Ferozepur News

ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ ‘ਪਾਣੀ ਤੋਂ ਪਿਆਸ ਤੱਕ’ ‘ਤੇ ਵਿਚਾਰ-ਚਰਚਾ ਹੋਈ

ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ 'ਪਾਣੀ ਤੋਂ ਪਿਆਸ ਤੱਕ' 'ਤੇ ਵਿਚਾਰ-ਚਰਚਾ ਹੋਈ

ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ ‘ਪਾਣੀ ਤੋਂ ਪਿਆਸ ਤੱਕ’ ‘ਤੇ ਵਿਚਾਰ-ਚਰਚਾ ਹੋਈ

ਫਿਰੋਜ਼ਪੁਰ, 19 ਅਕਤੂਬਰ, 2022: ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਦੇ ਸਹਿਯੋਗ ਨਾਲ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਨੌਜਵਾਨ ਸ਼ਾਇਰ ਡਾ. ਸਤੀਸ਼ ਠੁਕਰਾਲ ਸੋਨੀ ਦੇ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ ‘ਪਾਣੀ ਤੋਂ ਪਿਆਸ ਤੱਕ’ ‘ਤੇ ਵਿਚਾਰ-ਚਰਚਾ ਹੋਈ।

ਸਮਾਗਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਤੋਂ ਬਾਅਦ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲੇਖਾਰੀ ਨਾਨਕਾ’ ਦੇ ਵਾਦਨ ਨਾਲ ਹੋਈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਾਵਿ-ਸੰਗ੍ਰਹਿ ਪਾਣੀ ਅਤੇ ਪਿਆਸ ਦੇ ਮੈਟਾਫਰਾਂ ਰਾਹੀਂ ਜੀਵਨ ਦੇ ਸਦੀਵੀਂ ਮਸਲਿਆਂ ਦੀ ਬਾਤ ਪਾਉਂਦਾ ਹੈ ।

ਉਨ੍ਹਾਂ ਨੇ ਭਾਸ਼ਾ ਵਿਭਾਗ ਦੇ ਕਾਰਜਾਂ ਬਾਰੇ ਵੀ ਸੰਖੇਪ ਰੂਪ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਉੱਘੇ ਕਵੀ, ਨਾਟਕਕਾਰ ਅਤੇ ਆਲੋਚਕ ਡਾ. ਕੁਲਦੀਪ ਸਿੰਘ ਦੀਪ ਨੇ ਇਸ ਕਾਵਿ-ਸੰਗ੍ਰਹਿ ਉੱਤੇ ਅਕਾਦਮਿਕ ਸ਼ੈਲੀ ਵਿੱਚ ਬੇਹੱਦ ਖੋਜ ਭਰਪੂਰ ਖੋਜ-ਪੱਤਰ ਪੜ੍ਹਿਆ। ਡਾ. ਦੀਪ ਅਨੁਸਾਰ ਸਤੀਸ਼ ਠੁਕਰਾਲ ਸੋਨੀ ਦਾ ਇਹ ਕਾਵਿ-ਸੰਗ੍ਰਹਿ ਪਾਣੀ ਤੋਂ ਪਿਆਸ ਤੱਕ ਦੀ ਯਾਤਰਾ ਹੈ ਜਿਸ ਵਿੱਚ ਉਨ੍ਹਾਂ ਨੇ ਪਾਣੀ ਨੂੰ ਮਨੁੱਖ ਦੀ ਮੂਲ ਊਰਜਾ ਕਹਿੰਦਿਆਂ ਇਹ ਸਥਾਪਤ ਕੀਤਾ ਕਿ ਸੋਨੀ ਦੀ ਪਿਆਸ ਕਈ ਧਰਾਤਲਾਂ ‘ਤੇ ਵਿਚਰਦੀ ਹੈ ਜਿਸ ਵਿੱਚੋਂ ਜੀਵਨ ਦੀਆਂ ਗੰਭੀਰ ਵਿਸੰਗਤੀਆਂ ਨਾਲ਼ ਸੰਵਾਦ ਰਚਾਇਆ ਗਿਆ ਹੈ।

