Ferozepur News

ਪੰਜਾਬ ਦੇ ਸਕੂਲਾਂ ’ਚ ਸਫਾਈ ਦੇ ਨਾਂ ’ਤੇ ਅਧਿਆਪਕਾਂ ’ਤੇ ਦਬਾਅ 

ਆਪਣੀ ਜੇਬ ’ਚੋਂ ਪੈਸੇ ਖਰਚ ਕੇ ਸਕੂਲ ਸੁੰਦਰ ਬਣਾਉਣ ਦੇ ਫੁਰਮਾਨਾਂ ਤੋਂ ਅਧਿਆਪਕਾਂ ’ਚ ਰੋਸ

ਪੰਜਾਬ ਦੇ ਸਕੂਲਾਂ ’ਚ ਸਫਾਈ ਦੇ ਨਾਂ ’ਤੇ ਅਧਿਆਪਕਾਂ ’ਤੇ ਦਬਾਅ 
ਪੰਜਾਬ ਦੇ ਸਕੂਲਾਂ ’ਚ ਸਫਾਈ ਦੇ ਨਾਂ ’ਤੇ ਅਧਿਆਪਕਾਂ ’ਤੇ ਦਬਾਅ
ਆਪਣੀ ਜੇਬ ’ਚੋਂ ਪੈਸੇ ਖਰਚ ਕੇ ਸਕੂਲ ਸੁੰਦਰ ਬਣਾਉਣ ਦੇ ਫੁਰਮਾਨਾਂ ਤੋਂ ਅਧਿਆਪਕਾਂ ’ਚ ਰੋਸ
ਚਾਰ ਮਹੀਨਿਆਂ ਤੋਂ ਮਿਡ-ਡੇ-ਮੀਲ ਫੰਡਾਂ ਦੀ ਉਡੀਕ, ਹੁਣ ਸਫਾਈ ਲਈ ਵੀ ਅਧਿਆਪਕਾਂ ’ਤੇ ਦਬਾਅ
ਫ਼ਿਰੋਜ਼ਪੁਰ, 3 ਸਤੰਬਰ, 2026: ਪੰਜਾਬ ਸਰਕਾਰ  ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 1 ਸਤੰਬਰ ਤੋਂ 15 ਸਤੰਬਰ ਤੱਕ ਸਵੱਛਤਾ ਪਖਵਾੜਾ ਮਨਾਉਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇੱਕ ਪਾਸੇ ਵਿਭਾਗ ਵੱਲੋਂ ਸਵੱਛਤਾ ਪਖਵਾੜੇ ਨੂੰ ਸਫਲ ਬਣਾਉਣ ਲਈ ਅਧਿਆਪਕਾਂ ਨੂੰ ਵੱਖ-ਵੱਖ ਗਤੀਵਿਧੀਆਂ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਅਧਿਆਪਕਾਂ ਦਾ ਦੋਸ਼ ਹੈ ਕਿ ਸਕੂਲਾਂ ਦੀ ਸਫਾਈ ਅਤੇ ਰੱਖ-ਰਖਾਅ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦੀ ਬਜਾਏ ਉਨ੍ਹਾਂ ’ਤੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂ ਪਰਮਜੀਤ ਸਿੰਘ ਪੰਮਾ, ਮਲਕੀਤ ਸਿੰਘ ਹਰਾਜ, ਜਗਸੀਰ ਸਿੰਘ ਗਿੱਲ, ਹਰਜੀਤ ਸਿੰਘ ਸਿੱਧੂ, ਹਰਦੀਪ ਸਿੰਘ ਤੂਰ, ਸੁਖਜਿੰਦਰ ਸਿੰਘ ਖਾਨਪੁਰ, ਲਖਵਿੰਦਰ ਸਿੰਘ ਸਿਮਕ, ਸ਼ਲਿੰਦਰ ਕੰਬੋਜ, ਬਲਰਾਮ ਸ਼ਰਮਾ, ਸਰਬਜੀਤ ਸਿੰਘ ਭਾਵੜਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਫਾਈ, ਰੱਖ-ਰਖਾਅ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਇਸ ਦੇ ਬਾਵਜੂਦ ਅਧਿਆਪਕਾਂ ਨੂੰ ਸਕੂਲਾਂ ਨੂੰ ਸਾਫ਼-ਸੁਥਰਾ ਅਤੇ ਸੁੰਦਰ ਦਿਖਾਉਣ ਲਈ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਨ, ਸਫਾਈ ਕਰਵਾਉਣ ਅਤੇ ਉਸ ਦੀਆਂ ਤਸਵੀਰਾਂ ਵਿਭਾਗੀ ਪੱਧਰ ’ਤੇ ਭੇਜਣ ਲਈ ਕਥਿਤ ਤੌਰ ’ਤੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਸਰਕਾਰ ਕੋਲ ਸਕੂਲਾਂ ਦੀ ਸਫਾਈ ਅਤੇ ਰੱਖ-ਰਖਾਅ ਲਈ ਲੋੜੀਂਦਾ ਬਜਟ ਨਹੀਂ ਹੈ ਤਾਂ ਅਧਿਆਪਕਾਂ ਤੋਂ ਆਪਣੀ ਤਨਖਾਹ ਵਿੱਚੋਂ ਖਰਚਾ ਕਰਵਾਉਣ ਦੀ ਪ੍ਰਥਾ ਕਿਉਂ ਅਪਣਾਈ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਵੱਖ-ਵੱਖ ਗੈਰ-ਵਿਦਿਅਕ ਕੰਮਾਂ ਦੇ ਵਾਧੂ ਬੋਝ ਹੇਠ ਕੰਮ ਕਰ ਰਹੇ ਹਨ ਅਤੇ ਹੁਣ ਸਕੂਲਾਂ ਦੀ ਸਫਾਈ, ਸਜਾਵਟ ਅਤੇ ਸੁੰਦਰਤਾ ਲਈ ਵੀ ਉਨ੍ਹਾਂ ’ਤੇ ਵਾਧੂ ਜ਼ਿੰਮੇਵਾਰੀਆਂ ਪਾਈਆਂ ਜਾ ਰਹੀਆਂ ਹਨ। ਅਧਿਆਪਕਾਂ ਦਾ ਮੁੱਖ ਕੰਮ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣਾ ਹੈ, ਨਾ ਕਿ ਆਪਣੀ ਤਨਖਾਹ ਵਿੱਚੋਂ ਸਕੂਲ ਦੀ ਸਫਾਈ ਜਾਂ ਸੁੰਦਰਤਾ ਲਈ ਪੈਸਾ ਖਰਚ ਕਰਨਾ। ਅਧਿਆਪਕ ਆਗੂਆਂ ਨੇ ਦਾਅਵਾ ਕੀਤਾ ਕਿ ਪਿਛਲੇ ਲਗਭਗ ਚਾਰ ਮਹੀਨਿਆਂ ਤੋਂ ਮਿਡ-ਡੇ-ਮੀਲ ਨਾਲ ਸਬੰਧਤ ਖਰਚਿਆਂ ਲਈ ਵੀ ਕਈ ਸਕੂਲਾਂ ਵਿੱਚ ਅਧਿਆਪਕਾਂ ਨੂੰ ਆਪਣੇ ਪੱਲਿਓਂ ਪੈਸੇ ਖਰਚ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਮੌਜੂਦਾ ਸੈਸ਼ਨ ਦੌਰਾਨ ਮਿਡ-ਡੇ-ਮੀਲ ਲਈ ਲੋੜੀਂਦੇ ਫੰਡ ਸਮੇਂ ਸਿਰ ਜਾਰੀ ਨਾ ਹੋਣ ਕਾਰਨ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਸਵੱਛਤਾ ਪਖਵਾੜੇ ਅਤੇ ਸਕੂਲਾਂ ਦੀ ਸਫਾਈ ਤੇ ਰੱਖ-ਰਖਾਅ ਲਈ ਲੋੜੀਂਦੇ ਫੰਡ ਤੁਰੰਤ ਜਾਰੀ ਕੀਤੇ ਜਾਣ ਅਤੇ ਅਧਿਆਪਕਾਂ ਨੂੰ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਦਬਾਅ ਨਾ ਪਾਇਆ ਜਾਵੇ। ਇਸ ਦੇ ਨਾਲ ਹੀ ਮਿਡ-ਡੇ-ਮੀਲ ਦੇ ਬਕਾਇਆ ਫੰਡ ਤੁਰੰਤ ਜਾਰੀ ਕਰਕੇ ਸਕੂਲਾਂ ਨੂੰ ਦਰਪੇਸ਼ ਵਿੱਤੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਲਈ ਲੋੜੀਂਦੇ ਫੰਡ ਜਾਰੀ ਨਾ ਕੀਤੇ ਅਤੇ ਅਧਿਆਪਕਾਂ ’ਤੇ ਨਿੱਜੀ ਖਰਚੇ ਦਾ ਦਬਾਅ ਜਾਰੀ ਰੱਖਿਆ ਤਾਂ ਅਧਿਆਪਕ ਜਥੇਬੰਦੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button