ਰਾਣਾ ਗੁਰਮੀਤ ਸਿੰਘ ਸੋਢੀ ਅੱਜ ਗੁਰੂਹਰਸਹਾਏ ਵਿੱਖੇ ਖੇਡ ਸਟੇਡੀਅਮ ਦੀ ਅੱਪਗ੍ਰੇਡੇਸ਼ਨ ਦਾ ਰੱਖਣਗੇ ਨੀਂਹ ਪੱਥਰ
ਗੁਰੂਹਰਸਹਾਏ/ਫਿਰੋਜ਼ਪੁਰ 30 ਸਤੰਬਰ 2020 ਕੈਬਨਿਟ ਮੰਤਰੀ (ਖੇਡਾਂ ਅਤੇ ਯੁਵਕ ਸੇਵਾਵਾਂ) ਰਾਣਾ ਗੁਰਮੀਤ ਸਿੰਘ ਸੋਢੀ 01 ਅਕਤੂਬਰ 2020 ਨੂੰ ਸ਼੍ਰੀ ਗੁਰੂ ਰਾਮਦਾਸ ਖੇਡ ਸਟੇਡੀਅਮ ਗੁਰੂਹਰਸਹਾਏ ਦੀ ਅੱਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰਾਜੈਕਟ ਤੇ ਕੁੱਲ 8 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਹੋਣ ਦੀ ਉਮੀਦ ਹੈ।
ਇਸ ਸਬੰਧੀ ਖੇਡ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ 01 ਅਕਤੂਬਰ ਨੂੰ ਸ਼ਾਮ 4 ਵਜੇ ਗੁਰੂਹਰਸਹਾਏ ਵਿਖੇ ਸ਼੍ਰੀ ਗੁਰੂ ਰਾਮਦਾਸ ਸਟੇਡੀਅਮ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਦੱਸਿਆ ਕਿ ਇਲਾਕਾ ਵਾਸੀਆਂ ਦੀ ਚਿਰੋਕਨੀ ਮੰਗ ਸੀ ਕਿ ਇਸ ਖੇਡ ਸਟੇਡੀਅਮ ਦਾ ਵਿਸਥਾਰ ਕਰ ਕੇ ਇੱਥੇ ਆਧੁਨਿਕ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਦਿਆਂ ਇਹ ਪ੍ਰਾਜੈਕਟ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਉਨ੍ਹਾ ਦੇ ਵਿਭਾਗ ਵੱਲੋਂ ਇਸ ਪ੍ਰਾਜੈਕਟ ਲਈ 8 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ, ਜਿਸ ਨਾਲ 400 ਮੀਟਰ ਟਰੈਕ , 6 ਲੇਨ ਦੇ ਸਿੰਥੈਟਿਕ ਟਰੈਕ, ਨਵੇਂ ਪਵੈਲੀਅਨ ਬਲਾਕ, ਆਧੂਨਿਕ ਜਿੰਮ ਅਤੇ ਗਰਾਊਂਡਾਂ ਦੀ ਉਸਾਰੀ ਦਾ ਕੰਮ ਕਰਵਾਇਆ ਜਾਵੇਗਾ।
ਵਿਧਾਨ ਸ਼ਭਾ ਹਲਕਾ ਗੁਰੂ ਹਰਸਹਾਏ ਦੇ ਨਿਵਾਸੀਆਂ ਨੇ ਇਸ ਉਪਰਾਲੇ ਲਈ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਆਸ ਜਤਾਈ ਹੈ ਕਿ ਉਨ੍ਹਾਂ ਦੇ ਇਸ ਵਧੀਆ ਉਪਰਾਲੇ ਸਦਕਾ ਗੁਰੂਹਰਸਹਾਏ ਹਲਕੇ ਵਿੱਚ ਖੇਡ ਸਰਗਰਮੀਆਂ ਹੋਰ ਪ੍ਰਫੂਲਤ ਹੋਣਗੀਆਂ। ਉਨ੍ਹਾਂ ਖੇਡ ਮੰਤਰੀ ਵੱਲੋਂ ਪਿੱਛਲੇ ਸਮੇਂ ਵਿੱਚ ਖੇਡ ਵਿਭਾਗ ਵਿੱਚ ਲਿਆਂਦੇ ਗਏ ਸੁਧਾਰ, ਖਿਡਾਰੀਆਂ ਦੀ ਇਨਾਮੀ ਰਾਸ਼ੀ ਵਿੱਚ ਵਾਧੇ ਅਤੇ ਯੁਵਕ ਸੇਵਾਵਾਂ ਵਿਭਾਗ ਨੂੰ ਹੋਰ ਅੱਗੇ ਲੈ ਕੇ ਆਉਣ ਲਈ ਵੀ ਖੇਡ ਮੰਤਰੀ ਦਾ ਧੰਨਵਾਦ ਕੀਤਾ।