
ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, 17 ਚੋਰੀਸ਼ੁਦਾ ਮੋਬਾਇਲ ਫੋਨ ਤੇ ਮੋਟਰਸਾਈਕਲ ਸਮੇਤ 2 ਕਾਬੂ

ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, 17 ਚੋਰੀਸ਼ੁਦਾ ਮੋਬਾਇਲ ਫੋਨ ਤੇ ਮੋਟਰਸਾਈਕਲ ਸਮੇਤ 2 ਕਾਬੂ
AI Gen Pic
ਫਿਰੋਜ਼ਪੁਰ: 29-8-2026: ਫਿਰੋਜ਼ਪੁਰ ਪੁਲਿਸ ਵੱਲੋਂ ਚੈਕਿੰਗ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 17 ਮੋਬਾਇਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਮੁਤਾਬਕ ਗੁਪਤ ਸੂਚਨਾ ਮਿਲੀ ਸੀ ਕਿ ਟਿੰਕੂ ਅਤੇ ਰਿੰਕੂ ਪੁੱਤਰ ਦਰਸ਼ਨ, ਜੋ ਗੁਰੂਹਰਸਹਾਏ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਹਾਊਸਿੰਗ ਬੋਰਡ ਇਲਾਕੇ ਵਿੱਚ ਰਹਿ ਰਹੇ ਹਨ, ਕਥਿਤ ਤੌਰ ’ਤੇ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਇਲਾਕੇ ਵਿੱਚ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਸੂਚਨਾ ਦੇ ਆਧਾਰ ’ਤੇ ਇਹ ਵੀ ਪਤਾ ਲੱਗਿਆ ਕਿ ਦੋਵੇਂ ਵਿਅਕਤੀ ਰੇਲਵੇ ਸਟੇਸ਼ਨ ਤੋਂ ਅੱਗੇ ਪੁਰਾਣੇ ਐਫਸੀਆਈ ਗੋਦਾਮ ਦੇ ਨੇੜੇ ਮੋਟਰਸਾਈਕਲ ਸਮੇਤ ਖੜ੍ਹੇ ਹਨ ਅਤੇ ਉਨ੍ਹਾਂ ਕੋਲ ਚੋਰੀ ਕੀਤੇ ਮੋਬਾਇਲ ਫੋਨ ਹੋ ਸਕਦੇ ਹਨ।
ਇਸ ਤੋਂ ਬਾਅਦ ਏਐਸਆਈ ਜਗਰੂਪ ਸਿੰਘ ਵੱਲੋਂ ਪੁਲਿਸ ਟੀਮ ਸਮੇਤ ਦੱਸੀ ਗਈ ਜਗ੍ਹਾ ’ਤੇ ਰੇਡ ਕੀਤੀ ਗਈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 17 ਮੋਬਾਇਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ।
ਦੋਵਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਵੱਲੋਂ ਬੀਐਨਐਸ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।




