ਮਿਡ-ਡੇ-ਮੀਲ ਦਫਤਰੀ ਕਰਮਚਾਰੀ ਅਤੇ ਕੁੱਕ ਵਰਕਰ ਯੂਨੀਅਨ 13 ਫਰਵਰੀ ਤੋ ਚੰਡੀਗੜ ਵਿਚ ਕਰੇਗੀ ਭੁੱਖ ਹੜਤਾਲ
ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) : ਮਿਡ-ਡੇ-ਮੀਲ ਦਫਤਰੀ ਕਰਮਚਾਰੀ-ਕੁੱਕ ਵਰਕਰ ਯੂਨੀਅਨ ਸਰਕਾਰ ਅਤੇ ਅਫਸਰਸ਼ਾਹੀ ਦੇ ਟਾਲਾ ਵਟੂ ਰਵਾਈਏ ਤੋ ਤੰਗ ਆਏ ਮੁਲਾਜਮਾਂ ਨੇ ਮੁਲਤਵੀ ਕੀਤੇ ਸੰਘਰਸ਼ ਨੂੰ ਫਿਰ ਤੋ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇਸ ਮੋਕੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾ ਜੋਗੀਪੁਰ ਅਤੇ ਜਿਲਾ ਪ੍ਰਧਾਨ ਨੇ ਜਾਰੀ ਕੀਤੇ ਪ੍ਰੈਸ ਬਿਆਨ ਵਿਚ ਦੱਸਿਆ ਕਿ ਦਸੰਬਰ 2016 ਵਿਚ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਅਕਾਲੀ ਭਾਜਪਾ ਸਰਕਾਰ ਨੇ ਵਿਧਾਨ ਸਭਾ ਵਿਚ ਐਕਟ ਪਾਸ ਕੀਤਾ ਸੀ ਜੋ ਕਿ ਮਹਿਜ ਸਾਦਾ ਕਾਗਜ ਬਣ ਕਿ ਰਹਿ ਗਿਆ ਹੈ। ਇਸ ਐਕਟ ਮੁਤਾਬਕ ਮੁਲਾਜਮਾਂ ਨੂੰ ਪੱਕੇ ਕਰਨ ਤੇ ਕੋਈ ਵੀ ਵਿਤੀ ਬੋਝ ਨਹੀ ਪੈਂਦਾ ਪਰ ਫਿਰ ਵੀ ਸਰਕਾਰ/ਅਫਸਰਸ਼ਾਹੀ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਪਤਾ ਨਹੀ ਕਿਸ ਗੱਲ ਤੋ ਟਾਲਾ ਵੱਟ ਰਹੀ ਹੈ। ਪ੍ਰੈਸ ਸਕੱਤਰ ਰਾਜੇਸ ਵਾਟਸ ਨੇ ਕਿਹਾ ਕਿ ਸਰਕਾਰ ਅਤੇ ਅਫਸਰਸ਼ਾਹੀ ਦੇ ਮਾੜੇ ਰਵਈਏ, ਮਿਡ ਡੇ ਮੀਲ ਦਫਤਰੀ ਮੁਲਾਜਮਾਂ ਅਤੇ ਕੁੱਕ ਵਰਕਰਾਂ ਨਾਲ ਕੀਤੇ ਜਾ ਰਹੇ ਧੱਕੇ, ਐਕਟ ਜਾਰੀ ਹੋਣ ਦੇ ਬਾਵਜੂਦ ਰੈਗੂਲਰ ਆਰਡਰ ਜਾਰੀ ਨਾ ਕਰਨ, ਕੁੱਕਾਂ ਦੀ ਤਨਖਾਹਾਂ ਵਿਚ ਮਹਿਜ 500 ਰੁਪਏ ਦਾ ਨਾ ਮਾਤਰ ਵਾਧਾ ਕਰਕੇ ਉਸਨੂੰ ਵੀ ਲਾਗੂ ਨਾ ਕਰਨ ਕਰਕੇ ਭੁੱਖ ਹੜਤਾਲ ਵਰਗਾ ਕਦਮ ਚੁੱਕਣ ਲਈ ਮਜਬੂਰ ਹਨ। ਬੀਤੇ ਦਿਨ ਮੁਲਾਜਮਾਂ ਵੱਲੋਂ ਠੇਕਾ ਮੁਲਾਜਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਪਹਿਲੀ ਫਰਵਰੀ ਤੋਂ ਭੁੱਖ ਹੜਤਾਲ/ਮਰਨ ਵਰਤ ਦਾ ਐਲਾਨ ਕੀਤਾ ਸੀ ਪਰ ਪ੍ਰਸੋਨਲ ਵਿਭਾਗ ਵਲੋਂ ਮੁਲਾਜਮਾਂ ਦੀਆ ਮੰਗਾਂ ਤੇ ਕਾਰਵਾਈ ਕਰਨ ਕਰਕੇ ਇਸਨੂੰ ਮੁਲਤਵੀ ਕਰ ਦਿਤਾ ਸੀ । ਪਰ ਸਮੂਹ ਵਿਭਾਗਾਂ ਨੂੰ ਪੱਤਰ ਜਾਰੀ ਹੋਣ ਦੇ 9 ਦਿਨ ਬੀਤ ਜਾਣ ਤੇ ਵੀ ਕਿਸੇ ਵਿਭਾਗ ਦੇ ਅਧਿਕਾਰੀਆਂ ਨੇ ਮੁਲਾਜਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀ ਦਿੱਤਾ। ਜਿਸ ਕਰਕੇ ਮੁਲਾਜਮਾਂ ਨੂੰ ਮਜਬੂਰਨ ਇਹ ਕਦਮ ਦੁਬਾਰਾ ਚੁਕਣਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਸੀ ਸਰਕਾਰ ਨਾਲ ਗੱਲਬਾਤ ਰਾਹੀ ਹੱਲ ਕੱਢਣਾ ਚਾਹੁੰਦੇ ਹਾਂ ਪਰਸਰਕਾਰ/ਅਫਸਰਸ਼ਾਹੀ ਮੁਲਾਜਮਾਂ ਨੂੰ ਅੰਦੋਲਨ ਕਰਨ ਲਈ ਮਜਬੂਰ ਕਰ ਰਹੀ ਹੈ।13 ਫਰਵਰੀ ਨੂੰ ਚੰਡੀਗੜ ਦੇ ਸੈਕਟਰ 17 ਵਿਖੇ ਠੇਕਾ ਮੁਲਾਜਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਕੀਤੇ ਜਾ ਰਹੇ ਸੰਘਰਸ਼ ਵਿਚ ਮਿਡ-ਡੇ-ਮੀਲ ਦਫਤਰੀ ਕਰਮਚਾਰੀ ਅਤੇ ਕੁੱਕ ਵਰਕਰ ਭਰਵੀ ਸ਼ਮੂਲਿਅਤ ਕਰਨਗੇ।