ਕੌਮੀ ਪ੍ਰਤਿਭਾ ਖ਼ੋਜ ਪ੍ਰੀਖਿਆ- ਭਵਿੱਖ ਲਈ ਲਾਹੇਵੰਦ – ਵਿਜੈ ਗਰਗ
ਐੱਨਟੀਐਸਈ ਦੀ ਸ਼ੁਰੂਆਤ 1963 ਵਿੱਚ ਹੋਈ ਸੀ। ਇਸ ਯੋਜਨਾ ਤਹਿਤ ਹਰ ਸਾਲ ਇੱਕ ਹਜ਼ਾਰ ਵਜ਼ੀਫੇ ਦਿੱਤੇ ਜਾਂਦੇ ਹਨ। ਪਹਿਲਾਂ ਇਹ ਰਾਸ਼ੀ 6000 ਰੁਪਏ ਸਲਾਨਾ (500 ਰੁਪਏ ਪ੍ਰਤੀ ਮਹੀਨਾ) ਦਿੱਤੀ ਜਾਂਦੀ ਸੀ, ਪਰ ਹੁਣ 11ਵੀਂ ਅਤੇ 12ਵੀਂ ਲਈ 15,000 ਰੁਪਏ ਸਲਾਨਾ (1250 ਰੁਪਏ ਪ੍ਰਤੀ ਮਹੀਨਾ), ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਲਈ 24,000 ਰੁਪਏ ਸਲਾਨਾ (2000 ਰੁਪਏ ਪ੍ਰਤੀ ਮਹੀਨਾ) ਦਿੱਤੀ ਜਾਂਦੀ ਸੀ, ਜਦੋਂਕਿ ਕਿ ਪੀ.ਐੱਚ.ਡੀ ਲਈ ਇਹ ਰਾਸ਼ੀ ਯੂਜੀਸੀ ਦੇ ਨਿਯਮਾਂ ਅਨੁਸਾਰ ਤਹਿ ਕੀਤੀ ਜਾਂਦੀ ਸੀ। ਦੋ ਪੜਾਵਾਂ ਵਿੱਚ ਮੁਕੰਮਲ ਹੋਣ ਵਾਲੀ ਐੱਨਟੀਐੱਸਈ ਹਾਈ ਸਕੂਲ ਪੱਧਰ ਤੇ ਲਈ ਜਾਣ ਵਾਲੀਆਂ ਸਭ ਤੋਂ ਮੁਸ਼ਕਿਲ ਪ੍ਰੀਖਿਆਵਾਂ ਵਿੱਚੋਂ ਇੱਕ ਹੈ। ਦਸਵੀਂ ਦੇ 12 ਤੋਂ 14 ਲੱਖ ਵਿਦਿਆਰਥੀ ਪੜਾਅ ਇੱਕ ਵਿੱਚ ਹਿੱਸਾ ਲੈਂਦੇ ਹਨ। ਜਿਨ੍ਹਾਂ ਵਿੱਚੋਂ 4600 ਤੋਂ 5200 ਤੱਕ ਵਿਦਿਆਰਥੀ ਪੜਾਅ 2 ਲਈ ਚੁਣੇ ਜਾਂਦੇ ਹਨ। ਇਨ੍ਹਾਂ 5000 ਵਿੱਦਿਆਰਥੀਆਂ ਵਿੱਚੋਂ ਸਿਰਫ 1000 ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ, ਜੋ ਸਕੋਲਾਰਸ਼ਿਪ ਲਈ ਯੋਗ ਹੁੰਦੇ ਹਨ। ਪਹਿਲੀ ਸਟੇਜ ਦੀ ਪ੍ਰੀਖਿਆ ਹਰ ਇੱਕ ਰਾਜ ਅਤੇ ਯੂਟੀ (ਕੁੱਲ 36 ਖੇਤਰਾਂ) ਵਿੱਚ ਹੁੰਦੀ ਹੈ। ਸਟੇਜ 2 ਦੀ ਪ੍ਰੀਖਿਆ ਐੱਨਸੀਈਆਰਟੀ ਵੱਲੋਂ ਲਈ ਜਾਂਦੀ ਹੈ। ਐੱਸਸੀਈਆਰਟੀ ਪੰਜਾਬ ਵੱਲੋਂ ਰਾਜ ਪੱਧਰੀ ਕੌਮੀ ਯੋਗਤਾ ਖੋਜ ਪ੍ਰੀਖਿਆ (ਸਟੇਜ 1) 5 ਨਵੰਬਰ ਨੂੰ ਲਈ ਜਾ ਰਹੀ ਹੈ। ਜਿਸ ਵਿੱਚ ਦਸਵੀਂ ਵਿੱਚ ਪੜ੍ਹਦੇ 99 ਵਿੱਦਿਆਰਥੀਆਂ (ਐੱਨਸੀਈਆਰਟੀ , ਨਵੀਂ ਦਿੱਲੀ ਵੱਲੋਂ ਨਿਰਧਾਰਿਤ ਕੋਟਾ) ਦੀ ਚੋਣ ਕੀਤੀ ਜਾਣੀ ਹੈ। ਇਹ ਪ੍ਰੀਖਿਆ ਪੰਜਾਬ ਵਿੱਚ ਸਥਿਤ ਸਰਕਾਰੀ, ਕੇਂਦਰੀ ਵਿਦਿਆਲੇ ਜਾਂ ਕਿਸੇ ਤਰਾਂ ਦੇ ਮਾਨਤਾ ਪ੍ਰਾਪਤ ਸਕੂਲਾਂ ਦਸਵੀਂ ਜਮਾਤ ਵਿੱਚ ਪੜ੍ਹਦੇ ਉਹ ਵਿਦਿਆਰਥੀ ਦੇ ਸਕਦੇ ਹਨ, ਜਿਨ੍ਹਾਂ ਨੇ ਨੌਵੀਂ ਵਿੱਚ ਘੱਟੋ-ਘੱਟ 70 ਫ਼ੀਸਦੀ (ਜਨਰਲ ਵਰਗ) ਅਤੇ 55 ਫ਼ੀਸਦੀ (ਰਾਖਵੀਆਂ ਸ਼੍ਰੇਣੀਆਂ) ਅੰਕ ਪ੍ਰਾਪਤ ਕੀਤੇ ਹੋਣ।
ਸਟੇਜ -1(ਰਾਜ ਪੱਧਰੀ): ਪ੍ਰੀਖਿਆ ਮਾਧਿਅਮ ਅੰਗਰੇਜ਼ੀ/ਪੰਜਾਬੀ ਹੋਵੇਗਾ। ਸਟੇਜ ਇੱਕ ਦੀ ਪ੍ਰੀਖਿਆ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ। ਐਡਮਿਟ ਕਾਰਡ 25 ਅਕਤੂਬਰ ਤੋਂ ਡਾਊਨਲੋਡ ਹੋ ਰਹੇ ਹਨ। ਇਸ ਪ੍ਰੀਖਿਆ ਲਈ ਕੋਈ ਦਾਖਲਾ ਫੀਸ ਨਹੀਂ ਹੈ। ਇਸ ਟੈਸਟ ਵਿੱਚ ਪਹਿਲਾ ਭਾਗ ਮੈਂਟਲ ਏਬਿਲਟੀ,ਦੂਜਾ ਸਕਾਲੈਸਟਿਕ ਐਪਟੀਚਿਊਡ ਤੇ ਤੀਜਾ ਲੈਂਗੂਏਜ ਕਾਂਪ੍ਰੀਹੈਨਸ਼ਨ ਟੈਸਟ ਦਾ ਹੋਵੇਗਾ। ਪਹਿਲੇ ਭਾਗ ਚ ਕੁੱਲ ਪ੍ਰਸ਼ਨ 50,ਦੂਜੇ 'ਚ 100 ਤੇ ਤੀਸਰੇ 'ਚ 50 ਹੋਣਗੇ। ਪਹਿਲੇ ਭਾਗ ਲਈ ਸਮਾਂ 45 ਮਿੰਟ, ਦੂਜੇ ਲਈ 90 ਮਿੰਟ ਤੇ ਤੀਸਰੇ ਲਈ 45 ਮਿੰਟ ਮਾਰਕਿੰਗ ਹੋਵੇਗਾ।
