
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ
ਬਹਾਦਰੀ, ਸਮਰਪਣ, ਅਨੁਸ਼ਾਸਨ ਅਤੇ ਫਰਜ਼ ਪ੍ਰਤੀ ਵਫਾਦਾਰੀ ਦੀ ਅਨੋਖੀ ਮਿਸਾਲ ਹੈ ਸਾਰਾਗੜ੍ਹੀ ਦੀ ਜੰਗ - ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ
ਬਹਾਦਰੀ, ਸਮਰਪਣ, ਅਨੁਸ਼ਾਸਨ ਅਤੇ ਫਰਜ਼ ਪ੍ਰਤੀ ਵਫਾਦਾਰੀ ਦੀ ਅਨੋਖੀ ਮਿਸਾਲ ਹੈ ਸਾਰਾਗੜ੍ਹੀ ਦੀ ਜੰਗ – ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
ਕੈਬਨਿਟ ਮੰਤਰੀ ਵੱਲੋਂ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਕੀਤਾ ਸਨਮਾਨ
ਫ਼ਿਰੋਜ਼ਪੁਰ, 12 ਸਤੰਬਰ, 2026: ਸਾਰਾਗੜ੍ਹੀ ਦੀ ਜੰਗ ਬਲੀਦਾਨ ਦੀ ਅਜਿਹੀ ਲਾਮਿਸਾਲ ਕਹਾਣੀ ਹੈ ਜਿਸ ਦੀ ਮਿਸਾਲ ਪੂਰੀ ਦੁਨੀਆ ਵਿਚ ਨਹੀਂ ਮਿਲਦੀ। 12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕਰਦਿਆਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸੂਰਬੀਰ ਸੈਨਿਕਾਂ ਨੇ 10 ਹਜ਼ਾਰ ਅਫ਼ਗਾਨਾਂ ਦਾ ਪੂਰੀ ਸੂਰਬੀਰਤਾ ਨਾਲ ਮੁਕਾਬਲਾ ਕਰਦਿਆਂ ਸ਼ਹੀਦੀ ਜਾਮ ਪੀਤਾ ਅਤੇ ਇਤਿਹਾਸ ਵਿਚ ਸੂਰਬੀਰਤਾ, ਅਣਖ ਅਤੇ ਕੁਰਬਾਨੀ ਦੇ ਨਵੇਂ ਅਧਿਆਏ ਦੀ ਸਿਰਜਣਾ ਕੀਤੀ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗੀ। ਇਹ ਪ੍ਰਗਟਾਵਾ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਸਾਰਾਗੜ੍ਹੀ ਦਿਵਸ ਮੌਕੇ ਗੁਰਦੁਆਰਾ ਸਾਰਾਗੜ੍ਹੀ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਸਾਰਾਗੜ੍ਹੀ ਜੰਗ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕੀਤਾ।
ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਵਿਧਾਇਕ ਜ਼ੀਰਾ ਸ਼੍ਰੀ ਨਰੇਸ਼ ਕਟਾਰੀਆ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਅੱਜ ਇੱਥੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਰਾਜ ਦੇ ਵਸਨੀਕਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਣਮੱਤੇ, ਇਤਿਹਾਸਕ ਤੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿੱਚ ਅਜਿਹੀ ਬਹਾਦਰੀ ਤੇ ਸੂਰਬੀਰਤਾ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਇਨ੍ਹਾਂ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਫ਼ਿਰੋਜ਼ਪੁਰ ਵਿਖੇ ਵਿਸ਼ਵ ਦੀ ਪਹਿਲੀ ਜੰਗੀ ਯਾਦਗਾਰ, ਸਾਰਾਗੜ੍ਹੀ ਜੰਗ ਦੀ ਯਾਦ ਵਿੱਚ ਬਣਾਈ ਗਈ ਹੈ ਕਿਉਂਕਿ ਇਸ ਜੰਗ ਵਿਚ ਸ਼ਹੀਦ ਹੋਣ ਵਾਲੇ ਸੈਨਿਕਾਂ ਵਿਚੋਂ ਜ਼ਿਆਦਾਤਰ ਫਿਰੋਜ਼ਪੁਰ ਨਾਲ ਸੰਬੰਧਿਤ ਸਨ। ਇਹ ਸਾਰਾਗੜ੍ਹੀ ਵਾਰ ਮੈਮੋਰੀਅਲ ਉਨ੍ਹਾਂ ਸਿੱਖ ਸੂਰਬੀਰਾਂ ਦੀ ਅਣਖ, ਸਨਮਾਨ ਅਤੇ ਕੁਰਬਾਨੀ ਨੂੰ ਸਮਰਪਿਤ ਹੈ ਜੋ ਅਫ਼ਗਾਨੀਸਤਾਨ ਦੇ ਵਜੀਰਸਤਾਨ ਵਿਖੇ ਸਾਰਾਗੜ੍ਹੀ ਦੇ ਕਿਲ੍ਹੇ ਦੇ ਬਚਾਅ ਲਈ ਦਸ ਹਜ਼ਾਰ ਅਫਗਾਨੀ ਕਬਾਈਲੀਆਂ ਨਾਲ 36 ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਫੌਜਾਂ ਦੇ ਹੋਏ ਮੁਕਾਬਲੇ ਵਿਚ ਸ਼ਹੀਦ ਹੋਏ ਸਨ। ਸਿੱਖ ਰੈਜੀਮੈਂਟ ਦੇ ਇਨ੍ਹਾਂ ਬਹਾਦਰ ਯੋਧਿਆਂ ਨੇ ਗੋਲਾ ਬਾਰੂਦ ਮੁੱਕਣ ਦੇ ਬਾਵਜੂਦ ਵੀ ਲੰਮਾ ਸਮਾਂ ਦੁਸ਼ਮਣਾ ਨਾਲ ਲੋਹਾ ਲਿਆ ਅਤੇ ਸ਼ਹੀਦੀ ਜਾਮ ਪੀਤਾ। ਇਨ੍ਹਾਂ ਬਹਾਦਰ ਸਿਪਾਹੀਆਂ ਨੇ ਦਸਮ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਵਾਕ “ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ” ਨੂੰ ਸੱਚ ਕਰ ਕੇ ਵਿਖਾਇਆ। ਉਨ੍ਹਾਂ ਕਿਹਾ ਕਿ ਯੂਨੇਸਕੋ (ਯੂਨਾਇਟਿਡ ਨੇਸ਼ਨਜ਼ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਇਜੇਸ਼ਨ) ਦੇ ਅਨੁਸਾਰ ਇਹ ਜੰਗ ਵਿਸ਼ਵ ਦੀਆਂ ਅੱਠ ਮਹੱਤਵਪੂਰਨ ਜੰਗਾਂ ਵਿੱਚੋਂ ਇੱਕ ਹੈ ਜਿਸ ਵਿੱਚ ਸ਼ਹੀਦ ਹੋਏ ਸਿਪਾਹੀਆਂ ਨੂੰ ‘‘ਇੰਡੀਅਨ ਆਰਡਰ ਆਫ ਮੈਰਿਟ’’ (ਸਰਵਉੱਚ ਤਗਮਾ) ਨਾਲ ਸਨਮਾਨਿਤ ਕੀਤਾ ਗਿਆ ਸੀ। ਨੌਜਵਾਨ ਪੀੜੀ ਨੂੰ ਸਾਰਾਗੜੀ ਦੇ ਸ਼ਹੀਦਾਂ ਤੋਂ ਦੇਸ਼ ਪ੍ਰਤੀ ਸਮਰਪਣ, ਅਨੁਸ਼ਾਸਨ, ਹਿੰਮਤ ਅਤੇ ਆਪਣੇ ਫਰਜ਼ ਪ੍ਰਤੀ ਵਫਾਦਾਰੀ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਮੁੱਖ ਮਹਿਮਾਨ ਅਤੇ ਸਮਾਗਮ ਵਿੱਚ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ, ਐਸ.ਡੀ.ਐਮ. ਫ਼ਿਰੋਜ਼ਪੁਰ ਅਭਿਸ਼ੇਕ ਸ਼ਰਮਾ, ਹਿਮਾਂਸ਼ੂ ਆਈ.ਏ.ਐਸ. (ਯੂ.ਟੀ.), ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਹਰਜਿੰਦਰ ਸਿੰਘ ਘਾਂਗਾ ਚੈਅਰਮੈਨ ਪੰਜਾਬ ਬੀ.ਸੀ. ਕਮਿਸ਼ਨ ਡਾ. ਮਲਕੀਤ ਸਿੰਘ ਥਿੰਦ, ਡਾ. ਅਮਨਦੀਪ ਕੌਰ ਗੋਸਲ ਭੁੱਲਰ ਹਲਕਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਭੁਪਿੰਦਰ ਕੌਰ ਸੀਨੀਅਰ ਵਾਇਸ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਸਮੇਤ ਭਾਰਤੀ ਸੈਨਾਂ ਦੇ ਅਧਿਕਾਰੀ ਜੀ.ਓ.ਸੀ. ਮੇਜਰ ਜਨਰਲ ਰਣਜੀਤ ਸਿੰਘ ਮਨਰਾਲ, ਡਿਪਟੀ ਜੀ.ਓ.ਸੀ. ਬ੍ਰਿਗੇਡੀਅਰ ਵਾਈ.ਐਸ. ਸਜਵਾਨ ਸਮੇਤ ਹੋਰਨਾਂ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਿਲ ਲੋਕਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।




