਘਟਾ ਕੇ 2 ਲੱਖ 43 ਹਜ਼ਾਰ ਕਰੋੜ ਰੁਪਏ ਦੀਆਂ ਕਰ ਦਿੱਤੀਆਂ ਹਨ ਅਤੇ ਅੱਗੇ ਨੂੰ ਹੋਰ ਘਟਾਉਣ ਦੇ ਸੰਕੇਤ ਵੀ ਦੇ ਦਿੱਤੇ ਹਨ। ਅਜਿਹੀਆਂ ਨੀਤੀਆਂ ਦਾ ਹੀ ਨਤੀਜਾ ਹੈ ਕਿ ਦੇਸ਼ ਦੇ 77 ਫੀਸਦੀ ਲੋਕ 20 ਰੁਪਏ ਤੋਂ ਵੀ ਘੱਟ ਤੇ ਗੁਜ਼ਾਰਾ ਕਰ ਰਹੇ ਹਨ। ਪਿਛਲੇ ਇਕ ਸਾਲ ਵਿਚ ਉਦਯੋਗਿਕ ਖੇਤਰ ਵਿਚ ਚਾਰ ਲੱਖ ਲੋਕਾਂ ਦਾ ਰੁਜ਼ਗਾਰ ਚਲਾ ਗਿਆ ਹੈ। ਖੇਤੀਬਾੜੀ ਘਾਟੇ ਦਾ ਸੌਦਾ ਬਣ ਗਈ ਹੈ। ਇਸ 'ਤੇ 70 ਫੀਸਦੀ ਲੋਕ ਨਿਰਭਰ ਹਨ, ਪਰ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਵਿੱਚ ਖੇਤੀ ਖੇਤਰ ਦਾ ਹਿੱਸਾ ਘਟ ਕੇ 13 ਫੀਸਦੀ ਹੀ ਰਹਿ ਗਿਆ ਹੈ। ਬਿਮਾਰੀਆਂ ਤੋਂ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵਾਤਾਵਰਣ ਵਿਗਾੜ ਕਾਰਨ ਪਾਣੀ, ਮਿੱਟੀ ਅਤੇ ਹਵਾ ਪ੍ਰਦੂਸ਼ਿਤ ਹੋ ਚੁੱਕੀਆਂ ਹਨ। ਵੱਖ ਵੱਖ ਆਗੂਆਂ ਨੇ ਕਿਹਾ ਕਿ ਭੂਮੀ ਗ੍ਰਹਿਣ ਕਾਨੂੰਨ ਵਿਚ ਕੀਤੀਆਂ ਸੋਧਾਂ ਕਿਸਾਨ ਦੀ ਜ਼ਮੀਨ ਜਬਰੀ ਹਾਸਲ ਕਰਨ ਤੱਕ ਹੀ ਨਹੀਂ ਬਲਕਿ ਜ਼ਮੀਨ ਨਾਲ ਸਬੰਧਤ ਪੂਰੀ ਅਰਥ ਵਿਵਸਥਾ ਨੂੰ ਤਹਿਸ ਨਹਿਸ ਕਰਨ ਵਾਲੀਆਂ ਹਨ। ਇਸੇ ਤਰ•ਾਂ ਕੇਂਦਰ ਸਰਕਾਰ ਵਲੋਂ ਬਣਾਈ ਸ਼ਾਂਤਾ ਕੁਮਾਰ ਦੀ ਕਮੇਟੀ ਨੇ ਭਾਰਤੀ ਖੁਰਾਕ ਨਿਗਮ, ਐਫ ਸੀ ਆਈ ਦੀ ਅਨਬੰਡਲਿੰਗ ਕਰਕੇ ਇਸ ਨੂੰ ਕਣਕ ਅਤੇ ਝੋਨੇ ਦੀ ਪੂਰੀ ਖਰੀਦ ਨਾ ਕਰਵਾਉਣ ਦੀ ਸਿਫਾਰਿਸ਼ ਕਰ ਦਿੱਤੀ ਹੈ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਭੂਮੀ ਗ੍ਰਹਿਣ ਆਰਡੀਨੈਂਸ 2014 ਅਤੇ ਐਫ ਸੀ ਆਈ ਦੀ ਅਨਬੰਡਲਿੰਗ ਕਮੇਟੀ ਦੀ ਰਿਪੋਰਟ ਤੁਰੰਤ ਰੱਦ ਹੋਣੇ ਚਾਹੀਦੇ ਹਨ। ਇਸ ਮੌਕੇ ਤਾਰਾ ਸਿੰਘ ਫੱਗੂਵਾਲ, ਸਮਸ਼ੇਰ ਸਿੰਘ ਗਿੱਦੜਬਾਹਾ, ਗੁਰਮੇਲ ਸਿੰਘ ਅੱਕਾਂਵਾਲੀ, ਕੁਲਵੰਤ ਸਿੰਘ ਥੂਹੀ, ਹਰਪ੍ਰੀਤ ਸਿੰਘ ਨੂਰਪੁਰ ਸੇਠਾਂ, ਮਨਹੋਰ ਲਾਲ ਆਦਿ ਨੇ ਵੀ ਸੰਬੋਧਨ ਕੀਤਾ। ਇਸ ਚੇਤਨਾ ਦੇ ਕਾਫ਼ਲੇ ਨੇ ਫਿਰੋਜ਼ਪੁਰ ਦੇ ਬਜ਼ਾਰਾਂ ਵਿਚ ਪੈਦਲ ਚੱਲ ਕੇ ਹੱਥ ਪਰਚੇ ਵੀ ਵੰਡੇ ਅਤੇ ਵਜੀਦਪੁਰ, ਨੂਰਪੁਰ ਸੇਠਾਂ, ਰੁਕਨਾ ਬੇਗੂ, ਰਾਜੇਵਾਲ, ਗੋਲੇਵਾਲਾ, ਝਾੜੀਵਾਲਾ ਆਦਿ ਪਿੰਡਾਂ ਵਿਚ ਜਨਤਕ ਰੈਲੀਆਂ ਵੀ ਕੀਤੀਆਂ ਗਈਆਂ।