ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਵੱਲੋਂ ਲੋਕਾਂ ਦੀ ਸਹੂਲਤ ਲਈ ਲੋਕ ਸੁਵਿਧਾ ਕੈਂਪ ਦਾ ਆਯੋਜਨ
ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ ਮੌਕੇ ਤੇ ਹੀ ਭਰੇ ਗਏ ਫਾਰਮ
ਹਲਕਾ ਵਾਸੀਆਂ ਦੀਆਂ ਜ਼ਿਆਦਾਤਰ ਮੁਸ਼ਕਲਾਂ ਦਾ ਮੌਕੇ ਤੇ ਹੋਇਆ ਨਿਪਟਾਰਾ
ਸ਼ਹਿਰ ਅੰਦਰ ਜਲਦ ਹੀ 4000 ਹਜ਼ਾਰ ਐਲ.ਈ.ਡੀ ਲਾਈਟਾਂ ਲਗਾਈਆਂ ਜਾਣਗੀਆਂ
ਫ਼ਿਰੋਜ਼ਪੁਰ 07 ਮਾਰਚ 2018 ( ) ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਵਾਸੀਆਂ ਅਤੇ ਹਲਕੇ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਵੱਲੋਂ ਦਾਣਾ ਮੰਡੀ ਫ਼ਿਰੋਜ਼ਪੁਰ ਸ਼ਹਿਰ ਵਿਖੇ ਵਿਸ਼ੇਸ਼ ਲੋਕ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਲੋਕਾਂ ਨੂੰ ਪਹੁੰਚ ਕੇ ਵੱਖ-ਵੱਖ ਵਿਭਾਗਾਂ ਦੀਆਂ ਸਰਕਾਰੀ ਸਕੀਮਾਂ ਦਾ ਲਾਭ ਉਠਾਇਆ। ਇਸ ਮੌਕੇ ਐਸ.ਡੀ.ਐਮ ਸ੍ਰ: ਹਰਜੀਤ ਸਿੰਘ ਸੰਧੂ ਵੀ ਹਾਜ਼ਰ ਸਨ।
ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਦੇਣਾ ਅਤੇ ਲੋਕਾਂ ਦੀਆਂ ਮੁਸ਼ਕਲਾਂ/ਸ਼ਿਕਾਇਤਾਂ ਦਾ ਹੱਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਦੇ ਪੈਨਸ਼ਨਾਂ, ਸੀਨੀਅਰ ਸਿਟੀਜ਼ਨ ਤੇ ਅੰਗਹੀਣ ਵਿਅਕਤੀਆਂ ਦੇ ਸ਼ਨਾਖ਼ਤੀ ਕਾਰਡ, ਰਾਸ਼ਨ ਕਾਰਡ, ਆਧਾਰ ਕਾਰਡ, ਜਾਤੀ ਪ੍ਰਮਾਣ ਪੱਤਰ, ਰੈਜੀਡੈਂਸ ਸਰਟੀਫਿਕੇਟਾਂ ਆਦਿ ਦੇ ਫਾਰਮ ਭਰਨ ਸਮੇਤ ਹੋਰ ਕਈ ਸੁਵਿਧਾਵਾਂ ਲੋਕਾਂ ਨੂੰ ਮੌਕੇ ਤੇ ਹੀ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਹਲਕੇ ਵਿਚ ਜਲਦ ਹੀ ਗ਼ਰੀਬੀ ਰੇਖਾ ਤੋਂ ਹੇਠਾਂ ਲੋਕਾਂ ਵਾਸਤੇ ਪ੍ਰਧਾਨ ਮੰਤਰੀ ਗਰਾਮੀਣ ਆਵਾਸ ਯੋਜਨਾ ਤਹਿਤ ਪੱਕੇ ਮਕਾਨ ਵੀ ਬਣਾਕੇ ਦਿੱਤੇ ਜਾਣ ਦੀ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੈਂਪ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਜ਼ਿਆਦਾਤਰ ਮੁਸ਼ਕਲਾਂ ਦਾ ਮੌਕੇ ਤੇ ਹੱਲ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਲੋਕਾਂ ਦੀ ਸਹੂਲਤਾਂ ਲਈ ਇਸੇ ਤਰ੍ਹਾਂ ਹੀ ਹੋਰ ਕੈਂਪ ਵੀ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿਚ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਜਲਦ ਤੋਂ ਜਲਦ ਹੀ ਲਿਫ਼ਟਿੰਗ ਤੇ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਹਲਕੇ ਵਿਚ ਪਾਣੀ ਦੀ ਸਮੱਸਿਆ ਦੇ ਹੱਲ ਲਈ 13 ਨਵੇਂ ਟਿਊਬਵੈੱਲ ਲਗਾਏ ਗਏ ਹਨ ਅਤੇ ਇਸ ਤੋਂ ਇਲਾਵਾ ਵੀ ਜਿੱਥੇ ਪਾਣੀ ਜਾ ਸੀਵਰੇਜ ਦੀ ਕੋਈ ਸਮੱਸਿਆ ਹੋਵੇਗੀ ਉਸ ਦਾ ਵੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ 4000 ਹਜ਼ਾਰ ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਵੀ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰਾਗੜ੍ਹੀ ਗੁਰਦੁਆਰੇ ਵਾਸਤੇ 5 ਕਰੋੜ ਤੇ ਹੁਸੈਨੀਵਾਲਾ ਬਾਰਡਰ ਵਿਖੇ ਸ਼ਹੀਦੀ ਸਮਾਰਕ ਦੇ ਕੰਮ ਲਈ 10 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਤੋਂ ਮਨਜ਼ੂਰ ਕਰਵਾਈ ਗਈ ਹੈ। ਲੋਕਾਂ ਦੀ ਸਿਹਤ ਸਹੂਲਤ ਵਾਸਤੇ ਜਲਦ ਹੀ ਪੀ.ਜੀ.ਆਈ ਸੈਟੇਲਾਈਟ ਸੈਂਟਰ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਸਿਹਤ ਸਹੂਲਤ ਦੇ ਨਾਲ ਕਰੀਬ 10 ਹਜ਼ਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੋਵੇਗਾ ਇਸ ਤੋਂ ਇਲਾਵਾ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਮੈਡੀਕਲ ਦੁਕਾਨਾਂ ਖੋਲੀਆਂ ਜਾ ਰਹੀਆਂ ਹਨ, ਜਿੱਥੇ ਬਹੁਤ ਹੀ ਘੱਟ ਤੇ ਸਸਤੇ ਰੇਟਾਂ ਵਿਚ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਹਲਕਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਉਹ ਹਲਕੇ ਨੂੰ ਵਿਕਾਸ ਪੱਖੋਂ ਰਾਜ ਦਾ ਸਭ ਤੋਂ ਵਧੀਆਂ ਹਲਕਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ।
ਇਸ ਮੌਕੇ ਐਸ.ਡੀ.ਐਮ ਸ੍ਰ: ਹਰਜੀਤ ਸਿੰਘ ਸੰਧੂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ: ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਕੈਂਪ ਦੌਰਾਨ ਲੋਕਾਂ ਵੱਲੋਂ ਭਰਵਾਏ ਗਏ ਫਾਰਮਾਂ ਨੂੰ ਸਬੰਧਤ ਵਿਭਾਗਾਂ ਨੂੰ ਭੇਜ ਕੇ ਜਲਦ ਹੀ ਲੋਕਾਂ ਨੂੰ ਇਹ ਸਰਕਾਰੀ ਸਕੀਮਾਂ ਦਾ ਲਾਭ ਦੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਜਿਵੇਂ ਕਿ ਬੁਢਾਪਾ ਅਤੇ ਵਿਧਵਾ ਪੈਨਸ਼ਨ, ਸ਼ਗਨ ਸਕੀਮ, ਬੇਟੀ ਬਚਾਓ ਬੇਟੀ ਪੜ੍ਹਾਓ, ਨੀਲੇ ਕਾਰਡ, ਪੱਕੇ ਮਕਾਨਾਂ ਦੇ ਲਈ ਗਰਾਂਟ, ਪਸ਼ੂ ਪਾਲਣ ਅਤੇ ਜਨਨੀ ਸੁਰੱਖਿਆ ਸਕੀਮ ਸਮੇਤ ਹੋਰ ਕਈ ਸਕੀਮਾਂ ਦੀ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਲੋਕਾਂ ਨੂੰ ਅਪੀਲ ਕੀਤੀ।
ਇਸ ਮੌਕੇ ਐਸ.ਪੀ ਅਜਮੇਰ ਸਿੰਘ ਬਾਠ, ਬੀ.ਡੀ.ਪੀ.ਓ ਸ੍ਰ; ਪਿਆਰਾ ਸਿੰਘ, ਡੀ.ਐੱਸ.ਪੀ. ਐੱਮ.ਐੱਸ. ਔਲਖ, ਤਹਿਸੀਲਦਾਰ ਸ੍ਰ. ਮਨਜੀਤ ਸਿੰਘ, ਡਾ: ਪ੍ਰਦੀਪ ਅਗਰਵਾਲ ਐਸ.ਐਮ.ਓ, ਡੀ.ਐਫ.ਐਸ.ਸੀ ਬਲਰਾਜ ਸਿੰਘ, ਤਿਲਕ ਰਾਜ ਪ੍ਰਧਾਨ ਆੜਤੀ ਐਸੋਸੀਏਸ਼ਨ, ਸ੍ਰ: ਹਰਿੰਦਰ ਖੋਸਾ, ਸ਼੍ਰੀ ਬਲਵੀਰ ਬਾਠ, ਸ਼੍ਰੀ ਰਿੰਕੂ ਗਰੋਵਰ, ਸ੍ਰ: ਸੁਖਵਿੰਦਰ ਸਿੰਘ ਅਟਾਰੀ, ਬਲੀ ਸਿੰਘ, ਸ਼੍ਰੀ ਅਜੈ ਜੋਸ਼ੀ, ਸ੍ਰ: ਦਲਜੀਤ ਸਿੰਘ ਦੁਲਚੀ ਕੇ, ਅੰਬ ਸਿੰਘ, ਰਿੰਕੂ ਗਰੋਵਰ ਸਮੇਤ ਇਲਾਵਾ ਨਿਵਾਸੀ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।