ਨਹੀਂ ਰਹੇ ਕਰਮਯੋਗੀ ਸ਼ਖਸੀਅਤ ਸੂਬੇਦਾਰ ਹਾਕਮ ਸਿੰਘ ਸੰਧੂ ਸਾਈਆਂ ਵਾਲਾ
ਨਹੀਂ ਰਹੇ ਕਰਮਯੋਗੀ ਸ਼ਖਸੀਅਤ ਸੂਬੇਦਾਰ ਹਾਕਮ ਸਿੰਘ ਸੰਧੂ ਸਾਈਆਂ ਵਾਲਾ
ਫਿਰੋਜ਼ਪੁਰ, 31.5.2021: ਇਲਾਕੇ ਦੀ ਨਾਮਵਰ ਤੇ ਬੇਦਾਗ ਸ਼ਖਸੀਅਤ ਦੇਸ਼ ਸੇਵਾ ਵਿੱਚ ਹਮੇਸ਼ਾ ਅਗਾਂਹਵਧੂ ਭੂਮਿਕਾ ਨਿਭਾਉਣ ਵਾਲੇ ਸੂਬੇਦਾਰ ਹਾਕਮ ਸਿੰਘ ਸੰਧੂ ਸਾਈਆਂ ਵਾਲਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਜਿਵੇਂ ਹੀ ਇਹ ਖਬਰ ਸਾਹਮਣੇ ਆਈ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਸੂਬੇਦਾਰ ਹਾਕਮ ਸਿੰਘ ਸੰਧੂ ਦੇ ਜੀਵਨ ਤੇ ਝਾਤ ਮਾਰੀਏ ਤਾਂ ਓਹਨਾਂ ਦਾ ਸਮੁੱਚਾ ਜੀਵਨ ਦਰਵੇਸ਼, ਦੇਸ਼ ਭਗਤੀ ਤੇ ਸਮਾਜ ਸੇਵਾ ਵਿੱਚ ਲੀਨ ਰਿਹਾ। ਓਹਨਾਂ ਦਾ ਜਨਮ 09 ਦਸੰਬਰ 1940 ਨੂੰ ਸ੍ਰ ਜੱਸਾ ਸਿੰਘ ਸੰਧੂ ਦੇ ਗ੍ਰਹਿ ਵਿਖੇ ਸਰਦਾਰਨੀ ਬਸੰਤ ਕੌਰ ਸੰਧੂ ਦੀ ਕੁੱਖੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸਾਈਆਂ ਵਾਲਾ ਵਿੱਚ ਹੋਇਆ। ਮੁੱਢਲੀ ਵਿਦਿਆ ਪਿੰਡ ਤੋਂ ਪ੍ਰਾਪਤ ਕਰ ਮਿਡਲ ਦੀ ਪੜਾਈ ਪਿੰਡ ਰੱਤਾਖੇੜਾ ਤੋਂ ਪ੍ਰਾਪਤ ਕੀਤੀ। ਆਪ ਜੀ ਨੇ ਮੈਟ੍ਰਿਕ ਦੀ ਵਿੱਦਿਆ ਇਤਿਹਾਸਿਕ ਪਿੰਡ ਫਿਰੋਜ਼ਸ਼ਾਹ ਤੋਂ ਪ੍ਰਾਪਤ ਕੀਤੀ ਜਿੱਥੇ ਹਾਈ ਜੰਪ ਅਤੇ ਡਿਸਕਸ ਥਰੋ ਵਿੱਚ ਪੰਜਾਬ ਪੱਧਰ ਤੇ ਰਿਕਾਰਡ ਪੈਦਾ ਕੀਤੇ। ਉਪਰੰਤ ਆਪ ਜੀ ਦੇਸ਼ ਸੇਵਾ ਦੀ ਚੇਟਕ ਪੂਰੀ ਕਰਨ ਲਈ ਇੰਡੀਅਨ ਆਰਮੀ ਦੇ ਕੋਰ ਐਮ ਈ ਵਿੱਚ ਬਤੌਰ ਇੰਸਟਰੂਮੈਂਟ ਮਕੈਨਿਕਲ਼ ਇੰਜੀਨੀਅਰ ਭਰਤੀ ਹੋਏ ਜਿੱਥੇ ਆਪ ਜੀ ਨੇ ਨਿੱਠ ਕੇ ਦੇਸ਼ ਦੀ ਸੇਵਾ ਕੀਤੀ । ਆਰਮੀ ਦੀ ਨੌਕਰੀ ਦੌਰਾਨ ਹੀ ਆਪਣੇ ਅਥਲੈਟਿਕਸ, ਹਾਕੀ ਅਤੇ ਵਾਲੀਬਾਲ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਏਥੇ ਹੀ ਆਪ ਜੀ ਨੂੰ ਉੱਡਣਾ ਸਿੱਖ ਮਿਲਖਾ ਸਿੰਘ ਨਾਲ ਪ੍ਰੈਕਟਿਸ ਕਰਨ ਦਾ ਮੌਕਾ ਮਿਲਿਆ।
1973 ਵਿਚ ਆਪ ਜੀ ਦਾ ਵਿਆਹ ਪਿੰਡ ਸ਼ਕੂਰ ਦੇ ਸ. ਗੁਰਾ ਸਿੰਘ ਬਰਾੜ ਅਤੇ ਸਰਦਾਰਨੀ ਕਰਤਾਰ ਕੌਰ ਦੀ ਸਪੁੱਤਰੀ ਬੀਬਾ ਪਰਮਜੀਤ ਕੌਰ ਨਾਲ ਹੋਇਆ।
1983 ਵਿਚ ਆਪ ਜੀ ਨੇ ਬਤੌਰ ਸੂਬੇਦਾਰ ਸੇਵਾਮੁਕਤੀ ਲਈ ਅਤੇ ਕੁੱਝ ਸਮਾਂ ਫੀਲਡ ਅਫ਼ਸਰ ਦੀ ਨੌਕਰੀ ਫਿਰੋਜ਼ਪੁਰ ਵਿਖੇ ਕੀਤੀ । ਉਪਰੰਤ ਟੈਸਟ ਪਾਸ ਕਰਕੇ ਸਟੇਟ ਬੈਂਕ ਆਫ ਪਟਿਆਲਾ ਵਿਖੇ 1984 ਤੋਂ 2000 ਈ ਤੱਕ ਬਤੌਰ ਹੈੱਡ ਕੈਸ਼ੀਅਰ ਵਜੋਂ ਸੇਵਾ ਨਿਭਾਈ। ਸੇਵਾ ਮੁਕਤੀ ਤੋਂ ਬਾਅਦ ਆਪ ਜੀ ਨੇ ਬਤੌਰ ਸਮਾਜ ਸੇਵੀ ਕੰਮਾਂ ਵਿੱਚ ਭਾਗ ਲੈਂਦਿਆਂ ਆਪਣਾ ਰਹਿੰਦਾ ਜੀਵਨ ਗੁਜ਼ਰ-ਬਸਰ ਕੀਤਾ ਅਤੇ ਪਿੰਡ ਤੇ ਇਲਾਕੇ ਦੇ ਉਸਾਰੂ ਕੰਮਾਂ ਵਿੱਚ ਭਾਗ ਲਿਆ। ਇਸ ਦੌਰਾਨ ਆਪ ਜੀ ਨੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਕਮੇਟੀ ਦੇ ਚੇਅਪਰਸਨ ਬਣ ਕੇ ਸੇਵਾ ਨਿਭਾਈ ਅਤੇ ਲੋੜਵੰਦ ਵਿਦਿਆਰਥੀਆਂ ਅਤੇ ਸਕੂਲ ਨੂੰ ਸਮਰਪਿਤ ਜੀਵਨ ਬਸਰ ਕੀਤਾ । ਸੂਬੇਦਾਰ ਹਾਕਮ ਸਿੰਘ ਜਿੱਥੇ ਸਮਾਜ ਸੇਵਾ ਅਤੇ ਦੇਸ਼ ਸੇਵਾ ਵਿੱਚ ਅੱਗੇ ਰਹੇ ਉੱਥੇ ਹੀ ਗਲਤ ਨੀਤੀਆਂ ਵਿਰੁੱਧ ਵੀ ਇੰਡੀਅਨ ਐਕਸ ਸਰਵਿਸ ਲੀਗ ਦੇ ਮੰਚ ਤੋਂ ਹੱਕ ਸੱਚ ਦੀ ਆਵਾਜ਼ ਚੁੱਕਦੇ ਰਹੇ। 26 ਮਈ 2021 ਨੂੰ ਆਪ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਅਜਿਹੀ ਬਹੁਪੱਖੀ ਸ਼ਖ਼ਸੀਅਤ ਦਾ ਤੁਰ ਜਾਣਾ ਦੇਸ਼ ਅਤੇ ਸਮਾਜ ਲਈ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੋ ਨਿਬੜਿਆ, ਜਿਸ ਕਾਰਨ ਅੱਜ ਇਲਾਕੇ ਦੀ ਹਰ ਅੱਖ ਗਮਗੀਨ ਹੈ। ਆਪ ਜੀ ਆਪਣੇ ਮਗਰ ਸਰਦਾਰਨੀ ਪਰਮਜੀਤ ਕੌਰ ਸੰਧੂ, ਡਾ. ਜਗਦੀਪ ਸੰਧੂ ਜ਼ਿਲਾ ਜਨਰਲ ਸਕੱਤਰ ਲੈਕਚਰਾਰ ਯੂਨੀਅਨ ਫਿਰੋਜ਼ਪੁਰ, ਰਾਜਦੀਪ ਸਿੰਘ ਸੰਧੂ ਜਿਲਾ ਪ੍ਰਧਾਨ ਡੀ ਟੀ ਐਫ ਫਿਰੋਜ਼ਪੁਰ, ਮੈਡਮ ਗਗਨਦੀਪ ਕੌਰ ਸੰਧੂ(ਸਾਇੰਸ ਮਿਸਟਰੈਸ), ਮੈਡਮ ਪਵਿੱਤਰਪਾਲ ਕੌਰ ਸੰਧੂ(ਪੰਜਾਬੀ ਮਿਸਟਰੈਸ) ਅਤੇ ਪੋਤੇ-ਪੋਤੀਆਂ ਨੂੰ ਛੱਡ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਏ। ਆਪ ਜੀ ਦੇ ਅਕਾਲ ਚਲਾਣੇ ਤੇ ਸਾਬਕਾ ਸੈਨਿਕ ਭਲਾਈ ਯੂਨੀਅਨ ਪੀ ਐਂਡ ਸੀ, ਬੀ ਕੇ ਯੂ ਡਕੌਂਦਾ,ਬੀ ਕੇ ਯੂ ਉਗਰਾਹਾਂ, ਬੀ ਕੇ ਯੂ ਮਾਨਸਾ, ਬੀ ਕੇ ਯੂ ਸਿੱਧੂਪੁਰ, ਡੀ ਟੀ ਐਫ ਪੰਜਾਬ,ਗੌਰਮੈਂਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ, ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505), ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ, ਈ.ਟੀ.ਯੂ ਪੰਜਾਬ ਜਿਲਾ ਫਿਰੋਜ਼ਪੁਰ, ਵਰਗ ਚੇਤਨਾ ਮੰਚ ਪੰਜਾਬ, ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ, ਸੀ ਪੀ ਐੱਫ ਕਰਮਚਾਰੀ ਯੂਨੀਅਨ ਫਿਰੋਜ਼ਪੁਰ, ਨਾਟਿਅਮ ਜੈਤੋ,ਰਾਜਨੀਤਿਕ ਆਗੂਆਂ, ਲੇਖਕ ਮੰਚ, ਕਲਾ ਤੇ ਸਾਹਿਤ ਨਾਲ ਜੁੜੀਆਂ ਉੱਘੀਆਂ ਸ਼ਖ਼ਸੀਅਤਾਂ ਅਤੇ ਅਦਾਰਿਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਆਪ ਜੀ ਦੀ ਅੰਤਿਮ ਅਰਦਾਸ ਮਿਤੀ 04 ਜੂਨ 2021, ਦਿਨ ਸ਼ੁੱਕਰਵਾਰ ਦੁਪਹਿਰ 12.00 ਵਜੇ ਸ੍ਰੀ ਗੁਰੂਦੁਆਰਾ ਸਾਹਿਬ ਪਿੰਡ ਸਾਈਆਂ ਵਾਲਾ ਜ਼ਿਲ੍ਹਾ ਫਿਰੋਜਪੁਰ ਵਿਖੇ ਹੋਵੇਗੀ। ਸੰਗਤ ਕਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਦਰਸ਼ਨ ਦੇਣ ਦੀ ਕਿਰਪਾਲਤਾ ਕਰੇ ਜੀ।