ਚੌਥੇ ਦਿਨ ਵੀ ਕਲੈਰੀਕਲ ਕਾਮਿਆਂ ਨੇ ਕਲਮ ਛੋੜ ਹੜਤਾਲ ਜਾਰੀ ਰੱਖੀ
ਮੰਗਾਂ ਦੀ ਪੂਰਤੀ ਤੱਕ ਹੜਤਾਲ ਜਾਰੀ ਰੱਖਣ ਦਾ ਐਲਾਨ, ਅੱਜ ਖੜਕਣਗੇ ਪੀਪੇ
ਚੌਥੇ ਦਿਨ ਵੀ ਕਲੈਰੀਕਲ ਕਾਮਿਆਂ ਨੇ ਕਲਮ ਛੋੜ ਹੜਤਾਲ ਜਾਰੀ ਰੱਖੀ
ਮੰਗਾਂ ਦੀ ਪੂਰਤੀ ਤੱਕ ਹੜਤਾਲ ਜਾਰੀ ਰੱਖਣ ਦਾ ਐਲਾਨ
ਅੱਜ ਖੜਕਣਗੇ ਪੀਪੇ
ਫਿਰੋਜ਼ਪੁਰ 13 ਅਕਤੂਬਰ 2022 : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਸੂਬਾ ਬਾਡੀ ਵੱਲੋ ਲਏ ਗਏ ਫੈਸਲੇ ਮੁਤਾਬਿਕ ਜਿ਼ਲ੍ਹਾ ਫਿਰੋਜ਼ਪੁਰ ਦਾ ਸਮੂਹ ਕਲੈਰੀਕਲ ਅਮਲਾ ਅੱਜ ਚੌਥੇ ਦਿਨ ਵੀ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਤੇ ਰਿਹਾ ਜਿਸ ਕਾਰਨ ਜਿ਼ਲ੍ਹੇ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਕੰਮ ਕਾਜ ਪੂਰੀ ਤਰ੍ਹਾ ਠੱਪ ਰਿਹਾ । ਅੱਜ ਦੀ ਕਲਮ ਛੋੜ ਹੜਤਾਲ ਦੌਰਾਨ ਪੀ.ਐਸ.ਐਮ.ਐਸ.ਯੂ. ਦੀ ਜਿ਼ਲ੍ਹਾ ਇਕਾਈ ਦੇ ਪ੍ਰਧਾਨ ਮਨੋਹਰ ਲਾਲ, ਪਿੱਪਲ ਸਿੰਘ ਸਿੱਧੂ ਜਿ਼ਲ੍ਹਾ ਜਨਰਲ ਸਕੱਤਰ, ਪ੍ਰਦੀਪ ਵਿਨਾਇਕ ਜਿ਼ਲ੍ਹਾ ਖਜ਼ਾਨਚੀ, ਜਗਸੀਰ ਸਿੰਘ ਭਾਂਗਰ ਜਿ਼ਲ੍ਹਾ ਪ੍ਰਧਾਨ ਸੀ.ਪੀ.ਐਫ.ਕਰਮਚਾਰੀ ਯੂਨੀਅਨ, ਅਸ਼ੋਕ ਕੁਮਾਰ ਸੂਬਾ ਜਨਰਲ ਸਕੱਤਰ ਕਮਿ਼ਸਨਰ ਦਫਤਰ ਕਰਮਚਾਰੀ ਯੂਨੀਅਨ, ਪਰਮਿੰਦਰ ਸਿੰਘ ਭੂਮੀ ਰੱਖਿਆ, ਸੋਨੂੰ ਕਸ਼ਅਪ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਦੀਪਕ ਲੂੰਬਾ ਜਨਰਲ ਸਕੱਤਰ ਕਮਿਸ਼ਨਰ ਦਫਤਰ, ਯਾਦਵਿੰਦਰ ਸਿੰਘ ਸੂਬਾ ਜਨਰਲ ਸਕੱਤਰ ਕਮਿ਼ਸਨਰ ਦਫਤਰ ਕਰਮਚਾਰੀ ਯੂਨੀਅਨ, ਪਰਮਵੀਰ ਮੌਗਾ ਪ੍ਰਧਾਨ ਸਿਹਤ ਵਿਭਾਗ, ਸੁਖਚੈਨ ਸਿੰਘ ਖੇਤੀਬਾੜੀ ਵਿਭਾਗ ਸਮੇਤ ਮੁਲਾਜ਼ਮਾਂ ਦੇ ਵੱਡੇ ਇਕੱਠ ਸਮੇਤ ਵੱਖ ਵੱਖ ਦਫਤਰਾਂ ਦਾ ਦੌਰਾ ਕਰਕੇ ਹੜਤਾਲੀ ਕਰਮਚਾਰੀਆਂ ਨਾਲ ਮਿਲਕੇ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਹਰੇਬਾਜ਼ੀ ਕੀਤੀ ।
ਅੱਜ ਦੀ ਕਲਮ ਛੋੜ ਹੜਤਾਲ ਦੌਰਾਨ ਲੋਕ ਨਿਰਮਾਣ ਵਿਭਾਗ, ਜਿ਼ਲ੍ਹਾ ਸਿੱਖਿਆ ਦਫਤਰ, ਜਿ਼ਲ੍ਹਾ ਖਜ਼ਾਨਾ ਦਫਤਰ, ਡੀ.ਸੀ. ਦਫਤਰ, ਐਸ.ਡੀ.ਐਮ ਦਫਤਰ, ਸਿਵਲ ਸਰਜਨ ਦਫਤਰ, ਫੂਡ ਸਪਲਾਈ ਦਫਤਰ, ਤਹਿਸੀਲ ਦਫਤਰ, ਰੋਜ਼ਗਾਰ ਦਫਤਰ, ਖੇਤੀਬਾੜੀ ਵਿਭਾਗ, ਭਾਸ਼ਾ ਵਿਭਾਗ, =ਅਲਤਬਸਕਮਿਸ਼ਨਰ ਦਫਤਰ, ਫਿਰੋਜਪੁਰ, ਜਲ ਸਰੋਤ ਵਿਭਾਗ, ਜਲ ਸਪਲਾਈ ਅਤੇ ਸੈਨੀਟੈਸ਼ਨ ਵਿਭਾਗ, ਕਰ ਅਤੇ ਆਬਕਾਰੀ ਵਿਭਾਗ, ਪੰਜਾਬ ਰੋਡਵੇਜ਼, ਜੰਗਲਾਤ ਵਿਭਾਗ, ਭੁਮੀ ਰੱਖਿਆ ਵਿਭਾਗ, ਆਈ.