ਡਾ. ਦੀਪ ਦੀ ਗੱਲ ਨੂੰ ਅੱਗੇ ਤੋਰਦਿਆਂ ਪ੍ਰੋ. ਜਸਪਾਲ ਘਈ ਨੇ ਇਸ ਕਾਵਿ-ਸੰਗ੍ਰਹਿ ਬਾਰੇ ਵੱਖਰੇ ਦ੍ਰਿਸ਼ਟੀਕੋਣ ਤੋਂ ਟਿੱਪਣੀ ਕਰਦਿਆਂ ਲੇਖਕ ਅਤੇ ਪਾਠਕ ਦੇ ਸਬੰਧਾਂ ਬਾਰੇ ਵਿਸਤ੍ਰਿਤ ਰੂਪ ਵਿੱਚ ਚਾਨਣਾ ਪਾਇਆ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸ਼੍ਰੋਮਣੀ ਕਵੀ ਸ਼੍ਰੀ ਬਲਵਿੰਦਰ ਸੰਧੂ, ‘ਹੁਣ’ ਦੇ ਸੰਪਾਦਕ ਸੁਸ਼ੀਲ ਦੋਸਾਂਝ, ਉੱਘੇ ਕਹਾਣੀਕਾਰ ਦੀਪ ਦਵਿੰਦਰ ਨਾਭਾ, ਰਚਨਾ ਵਿਚਾਰ-ਮੰਚ ਦੇ ਸਕੱਤਰ ਜਨਰਲ ਡਾ. ਜੈਨਿੰਦਰ ਚੌਹਾਨ ਅਤੇ ਹੀਰੋ ਪਬਲਿਕ ਸਕੂਲ ਮਖੂ ਦੇ ਨਿਰਦੇਸ਼ਕ ਹਰਪ੍ਰੀਤ ਸਿੰਘ ਹੀਰੋ ਨੇ ਜਿੱਥੇ ਡਾ. ਸਤੀਸ਼ ਠੁਕਰਾਲ ਸੋਨੀ ਨੂੰ ਇਸ ਕਾਵਿ-ਸੰਗ੍ਰਹਿ ਲਈ ਮੁਬਾਰਕਾਂ ਦਿੱਤੀਆਂ ਉੱਥੇ ਇਸ ਕਾਵਿ-ਸੰਗ੍ਰਹਿ ਬਾਰੇ ਮੁੱਲਵਾਨ ਟਿੱਪਣੀਆਂ ਕਰਦਿਆਂ ਕਿਹਾ ਕਿ ਇਹ ਕਾਵਿ-ਸੰਗ੍ਰਹਿ ਜੀਵਨ ਦੀਆਂ ਵਿਭਿੰਨ ਪਰਤਾਂ ਦਾ ਚਿੰਤਨ-ਮੰਥਨ ਕਰਦਿਆਂ ਸਵਾਲ ਖੜ੍ਹੇ ਕਰਦਾ ਹੈ ਅਤੇ ਇਹਨਾਂ ਸਵਾਲਾਂ ਦੀ ਰੰਗਤ ਕਿਤੇ-ਕਿਤੇ ਦਾਰਸ਼ਨਿਕ ਵੀ ਨਜ਼ਰ ਆਉਂਦੀ ਹੈ।

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਕੇਂਦਰੀ ਪੰਜਾਬੀ ਲੇਖਕ ਸਭਾ, ਰਜਿ. ਦੇ ਪ੍ਰਧਾਨ ਅਤੇ ਸਾਹਿਤ ਅਕਾਦਮਿਕ ਪੁਰਸਕਾਰ ਜੇਤੂ ਸ਼ਾਇਰ ਦਰਸ਼ਨ ਬੁੱਟਰ ਅਨੁਸਾਰ ਡਾ. ਸਤੀਸ਼ ਠੁਕਰਾਲ ਸੋਨੀ ਇੱਕ ਸਮਰੱਥ ਸ਼ਾਇਰ ਹੈ, ਜੋ ਸ਼ਾਇਰੀ ਦੀ ਰਮਜ਼ ਸਮਝਦਾ ਹੈ ਅਤੇ ਨਿਰੰਤਰ ਵੱਖ-ਵੱਖ ਵਿਧਾਵਾਂ ਵਿੱਚ ਵੀ ਨਿਰੰਤਰ ਕਾਰਜਸ਼ੀਲ ਹੈ। ਇਹ ਬਹੁ-ਪਸਾਰੀ ਹੁਨਰ ਇਹਨਾਂ ਦੀ ਪ੍ਰਾਪਤੀ ਹੈ।

ਸਮਾਗਮ ਦੇ ਮੁੱਖ ਮਹਿਮਾਨ ਸ. ਬਖ਼ਤਾਵਰ ਸਿੰਘ (ਆਈ.ਏ.ਐੱਸ.) ਨੇ ਇਸ ਕਾਵਿ-ਸੰਗ੍ਰਹਿ ਦੇ ਅਧਿਆਤਮਿਕ ਪਾਸਾਰਾਂ ਬਾਰੇ ਚਰਚਾ ਕੀਤੀ| ਇਸ ਮੌਕੇ ‘ਤੇ ਡਾ. ਸੁਨੀਤਾ ਠੁਕਰਾਲ, ਡਾ. ਨਵਰੀਤ ਕੌਰ, ਅਮਰਜੀਤ ਛਾਬੜਾ, ਸਾਬਕਾ ਐੱਮ. ਸੀ. ਦਰਸ਼ਨ ਸਿੰਘ, ਕੀਮਤੀ ਨਰੂਲਾ, ਨਰੇਸ਼ ਬਜਾਜ, ਹਰਭਿੰਦਰ ਸਿੰਘ ਪੀਰ ਮੁਹੰਮਦ, ਹਰਚਰਨ ਸਿੰਘ ਚੋਲਾ, ਪ੍ਰਤਾਪ ਹੀਰਾ, ਦੀਪਕ ਗਰੋਵਰ ਮੱਲਾਂ ਵਾਲਾ, ਸਮੀਰ ਅਰੋੜਾ, ਸਰਬਜੀਤ ਮੱਲਾਂ ਵਾਲਾ, ਮਾਸਟਰ ਬਲਜਿੰਦਰ ਸਿੰਘ ਮਖੂ, ਮੈਡਮ ਊਸ਼ਾ, ਬਲਜਿੰਦਰ ਮਾਂਗਟ, ਡਾ. ਮੋਹਣ ਅੰਮ੍ਰਿਤਸਰ, ਅਤੇ ਸੀਨੀਅਰ ਸਹਾਇਕ ਸ਼੍ਰੀ ਰਮਨ ਕੁਮਾਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button