Ferozepur News
ਆਬਕਾਰੀ ਵਿਭਾਗ ਨੇ 2025-26 ਲਈ ਸ਼ਰਾਬ ਦੀਆਂ ਦੁਕਾਨਾਂ ਅਲਾਟ ਕੀਤੀਆਂ, ਸਿਹਤ ਖਤਰਿਆਂ ਤੋਂ ਬਚਣ ਲਈ ਨਾਜਾਇਜ਼ ਸ਼ਰਾਬ ਵਿਰੁੱਧ ਚੇਤਾਵਨੀ ਦਿੱਤੀ
ਆਬਕਾਰੀ ਵਿਭਾਗ ਨੇ 2025-26 ਲਈ ਸ਼ਰਾਬ ਦੀਆਂ ਦੁਕਾਨਾਂ ਅਲਾਟ ਕੀਤੀਆਂ, ਸਿਹਤ ਖਤਰਿਆਂ ਤੋਂ ਬਚਣ ਲਈ ਨਾਜਾਇਜ਼ ਸ਼ਰਾਬ ਵਿਰੁੱਧ ਚੇਤਾਵਨੀ ਦਿੱਤੀ
ਫਿਰੋਜ਼ਪੁਰ, 31-3-2025: ਜਿਲ੍ਹਾ ਫਿਰੋਜ਼ਪੁਰ ਵਿੱਚ ਸਾਲ 2025—26 ਲਈ ਸ਼ਰਾਬ ਦੇ ਦੇਸ਼ੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਸਬੰਧੀ ਸਹਾਇਕ ਕਮਿਸ਼ਨਰ ਆਬਕਾਰੀ ਸ਼੍ਰੀ ਰਣਧੀਰ ਸਿੰਘ ਨੇ ਦੱਸਿਆ ਕਿ ਇਸ ਸਾਲ ਜਿਲ੍ਹਾ ਫਿਰੋਜ਼ਪੁਰ ਨੂੰ ਤਿੰਨ ਆਬਕਾਰੀ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਤਿੰਨਾਂ ਗਰੁੱਪਾਂ ਦੀ ਅਲਾਟਮੈਂਟ ਆਨ—ਲਾਈਨ ਟੈਂਡਰ ਰਾਹੀਂ ਕੀਤੀ ਗਈ ਹੈ। ਫਿਰੋਜ਼ਪੁਰ ਸ਼ਹਿਰ ਗਰੁੱਪ ਮੈਸ: ਫਿਰੋਜ਼ਪੁਰ ਲਿਕੁਰ ਫਰਮ ਨੂੰ ਈ—ਟੈਂਡਰ ਰਾਹੀਂ ਰਕਮ 59,22,99,999/— ਰੁਪਏ ਵਿੱਚ ਅਲਾਟ ਹੋਇਆ। ਫਿਰੋਜ਼ਪੁਰ ਕੈਟ ਗਰੁੱਪ ਮੈਸ: ਯੂਨੀਵਰਸਲ ਲਿਕੁਰ ਨੂੰ ਈ—ਟੈਂਡਰ ਰਾਹੀਂ ਰਕਮ 55,55,55,555/— ਰੁਪਏ ਵਿੱਚ ਅਲਾਟ ਹੋਇਆ ਅਤੇ ਜ਼ੀਰਾ ਗਰੁੱਪ ਅਲਤਜਾ ਚੋਝਰ ਨੂੰ ਰਕਮ 52,52,52,528/— ਰੁਪਏ ਵਿੱਚ ਅਲਾਟ ਹੋਇਆ। ਇਸ ਸਾਲ ਜਿਲ੍ਹਾ ਫਿਰੋਜ਼ਪੁਰ ਦਾ ਕੁੱਲ ਆਬਕਾਰੀ ਮਾਲੀਆ ਰਕਮ 167,31,08,082/— ਰੁਪਏ ਨਿਰਧਾਰਿਤ ਹੋਇਆ ਹੈ। ਜੋ ਕਿ ਪਿਛਲੇ ਸਾਲ ਦੇ ਮਾਲੀਏ ਤੋਂ 29.55 ਕਰੋੜ ਰੁਪਏ ਵੱਧ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਆਬਕਾਰੀ ਵਿਭਾਗ ਦੁਆਰਾ ਪੁਲਿਸ ਵਿਭਾਗ ਫਿਰੋਜ਼ਪੁਰ ਦੀ ਸਹਾਇਤਾ ਨਾਲ ਪਿਛਲੇ ਸਾਲ ਦੌਰਾਨ ਵੱਖ—ਵੱਖ ਰੇਡਾਂ ਵਿੱਚ 9,18,695 ਲੀਟਰ ਲਾਹਣ, 9,657 ਲੀਟਰ ਨਜਾਇਜ਼ ਸ਼ਰਾਬ, 3349 ਬੋਤਲਾਂ ਅੰਗਰੇਜ਼ੀ ਸ਼ਰਾਬ, 3436 ਬੋਤਲਾਂ ਬੀਅਰ ਅਤੇ 103 ਬੋਤਲਾਂ ਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ ਅਤੇ 97 ਆਬਕਾਰੀ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ।
ਸਹਾਇਕ ਕਮਿਸ਼ਨਰ ਆਬਕਾਰੀ ਸ਼੍ਰੀ ਰਣਧੀਰ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਵਧੀਆਂ ਆਬਕਾਰੀ ਨੀਤੀ, ਆਬਕਾਰੀ ਕਮਿਸ਼ਨਰ ਪੰਜਾਬ ਸ਼੍ਰੀ ਵਰੁਣ ਰੂਜ਼ਮ ਦੀ ਅਗਵਾਈ ਵਿੱਚ ਵਿਭਾਗ ਦੁਆਰਾ ਵੱਧ ਤੋਂ ਵੱਧ ਮਾਲੀਆ ਇਕੱਤਰ ਕਰਣ ਦੀ ਭਰਪੂਰ ਕੋਸਿ਼ਸ਼ ਕੀਤੀ ਜਾਂਦੀ ਹੈ। ਉਪ ਕਮਿਸ਼ਨਰ ਆਬਕਾਰੀ ਫਿਰੋਜ਼ਪੁਰ ਜ਼ੋਨ ਸ਼੍ਰੀ ਪਵਨਜੀਤ ਸਿੰਘ ਜੀ ਦੀ ਸੁਪਰਵਿਜ਼ਨ ਵਿੱਚ ਇਸ ਸਾਲ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੌਰਾਨ 21.50# ਦਾ ਵਾਧਾ ਹੋਇਆ ਹੈ। ਆਬਕਾਰੀ ਅਫ਼ਸਰ ਫਿਰੋਜ਼ਪੁਰ ਸ਼੍ਰੀ ਰਜ਼ਨੀਸ਼ ਬੱਤਰਾ ਨੇ ਦੱਸਿਆ ਕਿ ਜਿਲ੍ਹਾ ਫਿਰੋਜ਼ੁਪਰ ਵਿੱਚ 222 ਸ਼ਰਾਬ ਦੇ ਠੇਕੇ ਹਨ ਅਤੇ ਹਰੇਕ ਠੇਕੇਦਾਰ ਆਪਣੇ ਗਰੁੱਪ ਵਿੱਚ ਆਬਕਾਰੀ ਨੀਤੀ ਅਨੁਸਾਰ ਬਣਦੀ ਫੀਸ ਭਰਵਾ ਕੇ ਮਾਡਲ ਸ਼ਾਪ ਅਤੇ ਬੀਅਰ ਸ਼ਾਪ ਵੀ ਖੋਲ ਸਕਦਾ ਹੈ। ਆਬਕਾਰੀ ਅਫ਼ਸਰ ਨੇ ਆਮ ਪਬਲਿਕ ਨੂੰ ਬੇਨਤੀ ਵੀ ਕੀਤੀ ਕਿ ਉਹ ਸ਼ਰਾਬ ਪੰਜਾਬ ਸਰਕਾਰ ਦੇ ਸ਼ਰਾਬ ਦੇ ਠੇਕਿਆਂ ਤੋਂ ਲੈ ਕੇ ਹੀ ਪੀਣ ਅਤੇ ਨਜਾਇਜ਼ ਸ਼ਰਾਬ ਪੀਣ ਤੋਂ ਬਚਣ ਜੋ ਕਿ ਜਾਨਲੇਵਾ ਵੀ ਹੋ ਸਕਦੀ ਹੈ।