ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਪੱਧਰੀ ਗੁਆਂਢ ਯੁਵਾ ਸਾਂਸਦ ਦਾ ਆਯੋਜਨ ਕੀਤਾ
ਫ਼ਿਰੋਜ਼ਪੁਰ 17 ਮਾਰਚ 2018 ( ) ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਦੇਵ ਰਾਜ ਗਰੁੱਪਸ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਗੁਆਂਢ ਯੁਵਾ ਸਾਂਸਦ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਸ.ਬਲਜਿੰਦਰ ਸਿੰਘ ਮਾਨ ਪੀ.ਸੀ.ਐੱਸ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਿਰੋਜ਼ਪੁਰ ਅਤੇ ਸ.ਰਣਜੀਤ ਸਿੰਘ ਫ਼ਿਰੋਜ਼ਪੁਰ ਪੀ.ਸੀ.ਐੱਸ ਸਹਾਇਕ ਕਮਿਸ਼ਨਰ ਫ਼ਿਰੋਜ਼ਪੁਰ ਸ਼ਾਮਿਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਅਤੇ ਸ਼੍ਰੀ ਦਿਨੇਸ਼ ਗੁਪਤਾ ਚੇਅਰਮੈਨ ਦੇਵ ਰਾਜ ਗਰੁੱਪਸ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਨੇ ਸਾਂਝੇ ਤੌਰ ਤੇ ਕੀਤੀ।
ਪ੍ਰੋਗਰਾਮ ਦੌਰਾਨ ਡਾ.ਜੀ.ਐੱਸ ਢਿੱਲੋਂ ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਫ਼ਿਰੋਜ਼ਪੁਰ, ਸ਼੍ਰੀ ਰਜਿੰਦਰ ਕਟਾਰੀਆ ਡਿਪਟੀ ਡਾਇਰੈਕਟਰ ਮੱਛੀ ਪਾਲਨ ਵਿਭਾਗ ਫ਼ਿਰੋਜ਼ਪੁਰ, ਸ਼੍ਰੀ ਇੰਦਰਪਾਲ ਸਿੰਘ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸ਼੍ਰੀ ਵੀ.ਕੇ ਗੁਪਤਾ ਕਾਂਉਸਲਰ ਤੋਂ ਇਲਾਵਾ ਐਡਵੋਕੇਟ ਸ਼੍ਰੀ ਅਜੇ ਕੁਮਾਰ ਅਤੇ ਸ਼੍ਰੀ ਪੰਕਜ ਮੈਂਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਵਿਸ਼ੇਸ਼ ਬੁਲਾਰੇ ਅਤੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਿਲ ਹੋਏ ਅਤੇ ਇਹਨਾਂ ਤੋਂ ਇਲਾਵਾ ਵੱਖ-ਵੱਖ ਕਲੱਬਾਂ ਦੇ ਨੁਮਾਇੰਦਿਆਂ ਅਤੇ ਦੇਵ ਰਾਜ ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਅਤੇ ਇਸ ਉਪਰੰਤ ਸ.ਗੁਰਦੇਵ ਸਿੰਘ ਲੇਖਾਕਾਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ.ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਕਰਵਾਉਣ ਦਾ ਆਦੇਸ਼ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਜਾਣੂ ਕਰਵਾਉਣਾ ਅਤੇ ਇਨ੍ਹਾਂ ਤੋਂ ਦੁਰ ਰਹਿਣ ਲਈ ਪ੍ਰੇਰਿਤ ਕਰਨਾ ਹੈ, ਇਸ ਤੋਂ ਇਲਾਵਾ ਸਂਕਲਪ ਤੋਂ ਸਿੱਧੀ ਪ੍ਰੋਗਰਾਮ ਦੇ ਤਹਿਤ ਸਨ 2022 ਤੱਕ ਭਾਰਤ ਨੂੰ ਗਰੀਬੀ, ਭ੍ਰਿਸ਼ਟਾਚਾਰ, ਆਤੰਕਵਾਦ, ਜਾਤੀਵਾਦ ਅਤੇ ਸੰਪਰਦਾਇਕ ਵਾਦ ਤੋਂ ਮੁਕਤ ਕਰਨਾ।
ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਸ.ਰਣਜੀਤ ਸਿੰਘ ਸਹਾਇਕ ਕਮਿਸ਼ਨਰ ਫ਼ਿਰੋਜ਼ਪੁਰ ਨੇ ਕਿਹਾ ਕਿ ਪੰਜ ਸਾਲਾਂ ਯੋਜਨਾ ਦੇ ਤਹਿਤ ਸਂਕਲਪ ਤੋਂ ਸਿੱਧੀ ਯੋਜਨਾ ਜੋ ਕਿ 2017 ਤੋਂ ਸ਼ੁਰੂ ਕੀਤੀ ਗਈ ਹੈ ਅਤੇ 2022 ਤੱਕ ਸਮਾਪਤ ਕੀਤੀ ਜਾਵੇਗੀ ਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਤਹਿਤ ਭਾਰਤ ਨੂੰ ਗਰੀਬੀ, ਭ੍ਰਿਸ਼ਟਾਚਾਰ, ਆਤੰਕਵਾਦ, ਜਾਤੀਵਾਦ ਅਤੇ ਸੰਪਰਦਾਇਕ ਵਾਦ ਤੋਂ ਮੁਕਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਨਸ਼ੇ ਵਿਰੁੱਧ ਲੜਨ ਲਈ ਕੀਤੇ ਜਾ ਰਹੇ ਯਤਨਾਂ ਵਿਚ ਵੱਧ ਤੋਂ ਵੱਧ ਯੋਗਦਾਨ ਦੇਣ ਦੀ ਅਪੀਲ ਕੀਤੀ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ.ਬਲਜਿੰਦਰ ਸਿੰਘ ਮਾਨ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਿਰੋਜ਼ਪੁਰ ਨੇ ਕਿਹਾ ਸਾਡਾ ਪੂਰਾ ਜੀਵਨ ਹਿੰਦੁਸਤਾਨ ਦੇ ਸੰਵਿਧਾਨ ਅਨੁਸਾਰ ਚੱਲਦਾ ਹੈ ਉਨ੍ਹਾਂ ਕਿਹਾ ਜਿੱਥੇ ਸਾਨੂੰ ਸੰਵਿਧਾਨ ਮੌਲਿਕ ਅਧਿਕਾਰ ਦੀਦਾ ਹੈ ਜਿਸ ਦੇ ਤਹਿਤ ਅਸੀਂ ਪੂਰਨ ਆਜ਼ਾਦੀ ਦਾ ਅਨੰਦ ਮਾਣਦੇ ਹਾਂ ਉੱਥੇ ਸਾਡੀਆਂ ਕੁੱਝ ਜ਼ਿੰਮੇਵਾਰੀਆਂ ਅਤੇ ਕਰਤੱਵ ਵੀ ਸੌਂਪੇ ਗਏ ਹਨ, ਸਾਨੂੰ ਉਨ੍ਹਾਂ ਦਾ ਵੀ ਪਾਲਨ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਸੰਬੰਧੀ ਵੱਖ-ਵੱਖ ਉਦਾਹਰਨਾਂ ਵੀ ਦਿੱਤੀਆਂ, ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਸਾਡੇ ਜੀਵਨ ਨੂੰ ਬਹੁਤ ਹੀ ਸੁਖਾਵਾਂ ਬਣਾਇਆ ਹੈ, ਉਨ੍ਹਾਂ ਨੌਜਵਾਨਾ ਨੂੰ ਮੋਬਾਈਲ ਇੰਟਰਨੈੱਟ ਫੇਸਬੁੱਕ ਟਵਿੱਟਰ ਆਦਿ ਦਾ ਸਹੀ ਇਸਤੇਮਾਲ ਕਰਨ ਸੰਬੰਧੀ ਪ੍ਰੇਰਿਤ ਕਿਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਗ਼ਲਤ ਸੂਚਨਾਵਾਂ ਤੋਂ ਬਚਣਾ ਚਾਹੀਦਾ ਹੈ ਅਤੇ ਹਰ ਚੀਜ਼ ਦੇ ਦੋ ਪੱਖ ਹੁੰਦੇ ਹਨ ਸਾਨੂੰ ਸਹੀ ਪੱਖ ਦਾ ਹੀ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਹਿਰੂ ਯੁਵਾ ਕੇਂਦਰ ਦੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀ ਜਾਣ ਵਾਲੀ ਮੁਫ਼ਤ ਕਾਨੂੰਨੀ ਸੇਵਾ ਬਾਰੇ ਵੀ ਵਿਸਤਾਰ ਨਾਲ ਚਰਚਾ ਕੀਤੀ।
ਪ੍ਰੋਗਰਾਮ ਦੌਰਾਨ ਡਾ. ਜੀ.ਐੱਸ ਢਿੱਲੋਂ, ਸ.ਇੰਦਰਪਾਲ ਸਿੰਘ, ਸ਼੍ਰੀ ਰਜਿੰਦਰ ਕਟਾਰੀਆ ਅਤੇ ਸ਼੍ਰੀ ਵੀ.ਕੇ ਗੁਪਤਾ ਨੇ ਸਮੁੱਚੇ ਤੋਰ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਸਿਹਤ ਸੰਭਾਲ, ਬੈਂਕ ਦਿਆਂ ਸਕੀਮਾਂ, ਸਵੱਛ ਭਾਰਤ, ਸਵੈ ਰੋਜ਼ਗਾਰ ਅਤੇ ਖੇਤੀ ਸਬੰਧਿਤ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ।
ਅੰਤ ਵਿਚ ਨਹਿਰੂ ਯੁਵਾ ਕੇਂਦਰ ਵੱਲੋਂ ਮੁੱਖ ਮਹਿਮਾਨਾਂ ਅਤੇ ਮੁੱਖ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ, ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਗਗਨਦੀਪ ਸਿੰਘ ਰਾਸ਼ਟਰੀ ਯੁਵਾ ਵਲੰਟੀਅਰ ਅਤੇ ਕਾਲਜ ਦੇ ਸਮੁੱਚੇ ਸਟਾਫ਼ ਦਾ ਸੰਪੂਰਨ ਸਹਿਯੋਗ ਰਿਹਾ।