ਟੀ.ਆਈ., ਪੋਲੀਟੈਕਨੀਕਲ ਕਾਲਜ ਆਦਿ ਦਫਤਰਾਂ ਵਿਚ ਸੰਪਰੂਨ ਕਲਮ ਛੋੜ ਹੜਤਾਲ ਰਹੀ। ਅੱਜ ਦੀ ਜਿ਼ਲ੍ਹਾ ਪੱਧਰੀ ਰੈਲੀ ਜਲ ਸਰੋਤ ਵਿਭਾਗ ਦੇ ਕੰਪਲੈਕਸ ਨਹਿਰ ਕਾਲੌਨੀ ਵਿਖੇ ਕੀਤੀ ਗਈ ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਸੈਕੜੇ ਕਰਮਚਾਰੀਆਂ ਨੇ ਭਾਗ ਲਿਆ। ਇਸ ਮੌਕੇ ਜਸਮੀਤ ਸਿੰਘ ਸੈਡੀ ਪ੍ਰਧਾਨ ਜਲ ਸਰੋਤ ਵਿਭਾਗ, ਦਰਸ਼ਨ ਸਿੰਘ ਚੇਅਰਮੈਨ, ਗੁਰਪ੍ਰੀਤ ਔਲਖ, ਜਰਨੈਲ ਸਿੰਘ, ਗੱਬਰ ਸਿੰਘ, ੳਸ਼ਸ਼ਾ ਰਾਣੀ, ਫਰਾਂਸਿਸ ਭੱਟੀ, ਤੇਜਿੰਦਰ ਸਿੰਘ ਮੁਲਾਜ਼ਮ ਫੈਡਰੇਸ਼ਨ ਜਲ ਸਰੋਤ ਵਿਭਾਗ, ਵਿਕਰਮ ਅਛੂਤ, ਗੌਰਵ ਦੁੱਗਲ, ਜਲ ਸਪਲਾਈ ਵਿਭਾਗ, ਵਿਕਰਾਂਤ ਖੁਰਾਣਾ ਪ੍ਰਧਾਨ ਕਮਿ਼ਸਨਰ ਦਫਤਰ, ਵਰੁਣ ਕੁਮਾਰ ਪ੍ਰਧਾਨ ਸਿੱਖਿਆ ਵਿਭਾਗ, ਗੁਰਤੇਜ ਸਿੰਘ ਬਰਾੜ ਪੰਜਾਬ ਰੋਡਵੇਜ਼, ਅਮਨਦੀਪ ਖਜ਼ਾਨਾ ਦਫਤਰ, ਵਿਜੇ ਕੁਮਾਰ, ਸ਼ੀਤਲ ਅਸੀਜਾ, ਰਾਜ ਕੁਮਾਰ, ਸੌਰਭ ਸੱਚਦੇਵਾ ਲੋਕ ਨਿਰਮਾਣ ਵਿਭਾਗ, ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਸਰਕਾਰ ਵੱਲੋ ਮੁਲਾਜ਼ਮ ਮੰਗਾਂ ਵੱਲ ਧਿਆਨ ਨਾ ਦੇਣ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਦੀ ਕੀਤੀ ।
ਉਕਤ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪੁਰਾਣੀ ਪੈਨ਼ਸਨ ਸਕੀਮ ਜਲਦੀ ਬਹਾਲ ਕੀਤੀ ਜਾਵੇ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਲਦੀ ਜਾਰੀ ਕੀਤੀਆਂ ਜਾਣ, ਪਰਖ ਕਾਲ ਸਮੇ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ, ਸੂਬੇ ਦੇ ਮੁਲਾਜ਼ਮਾਂ ਤੇ ਕੇਦਰੀ ਸਕੇਲ ਨਾ ਥੋਪੇ ਜਾਣ । ਉਕਤ ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮ ਮੰਗਾਂ ਦੀ ਪੂਰਤੀ ਜਲਦੀ ਨਾ ਕੀਤੀ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਬਾਦਸਤੂਰ ਜਾਰੀ ਰਹੇਗਾ। ਉਕਤ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਇਹ ਮੰਗਾਂ ਦੀ ਪੂਰਤੀ ਤੱਕ ਕਲਮ ਛੋੜ ਹੜਤਾਲ ਜਾਰੀ ਰਹੇਗੀ ਅਤੇ 14 ਅਕਤੂਬਰ ਨੂੰ ਪੀਪੇ ਖੜਕਾਕੇ ਰੋਸ ਮਾਰਚ ਕੀਤਾ ਜਾਵੇਗਾ।