ਕੁੱਲ ਸਮਾਂ 3 ਘੰਟੇ ਹੈ ਤੇ ਇਹ ਟੈਸਟ 5 ਨਵੰਬਰ ਨੂੰ ਹੈ। ਇਸ ਟੈਸਟ ਵਿੱਚ ਬਹੁ-ਵਿਕਲਪੀ 1-1 ਨੰਬਰ ਦੇ 200 ਪ੍ਰਸ਼ਨ ਹੋਣਗੇ। ਭਾਗ 3 'ਚੋਂ ਸਿਰਫ ਪਾਸ ਹੋਣਾ ਜ਼ਰੂਰੀ ਹੈ।
ਸਟੇਜ 2(ਕੌਮੀ ਪੱਧਰ): ਕੌਮੀ ਪੱਧਰ ਤੇ ਐੱਨਸੀਈਆਰਟੀ ਵੱਲੋਂ ਕਰਵਾਲੀ ਜਾਂਦੀ ਇਸ ਪ੍ਰੀਖਿਆ ਲਈ ਸਟੇਜ ਇੱਕ ਵਿਚੋਂ ਸ਼ਾਰਟ ਲਿਸਟ ਹੋਏ ਵਿਦਿਆਰਥੀ ਹੀ ਯੋਗ ਹਨ। ਸਟੇਜ ਇੱਕ ਵਾਂਗ ਸਟੇਜ 2 ਵਿੱਚ ਵੀ ਕੁੱਲ 200 ਪ੍ਰਸ਼ਨ ਹੋਣਗੇ। ਪਰ ਇੱਕ ਤਿਹਾਈ ਨੰਬਰ ਦੀ ਨੈਗੇਟਿਵ ਹੋਵੇਗੀ ਤੇ ਕੁੱਲ 180ਮਿੰਟ ਦਾ ਸਮਾਂ ਮਿਲੇਗਾ। ਇਹ ਟੈਸਟ 13 ਮਈ,2018 ਨੂੰ ਲਿਆ ਜਾਵੇਗਾ। ਇਸ ਟੈਸਟ ਵਿੱਚ ਮਲਟੀਪਲ ਚੂਆਇਸ ਵਾਲੇ 1-1 ਨੰਬਰ ਦੇ 200 ਪ੍ਰਸ਼ਨ ਹੋਣਗੇ। ਸਟੇਜ 2 ਪਾਸ ਕਰਨ ਲਈ ਜਨਰਲ ਵਰਗ ਦੇ ਵਿੱਦਿਆਰਥੀਆਂ ਲਈ 40 ਫ਼ੀਸਦੀ ਅੰਕ , ਜਦੋਂਕਿ ਰਾਖਵੀਆਂ ਸ਼੍ਰੇਣੀਆਂ ਲਈ 32 ਫ਼ੀਸਦੀ ਅੰਕ ਰੱਖੇ ਹਨ। ਜਿਹੜੇ ਵਿਦਿਆਰਥੀ ਦੋਵੇਂ ਸਟੇਜਾਂ ਪਾਸ ਕਰ ਲੈਂਦੇ ਹਨ, ਉਹ ਐੱਨਟੀਐੱਸ ਸਕਾਲਰ ਕਹਾਉਂਦੇ ਹਨ। ਅਜਿਹੇ ਵਿੱਦਿਆਰਥੀਆਂ ਨੂੰ ਹਰ ਥਾਂ ਦਾਖਲਾ ਵੀ ਪਹਿਲ ਦੇ ਆਧਾਰ ਤੇ ਮਿਲਦਾ ਹੈ ਅਤੇ ਨੌਕਰੀਆਂ ਲਈ ਵੀ ਤਰਜੀਹ ਦਿੱਤੀ ਜਾਂਦੀ ਹੈ।